ਕਿਸਾਨ ਅਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਆਮੋ ਸਾਹਮਣੇ ਕੀਤੀ ਜ਼ੋਰਦਾਰ ਨਾਰੇਬਾਜੀ
ਮੁਲਾਜ਼ਮਾਂ ਦਾ ਦੋਸ਼ ਬਿਜਲੀ ਚੋਰੀ ਕਰ ਰਿਹਾ ਸੀ ਕਿਸਾਨ, ਕਿਸਾਨਾਂ ਦਾ ਕਹਿਣਾ ਚਿੱਪ ਵਾਲਾ ਮੀਟਰ ਜ਼ਬਰਦਸਤੀ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ ਮੁਲਾਜ਼ਮ
ਰੋਹਿਤ ਗੁਪਤਾ
ਗੁਰਦਾਸਪੁਰ , 13 ਸਤੰਬਰ 2025:
ਇਤਿਹਾਸਿਕ ਕਸਬਾ ਪੰਡੋਰੀ ਮਹੰਤਾ ਵਿਖੇ ਕਿਸਾਨਾਂ ਅਤੇ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦਰਮਿਆਨ ਵੱਡਾ ਵਿਵਾਦ ਖੜਾ ਹੋ ਗਿਆ ਤੇ ਦੋਨੋਂ ਪੱਖ ਇੱਕ ਦੂਜੇ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਦੇ ਵੇਖੇ ਗਏ । ਮਾਮਲਾ ਇੱਕ ਕਿਸਾਨ ਦੇ ਘਰ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਛਾਪਾ ਮਾਰਨ ਨਾਲ ਜੁੜਿਆ ਹੈ। ਦੱਸਿਆ ਗਿਆ ਹੈ ਕਿ ਪਿੰਡ ਗੋਹਤ ਪੋਕਰ ਦੇ ਕਿਸਾਨ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਜਿਸ ਨੂੰ ਰੰਗੇ ਹੱਥੀ ਫੜਿਆ ਗਿਆ ਅਤੇ ਉਸ ਦੇ ਘਰ ਦੀ ਤਾਰ ਕੱਟ ਕੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਜਿਸ ਤੇ ਕਿਸਾਨ ਨੂੰ ਮੋਟਾ ਜੁਰਮਾਨਾ ਪਾਉਣ ਦੀ ਗੱਲ ਕਹੀ ਗਈ ਸੀ ਪਰ ਇਸ ਦਰਮਿਆਨ ਕਿਸਾਨਾਂ ਨੇ ਇਕੱਠੇ ਹੋ ਕੇ ਪਾਵਰ ਕਾਰਪੋਰੇਸ਼ਨ ਦਾ ਪੰਡੋਰੀ ਮਹੰਤਾ ਵਿਖੇ ਦਫਤਰ ਘੇਰ ਲਿਆ ਗਿਆ ਤੇ ਧੱਕੇਸ਼ਾਹੀ ਤੇ ਉਤਰ ਆਏ । ਦੋਸ਼ ਇਹ ਵੀ ਹੈ ਕਿ ਕਿਸਾਨਾਂ ਵੱਲੋਂ ਮੁਲਾਜ਼ਮਾਂ ਨਾਲ ਬਦਸਲੂਕੀ ਅਤੇ ਹੱਥੋਂ ਪਾਈ ਵੀ ਕੀਤੀ ਗਈ ਜਿਸ ਦੇ ਰੋਸ਼ ਵਜੋਂ ਮੁਲਾਜ਼ਮਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਕਿਸਾਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਦਰਖਾਸਤ ਪੁਲਿਸ ਥਾਣੇ ਅਤੇ ਪਾਵਰਕੌਮ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਹੈ।
ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਦਾ ਮੀਟਰ ਖਰਾਬ ਹੋਇਆ ਸੀ ਅਤੇ ਪਾਵਰ ਕੌਮ ਵਾਲੇ ਨਵਾਂ ਚਿਪ ਵਾਲਾ ਮੀਟਰ ਲਗਾਉਣ ਗਏ ਸੀ। ਕਿਸਾਨ ਕਿਸੇ ਵੀ ਘਰ ਵਿੱਚ ਚਿੱਪ ਵਾਲਾ ਮੀਟਰ ਨਹੀਂ ਲੱਗਣ ਦੇਣਗੇ ਅਤੇ ਜੇਕਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨਤੀਜਾ ਪਾਵਰ ਕੌਮ ਦੇ ਅਧਿਕਾਰੀਆਂ ਨੂੰ ਭੁਗਤਨਾ ਹੀ ਪਵੇਗਾ।