ਦੇਵਾ ਨੰਦ ਸ਼ਰਮਾ
ਫਰੀਦਕੋਟ, 19 ਸਤੰਬਰ, 2017 : ਅੱਜ ਫੀਦਕੋਟ ਵਿਖੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਮੇਲੇ ਦਾ ਸ਼ੁਭ ਆਰੰਭ ਹੋ ਗਿਆ।ਪੰਜ ਦਿਨ ਚੱਲਣ ਵਾਲੇ ਇਸ ਮੇਲੇ ਵਿਚ ਹਰ ਰੋਜ਼ ਸ਼ਹਿਰ ਦੀਆਂ ਵੱਖ ਵੱਖ ਥਾਵਾਂ 'ਤੇ ਸਾਹਿਤਕ ਸਮਾਗਮ, ਸਭਿਆਚਾਰਕ ਪ੍ਰੋਗਰਾਮ, ਪ੍ਰਦਰਸ਼ਨੀਆਂ, ਖੇਡ ਪ੍ਰਤੀਯੋਗਤਾਵਾਂ, ਨਾਟਕ ਮੁਕਾਬਲੇ, ਕਵੀ ਦਰਬਾਰ, ਮੁਸ਼ਾਇਰਾ, ਕਵਾਲੀਆਂ ਅਤੇ ਬਾਬਾ ਫਰੀਦ ਦੀਆਂ ਸਿੱਖਿਆਵਾਂ ਬਾਰੇ ਸੈਮੀਨਾਰ ਕਰਵਾਏ ਜਾਣਗੇ।
12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਨੂੰ ਮਨਾਉਣ ਲਈ ਹਰ ਸਾਲ ਦੀ ਤਰਾਂ ਮੇਲੇ ਦੀ ਸ਼ੁਰੂਆਤ ਸਵੇਰੇ ਟਿੱਲਾ ਬਾਬਾ ਫਰੀਦ ਵਿਖੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਤੋਂ ਉਪਰੰਤ ਦੀ ਅਰਦਾਸ ਤੋਂ ਬਾਅਦ ਕੀਤੀ ਗਈ। ਅੱਜ ਸਵੇਰੇ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਅਰੰਭਤਾ ਸਮਾਗਮ ਵਿਚ ਬਾਬਾ ਫਰੀਦ ਧਾਰਮਿਕ ਅਤੇ ਵਿਦਿੱਅਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਸ੍ਰ ਇੰਦਰਜੀਤ ਸਿੰਘ ਖਾਲਸਾ, ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਫ੍ਰਾਸ਼ਰ, ਪ੍ਰੋਫੈਸਰ ਸਾਧੂ ਸਿੰਘ ਮੈਂਬਰ ਲੋਕ ਸਭਾ ਫਰੀਦਕੋਟ, ਸ੍ਰੀ ਰੋਸ਼ਨ ਲਾਲ ਗੋਇਲ ਸਕੱਤਰ ਰੈਡ ਕਰਾਸ, ਸ. ਮਹੀਪ ਇੰਦਰ ਸਿੰਘ ਸੇਖੋਂ, ਸ੍ਰੀ ਸੁਰਿੰਦਰ ਗੁਪਤਾ ਸਮਾਜ ਸੇਵੀ ਅਤੇ ਹੋਰ ਜ਼ਿਲਾ ਅਧਿਕਾਰੀ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਵੀ ਸ਼ਾਮਿਲ ਹੋਈਆਂ ਅਤੇ ਫਿਰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਨਤਮਸਤ ਹੋਏ।
ਇਸ ਮੌਕੇ 'ਤੇ ਸ. ਇੰਦਰਜੀਤ ਸਿੰਘ ਧਾਰਮਿਕ ਵਿੱਦਿਅਕ ਸੰਸਥਾਵਾਂ ਮੁੱਖ ਸੇਵਾਦਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪ੍ਰਾਸ਼ਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਮਨੁੱਖ ਨੂੰ ਬਾਬਾ ਫਰੀਦ ਜੀ ਦੇ ਉੱਚੇ ਸੁੱਚੇ ਜੀਵਨ ਅਤੇ ਉਨ੍ਹਾਂ ਦੀ ਬਾਣੀ ਤੋਂ ਸੇਧ ਲੈ ਕੇ ਮਨੁੱਖਤਾ ਦੀ ਭਲਾਈ ਲਈ ਕਾਰਜ ਕਰਨੇ ਚਾਹੀਦੇ ਹਨ।
