ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ '' ਸਵੱਛਤਾ ਹੀ ਸੇਵਾ '' ਪੰਦਰਵਾੜੇ ਤਹਿਤ ਮਨਾਏ ਗਏ ਸ਼੍ਰਮਦਾਨ ਦਿਵਸ ਮੌਕੇ ਸਫਾਈ ਸੇਵਕਾਂ ਤੇ ਅਧਿਕਾਰੀਆਂ ਨੂੰ ਸਾਫ ਸਫਾਈ ਲਈ ਪ੍ਰੇਰਿਤ ਕਰਦੇ ਹੋਏ।
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 19 ਸਤੰਬਰ, 2017 : ਸਰਕਾਰ ਵੱਲੋਂ 15 ਸਤੰਬਰ ਤੋਂ 2 ਅਕਤੂਬਰ ਤੱਕ ਮਨਾਏ ਜਾ ਰਹੇ '' ਸਵੱਛਤਾ ਹੀ ਸੇਵਾ '' ਪੰਦਰਵਾੜੇ ਅਧੀਨ 17 ਸਤੰਬਰ ਦੇ ਦਿਨ ਨੂੰ ਸ਼ਰੱਮਦਾਨ ਦਿਵਸ ਦੇ ਤੌਰ 'ਤੇ ਇਸ ਲਈ ਮਨਾਇਆ ਜਾ ਰਿਹਾ ਹੈ ਤਾਂ ਜੋ ਜ਼ਿਲ੍ਹੇ ਦਾ ਹਰੇਕ ਨਾਗਰਿਕ ਵਲੰਟੀਅਰ ਤੌਰ 'ਤੇ ਸਾਫ ਸਫਾਈ ਦੇ ਕੰਮ ਵਿੱਚ ਹਿੱਸਾ ਲਵੇ। ਆਪਣੇ ਜ਼ਿਲ੍ਹੇ, ਰਾਜ ਤੇ ਦੇਸ਼ ਨੂੰ ਸਾਫ ਸੁਥਰਾ ਰੱਖਣਾ ਜਿਥੇ ਹਰੇਕ ਵਿਅਕਤੀ ਦੀ ਸਮਾਜ ਪ੍ਰਤੀ ਜਿੰਮੇਵਾਰੀ ਬਣਦੀ ਹੈ ਉਥੇ ਹੀ ਸਫਾਈ ਰੱਖ ਕੇ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਕਿਉਂਕਿ ਗੰਦਗੀ ਇੱਕ ਅਜਿਹੀ ਸਮਾਜਿਕ ਲਾਹਣਤ ਹੈ ਜਿਸ ਨਾਲ ਕਈ ਭਿਆਨਕ ਬਿਮਾਰੀਆਂ ਫੈਲਦੀਆਂ ਹਨ ਅਤੇ ਇਨ੍ਹਾਂ ਬਿਮਾਰੀਆਂ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਾਂਗੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਰੱਮਦਾਨ ਦਿਵਸ ਦੀ ਸ਼ੁਰੂਆਤ ਕਰਦਿਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ, ਨਗਰ ਕੌਂਸਲ ਦੇ ਸਫਾਈ ਸੇਵਕਾਂ ਤੇ ਹੋਰ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਵੱਛਤਾ ਹੀ ਇੱਕ ਅਜਿਹੀ ਆਦਤ ਹੈ ਜਿਸ ਨੂੰ ਅਪਣਾ ਕੇ ਅਸੀਂ ਨਾ ਸਿਰਫ ਆਪਣੇ ਆਲੇ ਦੁਆਲੇ ਨੂੰ ਸਾਫ ਰੱਖ ਸਕਦੇ ਹਾਂ ਸਗੋਂ ਆਪਣੇ ਜ਼ਿਲ੍ਹੇ ਨੂੰ ਵੀ ਸਾਫ ਸਫਾਈ ਪੱਖੋਂ ਨਮੂਨੇ ਦਾ ਜ਼ਿਲ੍ਹਾ ਬਣਾ ਸਕਦੇ ਹਾਂ।
ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਫਾਈ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਅਤੇ ਇਸ ਪੰਦਰਵਾੜੇ ਦੌਰਾਨ ਸਮੂਹ ਅਧਿਕਾਰੀ ਤੇ ਕਰਮਚਾਰੀ ਵੀ ਤੁਹਾਡੇ ਨਾਲ ਮਿਲ ਕੇ ਸਾਫ ਸਫਾਈ ਵਿੱਚ ਸਹਿਯੋਗ ਪਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਉਸਾਰੂ ਸਹਿਯੋਗ ਦੇਵੋ ਤਾਂ ਜਿਸ ਤਰ੍ਹਾਂ ਪਿੰਡਾਂ ਨੂੰ ਓ.ਡੀ.ਐਫ. ਕਰਨ ਵਿੱਚ ਸਾਡਾ ਜ਼ਿਲ੍ਹਾ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣਿਆਂ ਹੈ ਉਸੇ ਤਰ੍ਹਾਂ ਸਾਫ ਸਫਾਈ ਪੱਖੋਂ ਵੀ ਦੇਸ਼ ਦਾ ਮੋਹਰੀ ਜ਼ਿਲ੍ਹਾ ਬਣ ਸਕਦਾ ਹੈ। ਉਨ੍ਹਾਂ ਸਫਾਈ ਸੇਵਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਪੋ ਆਪਣੇ ਇਲਾਕਿਆਂ ਵਿੱਚ ਸਾਫ ਸਫਾਈ ਕਰਦੇ ਹੋ ਉਸੇ ਤਰ੍ਹਾਂ ਇਸ ਮੁਹਿੰਮ ਵਿੱਚ ਵੀ ਆਪਣਾ ਉਸਾਰੂ ਸਹਿਯੋਗ ਦੇਵੋ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਉਨ੍ਹਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ।
