ਫ਼ਿਰੋਜ਼ਪੁਰ 19 ਸਤੰਬਰ 2017: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਏ ਗਏ ਸਵੱਛ ਭਾਰਤ ਅਭਿਆਨ ਤਹਿਤ ਪੰਜਾਬ ਨੂੰ ਸਾਫ਼-ਸੁਥਰਾ ਬਣਾਉਣ ਲਈ ਸੁਪਰਡੈਂਟ ਉਸਾਰੀ ਮੰਡਲ ਨੰਬਰ 1 ਲੋਕ ਨਿਰਮਾਣ ਵਿਭਾਗ ਪਰਮਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਵਿਭਾਗ ਦੇ ਕਰਮਚਾਰੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੌਕੇ ਉਨ੍ਹਾਂ ਵੱਲੋਂ ਗਲਿਆਰੇ ਵਿਚ ਲਗਾਏ ਗਏ ਬੂਟਿਆਂ ਵਿਚੋਂ ਨਦੀਣ ਅਤੇ ਘਾਹ ਦੀ ਸਫ਼ਾਈ ਕੀਤੀ ਗਈ।
ਸ੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਜਿਵੇਂ ਸਾਰਾ ਦੇਸ਼ ਸਫ਼ਾਈ ਅਭਿਆਨ ਤਹਿਤ ਜਾਗਰੂਕ ਹੋ ਰਿਹਾ ਹੈ ਅਤੇ ਦੇਸ਼ ਦਾ ਹਰ ਨਾਗਰਿਕ ਇਸ ਮੁਹਿੰਮ ਨਾਲ ਜੁੜ ਕੇ ਭਾਰਤ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਯਤਨਸ਼ੀਲ ਹੈ, ਅਜਿਹੇ ਵਿਚ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਆਪਣਾ ਆਲਾ-ਦੁਆਲਾ ਸਾਫ਼ ਰੱਖੀਏ। ਉਨ੍ਹਾਂ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਹਿਯੋਗ ਦੇਣ ਅਤੇ ਕੂੜਾ-ਕਰਕਟ ਖੁੱਲ੍ਹੀਆਂ ਥਾਵਾਂ 'ਤੇ ਸੁੱਟਣ ਦੀ ਬਜਾਏ ਡਸਟਬਿਨ ਵਿਚ ਹੀ ਇਕੱਠਾ ਕਰਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਸਿਰਫ਼ ਸਫ਼ਾਈ ਕਰਮਚਾਰੀਆਂ ਦੀ ਨਹੀਂ ਸਗੋਂ ਸਾਰਿਆਂ ਦੀ ਹੈ। ਉਨ੍ਹਾਂ ਆਖਿਆ ਕਿ ਜੇ ਅਸੀਂ ਆਪਣੇ ਆਲੇ-ਦੁਆਲੇ ਸਫ਼ਾਈ ਰੱਖਾਂਗੇ ਤੇ ਤਾਂ ਹੀ ਤੰਦਰੁਸਤ ਰਹਾਂਗੇ ਤੇ ਆਪਣੇ ਦਫ਼ਤਰਾਂ ਵਿਚ ਠੀਕ ਤਰਾਂ ਕੰਮ ਕਰਾ ਸਕਾਂਗੇ।