ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ, ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਆਡੀਟੋਰੀਅਮ ਵਿਖੇ ਕਿਸਾਨਾਂ ਨੂੰ ਕਰਜਾ ਮੁਆਫੀ ਦੇ ਸਰਟੀਫਿਕੇਟ ਵੰਡਦੇ ਹੋਏ।
ਵਿਧਾਇਕ ਨੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ 504 ਕਿਸਾਨਾਂ ਨੂੰ 4 ਕਰੋੜ 89 ਲੱਖ ਰੁਪਏ ਦੇ ਕਰਜਾ ਮੁਆਫੀ ਸਰਟੀਫਿਕੇਟ ਵੰਡੇ
ਕਿਸਾਨ ਹਿਤੈਸ਼ੀ ਕਹਾਉਣ ਵਾਲੇ ਅਕਾਲੀਆਂ ਨੇ ਪਿਛਲੇ 10 ਸਾਲਾਂ 'ਚ ਨਹੀਂ ਬਣਾਈ ਖੇਤੀ ਨੀਤੀ
ਫ਼ਤਹਿਗੜ੍ਹ ਸਾਹਿਬ, 26 ਮਈ:( ਦੀਦਾਰ ਗੁਰਨਾ ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਸਾਨਾਂ ਨਾਲ ਕਰਜਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨ ਲਈ ਉਹ ਪੂਰੀ ਤਰ੍ਹਾਂ ਦ੍ਰਿੜ ਇਰਾਦਾ ਰੱਖਦੇ ਹਨ ਅਤੇ ਪੜਾਅਵਾਰ ਕਰਜਈ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਪੰਜਾਬ ਸਰਕਾਰ ਵੱਲੋਂ ਕਿਸਾਨੀ ਕਰਜੇ ਮੁਆਫ ਕਰਨ ਲਈ ਸ਼ੁਰੂ ਕੀਤੀ ਗਈ ਸਕੀਮ ਤਹਿਤ ਫ਼ਤਹਿਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਦੇ ਸਹਿਕਾਰੀ ਬੈਂਕਾਂ ਤੋਂ ਕਰਜਾ ਲੈਣ ਵਾਲੇ 504 ਢਾਈ ਏਕੜ ਜਮੀਨ ਦੇ ਮਾਲਕ ਛੋਟੇ ਕਿਸਾਨਾਂ ਨੂੰ 4 ਕਰੋੜ 89 ਲੱਖ ਰੁਪਏ ਦੇ ਕਰਜਾ ਮੁਆਫੀ ਦੇ ਸਰਟੀਫਿਕੇਟ ਵੰਡਣ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿੱਚੋਂ ਕੱਢਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਜ਼ਿਲ੍ਹੇ ਵਿੱਚ ਸਮਾਗਮ ਆਯੋਜਿਤ ਕਰਕੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਹਿਕਾਰੀ ਬੈਂਕਾਂ ਤੋਂ ਕਰਜਾ ਲੈਣ ਵਾਲੇ 7892 ਕਿਸਾਨਾਂ ਦਾ 51 ਕਰੋੜ 51 ਲੱਖ ਰੁਪਏ ਦਾ ਕਰਜਾ ਮੁਆਫ ਕਰਨ ਦੇ ਸਰਟੀਫਿਕੇਟ ਵੰਡੇ ਸਨ।
ਸ. ਨਾਗਰਾ ਨੇ ਦੱਸਿਆ ਕਿ ਪੰਜਾਬ ਵਿੱਚ ਢਾਈ ਏਕੜ ਤੋਂ ਘੱਟ ਰਕਬੇ ਵਾਲੇ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ 3 ਲੱਖ 40 ਹਜਾਰ ਕਿਸਾਨ ਹਨ ਜਿਨ੍ਹਾਂ ਦਾ 31 ਮਈ ਤੱਕ 1650 ਕਰੋੜ ਦਾ ਕਰਜਾ ਮੁਆਫ ਕਰ ਦਿੱਤਾ ਜਾਵੇਗਾ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 9202 ਕਿਸਾਨਾਂ ਦਾ 65 ਕਰੋੜ 25 ਲੱਖ ਰੁਪਏ ਦਾ ਕਰਜਾ ਮੁਆਫ ਕੀਤਾ ਗਿਆ ਹੈ। ਜਿਸ ਵਿੱਚੋਂ ਫ਼ਤਹਿਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਦੇ 3667 ਕਿਸਾਨਾਂ ਦਾ ਅੱਜ ਤੱਕ 24 ਕਰੋੜ 1 ਲੱਖ ਰੁਪਏ ਦਾ ਕਰਜਾ ਮੁਆਫ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਪੰਜ ਏਕੜ ਤੱਕ ਦੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ 1 ਜੂਨ ਤੋਂ ਸ਼ੁਰੂ ਹੋਣ ਵਾਲੇ ਅਗਲੇ ਪੜਾਅ ਵਿੱਚ ਮੁਆਫ ਕੀਤਾ ਜਾਵੇਗਾ।