ਸ਼੍ਰੀਮਤੀ ਬਰਾੜ ਨੇ ਜ਼ਿਲ੍ਹੇ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦਾ ਕੂੜਾ ਕਰਕਟ ਬਾਹਰ ਸੁੱਟਣ ਦੀ ਥਾਂ ਆਪਣੀਆਂ ਦੁਕਾਨਾਂ 'ਤੇ ਡਸਟਬਿਨ ਰੱਖ ਕੇ ਉਸ ਵਿੱਚ ਸੁੱਟਣ ਤਾਂ ਜੋ ਸਾਡਾ ਆਲਾ ਦੁਆਲਾ ਹਮੇਸ਼ਾਂ ਲਈ ਸਾਫ ਸੁਥਰਾ ਬਣਿਆਂ ਰਹੇ। ਉਨ੍ਹਾਂ ਕਿਹਾ ਕਿ ਸਾਫ ਸਫਾਈ ਰੱਖਣਾ ਸਿਰਫ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਹੀ ਕੰਮ ਨਹੀਂ ਸਗੋਂ ਇਸ ਵਿੱਚ ਸਮੁੱਚੇ ਜ਼ਿਲ੍ਹਾ ਵਾਸੀਆਂ ਦੀ ਸ਼ਮੂਲੀਅਤ ਵੀ ਬਹੁਤ ਜਰੂਰੀ ਹੈ। ਇਸ ਉਪਰੰਤ ਉਨ੍ਹਾਂ ਰੋਪੜ ਬੱਸ ਸਟੈਂਡ 'ਤੇ ਵੀ ਸਮੂਹ ਅਧਿਕਾਰੀਆਂ ਤੇ ਸਫਾਈ ਸੇਵਕਾਂ ਨਾਲ ਮਿਲ ਕੇ ਸਾਫ ਸਫਾਈ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੰਦਰਵਾੜੇ ਤਹਿਤ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਜੋਨ ਵੰਡ ਕੇ ਸਾਫ ਸਫਾਈ ਕਰਵਾਉਣ ਦਾ ਕੰਮ ਸੌਂਪਿਆ ਗਿਆ ਹੈ ਅਤੇ ਆਪਣੀ ਇਸ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਵਾਲੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਵੀ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਸੋਮਾ ਕੰਪਨੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪੰਦਰਵਾੜੇ ਦੌਰਾਨ ਜੀ.ਟੀ. ਰੋਡ 'ਤੇ ਬਣੇ ਪੁੱਲ੍ਹ ਦੇ ਆਲੇ ਦੁਆਲੇ ਦੀ ਸਾਫ ਸਫਾਈ ਕਰਨੀ ਯਕੀਨੀ ਬਣਾਈ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਨਦੀਪ ਬਾਂਸਲ, ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਅੰਕੁਰ ਮਹਿੰਦਰੂ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਰਾਜ ਕੁਮਾਰ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ੍ਰੀ ਅਮਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਮਾਲ ਅਫਸਰ ਸ੍ਰੀ ਕਿਰਨਜੀਤ ਸਿੰਘ ਟਿਵਾਣਾ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਆਰ.ਪੀ. ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਸ਼ੇਰ ਸਿੰਘ, ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਸ੍ਰੀ ਰਵਿੰਦਰ ਕੁਮਾਰ, ਨਾਇਬ ਤਹਿਸੀਲਦਾਰ ਸ੍ਰੀ ਗੁਰਪਿਆਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ।
ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ, '' ਸਵੱਛਤਾ ਹੀ ਸੇਵਾ '' ਪੰਦਰਵਾੜੇ ਤਹਿਤ ਮਨਾਏ ਗਏ ਸ਼ਰੱਮਦਾਨ ਦਿਵਸ ਮੌਕੇ ਰੋਪੜ ਬੱਸ ਸਟੈਂਡ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਸਾਫ ਸਫਾਈ ਕਰਦੇ ਹੋਏ।