ਉਨ੍ਹਾ ਕਿਹਾ ਕਿ ਬਾਬਾ ਫਰੀਦ ਜਿੰਨਾਂ ਸਮੁੱਚੀ ਮਨੁੱਖ ਜਾਤੀ ਨੂੰ ਸਾਦਗੀ, ਰੁੱਖੀ-ਮਿੱਸੀ ਖਾਣ ਅਤੇ ਇੱਥੋਂ ਤੱਕ ਕਿ ਬੁਰੇ ਦਾ ਵੀ ਭਲਾ ਕਰਨ ਦਾ ਮਹਾਂਨ ਉਪਦੇਸ਼ ਦਿੱਤਾ, ਉਹਨਾ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਅਸੀਂ ਅਜਿਹੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਜਿਸਦੀ ਅਸੀਂ ਸਾਰੇ ਅਕਸਰ ਕਾਮਨਾ ਕਰਦੇ ਹਾਂ। ਉਹਨਾਂ ਲੋਕਾਂ ਨੂੰ ਬਾਬਾ ਫਰੀਦ ਜੀ ਦੇ ਆਗਮਨ ਪੁਰਬ 'ਤੇ ਵਧਾਈ ਦਿੰਦਿਆਂ ਸਾਰੇ ਹੀ ਪ੍ਰੋਗਰਾਮਾਂ ਵਿੱਚ ਸ਼ਾਂਤੀ ਪੂਰਵਕ ਅਤੇ ਪੂਰੀ ਸ਼ਰਧਾ ਨਾਲ ਸ਼ਿਰਕਤ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਇਸ ਸਾਲ ਪੰਜ ਰੋਜ਼ਾ ਬਾਬਾ ਸ਼ੇਖ ਆਗਮਨ ਪੁਰਬ ਨੂੰ ਬੜੀ ਸ਼ਰਧਾਂ ਨਾਲ ਸੂਫੀਆਨਾ ਰੰਗਤ ਦਿੱਤੀ ਗਈ ਹੈ ਅਤੇ ਇਸ ਮੇਲੇ ਦੌਰਾਨ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਅਤੇ ਸੂਫੀਆਨਾ ਕਲਾਮ ਦੇ ਨਾਲ ਸੰਗਤਾਂ ਨੂੰ ਸ਼ਰੋਸ਼ਾਰ ਕੀਤਾ ਜਾਵੇਗਾ।
ਬਾਬਾ ਫਰੀਦ ਆਗਮਨ ਪੁਰਬ ਦੇ ਸਬੰਧੀ ਲਾਈ ਗਈ ਪੰਜ ਰੋਜ਼ਾ ਪੁਸਤਕ ਪ੍ਰਦਰਸ਼ਨੀ ਦਾ ਮਾਨਯੋਗ ਜ਼ਿਲ੍ਹਾ ਸੈਸ਼ਨ ਜੱਜ ਵਲੋਂ ਉਦਘਾਟਨ
ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਪੀਪਲਜ ਫੌਰਮ ਬਰਗਾੜੀ ਵੱਲੋਂ ਪੰਜਾ ਰੋਜ਼ਾ ਪੁਸਤਕ ਪ੍ਰਦਰਸ਼ਨੀ ਆਯਜਿਤ ਕੀਤੀ ਗਈ। ਜਿਸ ਦਾ ਉਦਘਾਟਨ ਮਾਨਯੋਗ ਸਤਵਿੰਦਰ ਸਿੰਘ ਚਹਿਲ ਜਿਲਾ ਤੇ ਸ਼ੈਸਨਜ ਜੱਜ ਨੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਜੀਵ ਪ੍ਰਾਸ਼ਰ, ਪਰਵੀਨ ਕਾਲਾ ਸੇਮਾਜ ਸੇਵੀ, ਖੁਸ਼ਵੰਤ ਸਿੰਘ ਬਰਗਾੜੀ ਪ੍ਰਧਾਨ ਪੀਪਲਜ ਫੌਰਮ ਬਰਗਾੜੀ ਵੀ ਹਾਜਿਰ ਸਨ। ਇਸ ਪੁਸਤਕ ਪ੍ਰਦਰਸ਼ਨੀ ਵਿੱਚ ਲੱਗਭਗ ਢਾਈ ਲੱਖ ਦੇ ਕਰੀਬ ਪੁਸਤਕਾਂ ਪ੍ਰਦਰਸ਼ਿਤ ਕੀਤੀਆ ਗਈਆ ਹਨ।