ਵਿਧਾਇਕ ਨਾਗਰਾ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ 800 ਕਰੋੜ ਰੁਪਏ ਭੇਜੇ ਸਨ ਪ੍ਰੰਤੂ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸਿਰਫ 300 ਕਰੋੜ ਰੁਪਏ ਹੀ ਵੰਡੇ ਅਤੇ 500 ਕਰੋੜ ਰੁਪਏ ਖੁਰਦ ਬੁਰਦ ਕਰ ਦਿੱਤੇ ਗਏ। ਉਨ੍ਹਾਂ ਆਖਿਆ ਕਿ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਬਾਦਲ ਸਰਕਾਰ ਨੇ ਖੇਤੀਬਾੜੀ ਦੀ ਕੋਈ ਨੀਤੀ ਹੀ ਨਹੀਂ ਬਣਾਈ ਅਤੇ ਕਿਸਾਨਾਂ ਨੂੰ ਕਰਜ਼ੇ ਦੀ ਦਲਦਲ ਵਿੱਚ ਧਕੇਲ ਦਿੱਤਾ। ਕੇਂਦਰ ਵਿੱਚ ਅਕਾਲੀਆਂ ਦੀ ਭਾਈਵਾਲ ਭਾਜਪਾ ਸਰਕਾਰ ਹੋਣ ਦੇ ਬਾਵਜੂਦ ਅਕਾਲੀਆਂ ਨੇ ਕਿਸਾਨਾਂ ਦੇ ਕਰਜ਼ੇ ਦੀ ਮੁਆਫੀ ਲਈ ਮੋਦੀ ਸਰਕਾਰ ਤੋਂ ਨਾ ਤਾਂ ਕੋਈ ਮੰਗ ਕੀਤੀ ਅਤੇ ਨਾ ਹੀ ਕੇਂਦਰ 'ਤੇ ਕੋਈ ਦਬਾਅ ਪਾਇਆ।
ਸ. ਕੁਲਜੀਤ ਸਿੰਘ ਨਾਗਰਾ ਨੇ ਕਿਸਾਨਾਂ ਨਾਲ ਗੱਲ ਸਾਂਝੀ ਕਰਦਿਆਂ ਕਿਹਾ ਕਿ ਭਾਵੇਂ ਕਿ ਪੰਜਾਬ ਸਰਕਾਰ 2 ਲੱਖ ਕਰੋੜ ਦੀ ਕਰਜ਼ਈ ਹੈ ਇਸ ਦੇ ਬਾਵਜੂਦ ਕੈਪਟਨ ਸਰਕਾਰ ਨੇ ਕਰਜ਼ੇ ਹੇਠ ਦੱਬੇ ਛੋਟੇ ਕਿਸਾਨਾਂ ਨੂੰ ਕਰਜ਼ੇ ਤੋਂ ਬਾਹਰ ਕੱਢਣ ਲਈ ਵੱਖ-ਵੱਖ ਵਸੀਲਿਆਂ ਤੋਂ ਫੰਡਾਂ ਦਾ ਪ੍ਰਬੰਧ ਕੀਤਾ ਹੈ, ਜਿਸ ਵਿੱਚ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਬੱਚਤ ਕਰਕੇ ਅਤੇ ਸਰਕਾਰ ਦੇ ਆਮਦਨ ਦੇ ਵਸੀਲਿਆਂ ਨੂੰ ਵਧਾ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਵਿਧਾਇਕ ਨਾਗਰਾ ਨੇ ਕਿਹਾ ਕਿ ਉਨ੍ਹਾਂ ਨੇ ਵਿਕਾਸ ਪੱਖੋਂ ਹਲਕੇ ਦੀ ਨੁਹਾਰ ਬਦਲਣ ਲਈ ਕਰੀਬ 100 ਕਰੋੜ ਰੁਪਏ ਦੇ ਪ੍ਰੋਜੈਕਟ ਪੰਜਾਬ ਸਰਕਾਰ ਤੋਂ ਮਨਜੂਰ ਕਰਵਾਏ ਹਨ ਜਿਨ੍ਹਾਂ ਵਿੱਚ 29 ਕਰੋੜ ਰੁਪਏ ਦੀ ਲਾਗਤ ਨਾਲ 266 ਕਿਲੋਮੀਟਰ ਸੜਕਾਂ ਦੀ ਮੁਰੰਮਤ ਦਾ ਕੰਮ, ਚਨਾਰਥਲ ਕਲਾਂ ਨੂੰ ਸਬ ਤਹਿਸੀਲ ਬਣਾਉਣ, ਸਰਹਿੰਦ ਜੀ.ਟੀ. ਰੋਡ ਵਿਖੇ ਬੱਸ ਸਟੈਂਡ ਦਾ ਨਿਰਮਾਣ, ਆਮ ਖਾਸ ਬਾਗ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਦਾ ਪ੍ਰੋਜੈਕਟ, ਸਰਹਿੰਦ ਚੋਅ ਨੂੰ ਪੱਕਾ ਕਰਨ ਦਾ ਪ੍ਰੋਜੈਕਟ ਅਤੇ ਸ਼ਹੀਦੀ ਸਭਾ 'ਤੇ ਲੱਖਾਂ ਦੀ ਤਦਾਦ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ 10 ਵੱਡੇ ਪਖਾਨਿਆਂ ਦਾ ਨਿਰਮਾਣ, 4 ਨੰਬਰ ਚੂੰਗੀ ਤੋਂ ਬਹਾਦਰਗੜ੍ਹ ਤੱਕ ਜਾਣ ਵਾਲੀ ਸੜਕ ਨੂੰ ਚਹੁ ਮਾਰਗੀ ਬਣਾਉਣ ਦੇ ਪ੍ਰੋਜੈਕਟ ਸ਼ਾਮਲ ਹਨ।
ਇਸ ਮੌਕੇ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ. ਮਨਜੀਤ ਸਿੰਘ ਚੀਮਾ, ਡਿਪਟੀ ਰਜਿਸਟਰਾਰ ਅਨਿਲ ਕੁਮਾਰ, ਸਹਾਇਕ ਮੈਨੇਜਿੰਗ ਡਾਇਰੈਕਟਰ ਏ.ਪੀ.ਐਸ. ਘੁੰਮਣ, ਏ.ਆਰ. ਸੰਗਰਾਮ ਸਿੰਘ ਸੰਧੂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਅਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।