ਜਗਦੀਸ਼ ਥਿੰਦ
ਫਾਜ਼ਿਲਕਾ 17 ਨਵੰਬਰ 2017 :
ਸਰਕਾਰ ਤੇ ਸਿਹਤ ਵਿਭਾਗ ਗਰੀਬ ਤੇ ਲੋੜਵੰਦ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੇ ਨਾਲ-ਨਾਲ ਸਿਹਤ ਵਿਭਾਗ ਬੱਚਿਆਂ ਦੀ ਸਿਹਤ ਸੰਭਾਲ ਪੱਖੋਂ ਵੀ ਧਿਆਨ ਰੱਖਣ ਲਈ ਕੋਈ ਯੋਗ ਉਪਰਾਲੇ ਤੇ ਸਕੀਮਾਂ ਸ਼ੁਰੂ ਕਰਨ ਵਿੱਚ ਪਿਛੇ ਨਹੀਂ ਹੈ। ਸਿਹਤ ਵਿਭਾਗ ਦੀ ਬੱਚਿਆਂ ਲਈ ਚੱਲ ਰਹੀ ਰਾਸ਼ਟਰੀਆ ਬਾਲ ਸਵਾਸਥ ਕਾਰਿਆਕ੍ਰਮ ਸਕੀਮ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੀ ਹੈ। ਇਸ ਸਕੀਮ ਤਹਿਤ ਆਂਗਨਵਾੜੀ ਤੇ ਸਰਕਾਰੀ ਸਕੂਲ ਵਿਖੇ 0 ਤੋਂ ਲੈ ਕੇ 18 ਸਾਲ ਤੱਕ ਦੇ ਅਕਤੂਬਰ 2017 ਤੱਕ 68531 ਬੱਚਿਆਂ ਦਾ ਮੁਫਤ ਇਲਾਜ ਕੀਤਾ ਜਾ ਚੁੱਕਾ ਹੈ। ਇਨ੍ਹਾਂ ਬੱਚਿਆਂ ਦਾ ਚੈਕਅਪ ਤੇ ਇਲਾਜ ਕਰਨ ਲਈ 9 ਸਕੂਲ ਮੋਬਾਈਲ ਹੈਲਥ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਰਾਸ਼ਟਰੀਆ ਬਾਲ ਸਵਾਸਥ ਕਾਰਿਆਕ੍ਰਮ ਸਕੀਮ ਤਹਿਤ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ 30 ਵੱਖ-ਵੱਖ ਬਿਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬੱਚਿਆਂ ਨੂੰ ਜਮਾਂਦਰੂ ਨੁਕਸ, ਬੱਚਿਆਂ ਵਿੱਚ ਸ਼ਰੀਰਕ ਕਮੀਆਂ, ਸਰੀਰਿਕ ਵਿਕਾਸ ਵਿੱਚ ਦੇਰੀ ਤੇ ਅਪੰਗਤਾ, ਦਿਲ ਦੀਆਂ ਬਿਮਾਰੀਆਂ ਤੇ ਖੂਨ ਦੀ ਕਮੀ ਆਦਿ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਂਗਨਵਾੜੀਆਂ ਵਿੱਚ ਦਾਖਲ ਬੱਚਿਆਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਪਹਿਲੀ ਤੋਂ ਬਾਰਵੀ ਜਮਾਤ ਦੇ ਬੱਚਿਆਂ ਦਾ ਮੋਬਾਈਲ ਹੈਲਥ ਟੀਮਾਂ ਦੁਆਰਾ ਚੈਕਅੱਪ ਕਰਕੇ ਲੋੜੀਂਦਾ ਇਲਾਜ ਕੀਤਾ ਜਾਂਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਸਕੀਮ ਤਹਿਤ ਅਪ੍ਰੈਲ 2017 ਤੋਂ ਅਕਤੂਬਰ 2017 ਤੱਕ ਸਕੂਲਾਂ ਦੇ 55069 ਤੇ ਆਂਗਨਵਾੜੀ ਸੈਂਟਰਾਂ ਵਿਖੇ 13462 ਬੱਚਿਆਂ ਦਾ ਚੈਕਅੱਪ ਕਰਕੇ ਮੁਫਤ ਇਲਾਜ ਕੀਤਾ ਗਿਆ। ਇਸ ਤੋਂ ਪਹਿਲਾਂ ਸਾਲ 2016-17 ਦੌਰਾਨ 1 ਲੱਖ 8 ਹਜ਼ਾਰ 90 ਤੇ ਆਂਗਨਵਾੜੀ ਸੈਂਟਰਾਂ ਵਿਖੇ 26718 ਬੱਚਿਆਂ ਦਾ ਮੁਫਤ ਇਲਾਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਅੰਦਰ 9 ਸਕੂਲ ਮੋਬਾਈਲ ਹੈਲਥ ਟੀਮਾਂ ਵੱਲੋਂ ਸਕੂਲਾਂ ਵਿਖੇ ਸਾਲ ਵਿੱਚ ਇਕ ਵਾਰ ਤੇ ਆਂਗਨਵਾੜੀ ਸੈਂਟਰਾਂ ਵਿਖੇ ਸਾਲ ਵਿੱਚ ਦੋ ਵਾਰ ਵਿਜ਼ਿਟ ਕੀਤਾ ਜ਼ਾਂਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਸਕੀਮ ਤਹਿਤ ਬੱਚਿਆਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰੀ ਹਸਪਤਾਲਾਂ ਵਿੱਚ ਹਰ ਬੁੱਧਵਾਰ ਨੂੰ ਆਇਰਨ ਫੋਲਿਕ ਐਸਿਡ ਦੀ ਮੁਫਤ ਦਵਾਈ ਖਵਾਈ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਸਾਲ ਵਿੱਚ 2 ਵਾਰ ਬੱਚਿਆਂ ਨੂੰ ਅਲਬੈਂਡਾਜ਼ੋਲ ਦੀ ਗੋਲੀ ਵੀ ਮੁਫਤ ਖਵਾਈ ਜਾਂਦੀ ਹੈ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਰਾਸ਼ਟਰੀਆ ਬਾਲ ਸਵਾਸਥ ਕਾਰਿਆਕ੍ਰਮ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।