ਇਸ ਮੌਕੇ ਮਾਨਯੋਗ ਜਿਲਾ ਤੇ ਸ਼ੈਸਨਜ ਜੱਜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਸਤਕ ਪ੍ਰਦਰਸ਼ਨੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਨਾਲ ਹੀ ਨੌਜਵਾਨਾਂ ਅਪੀਲ ਕੀਤੀ ਕਿ ਉਹ ਵਧੀਆ ਸਾਹਿਤ ਤੋਂ ਸੇਧ ਲੈ ਕੇ ਆਪਣੇ ਜੀਵਨ ਦਾ ਹਿੱਸਾ ਬਣਾਉਣ। ਇਸ ਪੁਸਤਕ ਪ੍ਰਦਰਸ਼ਨੀ ਵਿਚ ਬਾਬਾ ਸ਼ੇਖ ਫਰੀਦ ਦੇ ਜੀਵਨ ਅਤੇ ਬਾਣੀ ਬਾਰੇ ਵੀ ਬਹੁਤ ਸਾਰੀਆਂ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਪੁਰਾਤਨ ਵਿਰਸੇ ਦੀ ਸਾਂਭ ਸੰਭਾਲ ਲਈ 'ਕਾਫ਼ਿਲਾ ਏ ਵਿਰਾਸਤ' ਦੀ ਝਾਕੀ ਸ਼ਹਿਰ ਵਿਚ ਕੱਢੀ ਗਈ
12 ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਪਹਿਲੇ ਪੁਰਾਤਨ ਵਿਰਸੇ ਦੀ ਝਲਕ ਪੇਸ਼ ਕਰਦੀਆਂ ਵੱਖ ਵੱਖ ਝਾਕੀਆਂ ਅੱਜ ਕਾਫਲੇ ਦੇ ਰੂਪ ਵਿਚ ਸਥਾਨਕ ਨਹਿਰੂ ਖੇਡ ਸਟੇਡੀਅਮ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਦੀ ਹੁੰਦਾ ਹੋਇਆ ਸਥਾਨਕ ਦਰਬਾਰ ਗੰਜ ਕੰਪਲੈਕਸ ਵਿਖੇ ਪਹੁੰਚ ਕੇ ਸਮਾਪਤ ਹੋਇਆ।
ਕਾਫਿਲੇ-ਏ-ਵਿਰਾਸਤ ਨੂੰ ਹਰੀ ਝੰਡੀ ਦੇ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪ੍ਰਾਸ਼ਰ ਨੇ ਰਵਾਨਾ ਕੀਤਾ।
ਇਹ ਕਾਫ਼ਿਲਾ-ਏ-ਵਿਰਾਸਤ ਕਿਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਗੁਜ਼ਰਨ ਸਮੇਂ ਰਸਤੇ ਦੇ ਦੋਨਾਂ ਪਾਸਿਆਂ ਤੇ ਖੜੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਬ ਆਨੰਦ ਮਾਣਿਆ। ਇਸ ਵਿਰਾਸਤੀ ਕਾਫਿਲੇ ਵਿੱਚ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਝਾਕੀਆਂ, ਪੁਰਾਤਣ ਸੰਦ, ਲੋਕ-ਗੀਤ, ਵਿਆਹ ਦੀਆਂ ਰਸਮਾਂ, ਵੱਖ-ਵੱਖ ਯੂਥ ਕਲੱਬਾਂ ਦੇ ਬੈਂਡ ਸ਼ੋਅ, ਪੇਂਡੂ ਰਸੋਈ, ਪਿੰਡ ਦੀ ਸੱਥ, ਖੂਬਸੂਰਤ ਢੰਗ ਨਾਲ ਸ਼ਿੰਗਾਰੇ ਊਠ, ਘੋੜੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ।ਇਸ ਵਿਰਾਸਤੀ ਕਾਫਿਲੇ ਨੂੰ ਵੇਖਣ ਵਾਸਤੇ ਪਿੰਡਾਂ ਤੋਂ ਆਏ ਲੋਕ ਅਤੇ ਸ਼ਹਿਰੀ ਵਸਨੀਕਾਂ ਦਾ ਹੜ ਓਮੜ ਆਇਆ ਜੋਕਿ ਦਰਬਾਰ ਗੰਜ ਜਾਕੇ ਸਮਾਪਤ ਹੋਇਆ।
ਸਥਾਨਕ ਦਰਬਾਰ ਗੰਜ ਦੀ ਗਰਾਊਂਡ ਵਿਖੇ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਵਸਤਾਂ ਦੀ ਪੰਜ ਦਿਨਾਂ ਪ੍ਰਦਰਸ਼ਨੀ ਦਾ ਅਯੋਜਨ ਕੀਤਾ ਗਿਆ ਹੈ।ਇਸ ਦਾ ਉਦਘਾਟਨ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾੰਿਸਜ ਦੇ ਵਾਈਸ ਚਾਂਸਲ ਡਾ. ਰਾਜ ਬਹਾਦਰ ਨੇ ਉਦਘਾਟਨ ਕੀਤਾ।ਇਸ ਪੁਰਾਤਨ ਵਿਰਸਾ ਪ੍ਰਦਰਸ਼ਨੀ ਵਿਚ ਪੁਰਾਣੇ ਬਰਤਨ, ਹੈਂਡੀਕਰਾਫਟ, ਪੁਰਾਣੇ ਸਿੱਕੇ, ਖੇਤੀਬਾੜੀ ਦੇ ਸੰਦ, ਹੋਰ ਦੁਰਲੱਭ ਦਸਤਾਵੇਜ਼ ਆਦਿ ਪ੍ਰਦਰਸ਼ਤੇ ਕੀਤੇ ਗਏ ਹਨ।
ਦਰਬਾਰ ਗੰਜ ਵਿਖੇ ਪੰਜਾਬੀ ਲੋਕ ਗੀਤ ਮੁਕਾਬਲਿਆਂ ਦਾ ਅਯੋਜਨ
ਦਰਬਾਰ ਗੰਜ ਵਿਖੇ ਵਿਰਾਸਤੀ ਮੇਲੇ ਦਾ ਵੀ ਅਯੋਜਨ ਕੀਤਾ ਗਿਆ ਹੈ।ਇਸ ਦੌਰਾਨ ਪੰਜਬੀ ਲੋਕ ਗੀਤ ਦੇ ਮੁਕਾਬਲੇ ਅਤੇ ਪੰਜਾਬੀ ਵਿਰਸ਼ੇ ਨੂੰ ਦਰਸਾਉਂਦੀਆਂ ਵੰਨਗੀਆਂ ਲੋਕ ਗੀਤਾਂ ਆਦਿ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਜਸਬੀਰ ਜੱਸੀ ਤੇ ਪ੍ਰੋ: ਪਰਮਿੰਦਰ ਸਿੰਘ ਨੇ ਕੀਤਾ ਜਾ ਰਿਹਾ ਹੈ।
ਬਾਬਾ ਫਰੀਦ ਜੀ ਨੂੰ ਸਮਰਪਿਤ ਬਰਜਿੰਦਰਾ ਕਾਲਜ਼ ਵਿਖੇ ਖੂਨਦਾਨ ਕੈਂਪ ਲਗਾਇਆ
ਅੱਜ ਬਾਬਾ ਫਰੀਦ ਮੇਲੇ ਦੇ ਪਹਿਲੇ ਦਿਨ ਬਾਬਾ ਫਰੀਦ ਜੀ ਨੂੰ ਸਮਰਪਿਤ ਬਰਜਿੰਦਰਾ ਕਾਲਜ਼ ਵਿਖੇ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗਨ ਨਾਲ ਐਨ.ਐਸ.ਐਸ਼ ਵਿਭਾਗ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ।ਖੂਨਦਾਨ ਕੈਂਪ ਦਾ ਉਦਘਾਟਨ ਜ਼ਿਲ੍ਹਾ ਸੈਸ਼ਨ ਜੱਜ ਮਾਨਯੋਗ ਸ੍ਰੀ ਸਤਵਿੰਦਰ ਸਿੰਘ ਚਹਿਲ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ।ਇਸ ਕੈਪ ਵਿਚ ਮਹਿਰਾਵਲ ਖੇਵਾ ਜੀ ਟਰੱਸਟ ਅਤੇ ਸਹਾਰਾ ਸਰਵਿਸ ਸੁਸਾਇਟੀ ਅਤੇ ਬਰਜਿੰਦਰਾ ਕਾਲਜ਼ ਦੇ ਸਹਿਯੋਗ ਨਾਲ 161 ਯੂਨਿਟ ਖੂਨ ਇਕੱਠਾ ਕੀਤਾ ਗਿਆ।