ਲੁਧਿਆਣਾ, 25 ਮਾਰਚ, 2017 : ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣਾਉਣ 'ਚ ਵਿਦੇਸ਼ਾਂ 'ਚ ਵੱਸਣ ਵਾਲੇ ਐਨ.ਆਰ.ਆਈਜ਼ ਦਾ ਵੀ ਇਕ ਅਹਿਮ ਯੋਗਦਾਨ ਰਿਹਾ ਹੈ। ਇਸ ਦਿਸ਼ਾ 'ਚ, ਬੀਤੀ ਦੇਰ ਸ਼ਾਮ ਲੁਧਿਆਣਾ ਦੇ ਹੋਟਲ ਰੈਡੀਸਨ ਬਲਯੂ 'ਚ ਅਯੋਜਿਤ ਇਕ ਪ੍ਰੋਗਰਾਮ ਦੌਰਾਨ ਇੰਡੀਅਨ ਓਵਰਸੀਜ਼ ਕਾਂਗਰਸ, ਕਨੇਡਾ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਔਲਖ ਤੇ ਅਲਬਰਟਾ, ਕਨੇਡਾ ਤੋਂ ਸਾਬਕਾ ਐਮ.ਐਲ.ਏ ਪੀਟਰ ਸੰਧੂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਨੂੰ ਵੀ ਐਨ.ਆਰ.ਆਈ ਵਰਗ ਨੂੰ ਦਿੱਤੇ ਗਏ ਸਹਿਯੋਗ ਬਦਲੇ ਵੀ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਦਾ ਅਯੋਜਨ ਕਨੇਡਾ 'ਚ ਵੱਸਣ ਵਾਲੇ ਐਨ.ਆਰ.ਆਈ ਸੁਖਦੇਵ ਸਿੰਘ ਮੰਡੇਰ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਸੰਬੋਧਨ ਕਰਦਿਆਂ, ਦੀਵਾਨ ਨੇ ਕਿਹਾ ਕਿ ਐਨ.ਆਰ.ਆਈ ਵਰਗ ਨੂੰ ਪੰਜਾਬ ਦੀ ਕੈਪਟਨ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਹਨ, ਜਿਹੜੇ ਬੀਤੇ 10 ਸਾਲਾਂ ਦੌਰਾਨ ਅਕਾਲੀ ਭਾਜਪਾ ਸ਼ਾਸਨ ਦੇ ਅੱਤਿਆਚਾਰ ਝੇਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਐਨ.ਆਰ.ਆਈ ਵਰਗ ਨੇ ਹਮੇਸ਼ਾ ਤੋਂ ਕਾਂਗਰਸ ਦੀ ਨੀਤੀਆਂ ਦਾ ਪੱਖ ਲਿਆ ਹੈ, ਕਿਉਂਕਿ ਇਹੋ ਇਕੋ ਇਕ ਅਜਿਹੀ ਪਾਰਟੀ ਹੈ, ਜਿਹੜੀ ਸਮਾਜ ਦੇ ਹਰ ਵਰਗ ਦੇ ਵਿਕਾਸ 'ਚ ਭਰੋਸਾ ਰੱਖਦੀ ਹੈ।
ਜਦਕਿ ਔਲਖ ਤੇ ਸੰਧੂ ਨੇ ਕਿਹਾ ਕਿ ਐਨ.ਆਰ.ਆਈ ਵਰਗ ਬੇਸਬ੍ਰੀ ਨਾਲ ਕਾਂਗਰਸ ਦੇ ਪੰਜਾਬ ਦੀ ਸੱਤਾ 'ਚ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਬੀਤੇ ਦੱਸ ਸਲਾਂ ਦੌਰਾਨ ਐਨ.ਆਰ.ਆਈ ਆਪਣੀ ਮਿੱਟੀ 'ਤੇ ਕਦਮ ਰੱਖਣ ਤੋਂ ਵੀ ਡਰਨ ਲੱਗੇ ਸਨ, ਜਿਨ੍ਹਾਂ ਉਪਰ ਝੂਠੇ ਕੇਸ ਦਰਜ ਕੀਤੇ ਜਾ ਰਹੇ ਸਨ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਮਾਫੀਆਵਾਂ ਵੱਲੋਂ ਕਬਜਾਇਆ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਐਨ.ਆਰ.ਆਈ ਵਰਗ ਨੂੰ ਬਹੁਤ ਸਾਰੀਆਂ ਉਮੀਦਾਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਮਨਜੀਤ ਸਿੰਘ ਸੋਖੀ, ਰਮੇਸ਼ ਅਗਰਵਾਲ, ਹਰਪ੍ਰੀਤ ਸਿੰਘ ਮੁੱਲਾਂਪੁਰ, ਗੁਰਦੀਪ ਸਿੰਘ ਵਾਲੀਆ, ਲਖਬੀਰ ਸਿੰਘ ਲੱਕੀ, ਬਹਾਦਰ ਸਿੰਘ ਯੂ.ਐਸ.ਏ, ਮੇਵਾ ਸਿੰਘ ਢਿਲੋਂ ਯੂ.ਐਸ.ਏ ਵੀ ਮੌਜ਼ੂਦ ਰਹੇ।