ਪਟਿਆਲਾ 15 ਜੁਲਾਈ 2018, ਜੀ ਐੱਸ ਪੰਨੂ - ਕੌਮੀ ਲੋਕ ਅਦਾਲਤ ਦੌਰਾਨ ਗ਼ੈਰ ਰਾਜੀਨਾਮਾ ਯੋਗ ਫ਼ੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰਾਂ ਦੇ ਦੀਵਾਨੀ ਅਤੇ ਮਾਲ ਕੇਸ ਲਏ ਨਿਪਟਾਏ ਜਾਂਦੇ ਹਨ, ਕੌਮੀ ਲੋਕ ਅਦਾਲਤ ਪਟਿਆਲਾ ਜਿਲਾ ਵਿੱਚ ਜੁਡੀਸ਼ੀਅਲ ਅਦਾਲਤਾਂ ਦੇ 13 ਬੈਂਚਾਂ (ਪਟਿਆਲਾ ਵਿੱਚ 09, ਰਾਜਪੁਰਾ ਵਿੱਚ 02, ਸਮਾਣਾ ਅਤੇ ਨਾਭਾ ਵਿੱਚ 01-01 ਬੈਂਚ) ਦਾ ਗਠਨ ਕੀਤਾ ਗਿਆ। ਕੌਮੀ ਲੋਕ ਅਦਾਲਤ ਵਿਚ ਵਕੀਲ ਸਾਹਿਬਾਨ ਅਤੇ ਸਮਾਜ ਸੇਵਕ ਲੋਕ ਅਦਾਲਤਾਂ ਦੇ ਬੈਂਚਾਂ ਦੇ ਮੈਂਬਰ ਬਣੇ ਅਤੇ ਵੱਡੀ ਤਾਦਾਤ ਵਿੱਚ ਲੋਕਾਂ ਨੇ ਹਿੱਸਾ ਲਿਆ। ਸੋ ਪਟਿਆਲਾ ਕੌਮੀ ਲੋਕ ਅਦਾਲਤ ਵਿੱਚ 6815 ਕੇਸ ਸੁਣਵਾਈ ਲਈ ਰੱਖੇ ਗਏ ਜਿਨਾਂ ਵਿੱਚੋਂ 3410 ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ ਜਿਸ ਵਿੱਚ ਲੱਗਭਗ 27,76,42,879 ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਸੈਸ਼ਨ ਜੱਜ ਸ੍ਰੀ ਸੰਜੀਵ ਬੇਰੀ ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੇ ਸਕੱਤਰ ਸ਼੍ਰੀ ਆਸ਼ੀਸ਼ ਕੁਮਾਰ ਬਾਂਸਲ ਨੇ ਪਟਿਆਲਾ ਅਦਾਲਤ ਵਿੱਚ ਗਠਿਤ ਹਰੇਕ ਬੈਂਚ ਦਾ ਦੌਰਾ ਕੀਤਾ ਅਤੇ ਇਸ ਲੋਕ ਅਦਾਲਤ ਵਿੱਚ ਪਾਰਟੀਆਂ, ਲੋਕਾਂ ਨੂੰ ਰਾਜੀਨਾਮੇ ਦੇ ਨਾਲ ਝਗੜੇ ਦਾ ਸਮਾਧਾਨ ਕਰਨ ਲਈ ਪ੍ਰੇਰਤ ਕੀਤਾ।
ਸ੍ਰੀ ਬੇਰੀ ਨੇ ਦੱਸਿਆ ਕਿ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਝਗੜੇ ਦਾ ਫੈਸਲਾ ਅੰਤਿਮ ਹੁੰਦਾ ਹੈ ਅਤੇ ਇਸ ਫੈਸਲੇ ਵਿਰੁੱਧ ਕਿਸੇ ਵੀ ਅਦਾਲਤ ਵਿਚ ਅਪੀਲ ਦਾਇਰ ਨਹੀਂ ਹੁੰਦੀ, ਕਿਉਂਕਿ ਇਹ ਫੈਸਲਾ ਆਪਸੀ ਰਜਾਮੰਦੀ ਨਾਲ ਕਰਾਇਆ ਜਾਂਦਾ ਹੈ, ਇਸਲਈ ਧਿਰਾਂ ਵਿਚਕਾਰ ਆਪਸੀ ਭਾਈਚਾਰਾ ਬਣਿਆ ਰਹਿੰਦਾ ਹੈ ਅਤੇ ਦੋਵੇਂ ਧਿਰਾਂ ਦੀ ਜਿੱਤ ਹੁੰਦੀ ਹੈ।
ਇਸ ਮੌਕੇ ਸ੍ਰੀ ਅਸ਼ੀਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਹਰ ਮਹੀਨੇ ਦੇ ਕੰਮ ਵਾਲੇ ਅਖੀਰਲੇ ਸ਼ਨੀਵਾਰ ਨੂੰ ਸਾਰੀਆਂ ਜੂਡੀਸ਼ੀਅਲ ਕੋਰਟਾਂ ਵਿਖੇਂ ਮਾਸਿਕ ਲੋਕ-ਅਦਾਲਤ ਲਗਾਈ ਜਾਂਦੀ ਹੈ ਜਿਸ ਵਿੱਚ ਗੰਭੀਰ ਅਪਰਾਧਿਕ ਕੇਸਾਂ ਨੂੰ ਛੱਡ ਕੇ, ਹਰ ਤਰਾ ਦੇ ਕੇਸ ਲਗਾਏ ਜਾਂਦੇ ਹਨ ਜਿਆਦਾ ਜਾਣਕਾਰੀ ਲਈ, ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ website: www.pulsa.gov.in ਟੋਲ ਫਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ ।