ਆਓ ਯਾਦ ਕਰੀਏ ਗੁਰਸ਼ਰਨ ਭਾਅ ਜੀ ਹੋਰਾਂ ਨੂੰ
ਯਾਦਵਿੰਦਰ ਸਿੰਘ ਕਲੌਲੀ
ਪੰਜਾਬੀ ਰੰਗ ਮੰਚ ਵਿੱਚ ਨੁੱਕੜ ਨਾਟਕਾਂ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦਾ ਅੱਜ 16 ਸਤੰਬਰ ਨੂੰ ਜਨਮ ਦਿਨ ਹੈ ਅਤੇ 27 ਸਤੰਬਰ ਨੂੰ ਸਦੀਵੀ ਵਿਛੋੜਾ ਵੀ ਹੈ । ਸ. ਗੁਰਸ਼ਰਨ ਸਿੰਘ ਜਿੱਥੇ ਉੱਘੇ ਰੰਗਕਰਮੀ ਅਤੇ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ, ਇੱਕ ਇੰਜੀਨੀਅਰ, ਪ੍ਰਗਤੀਵਾਦੀ ਲੇਖਕ, ਨਾਟਕਕਾਰ, ਅਦਾਕਾਰ, ਨਿਰਦੇਸ਼ਕ, ਪ੍ਰਕਾਸ਼ਕ, ਲੋਕਾਂ ਦੇ ਆਗੂ, ਸੰਪਾਦਕ, ਕੁਸ਼ਲ ਪ੍ਰਬੰਧਕ, ਵਕਤਾ ਰਹੇ ਹਨ ਉੱਥੇ ਹੀ ਉਹ ਇੱਕ ਤੁਰਦੀ-ਫਿਰਦੀ ਸੰਸਥਾ ਸਨ। ਗੁਰਸ਼ਰਨ ਸਿੰਘ ਭਾ ਜੀ ਦਾ ਜਨਮ 16 ਸਤੰਬਰ, 1929 ਨੂੰ ਡਾਕਟਰ ਗਿਆਨ ਸਿੰਘ ਦੇ ਘਰ ਮੁਲਤਾਨ (ਪਾਕਿਸਤਾਨ) ਵਿੱਚ ਹੋਇਆ। ਉਹਨਾਂ ਐਮ.ਐਸਸੀ. (ਆਨਰਜ਼) ਟੈਕਨੀਕਲ ਕੈਮਿਸਟਰੀ ਤਕ ਵਿੱਦਿਆ ਪ੍ਰਾਪਤ ਕੀਤੀ। ਉਹਨਾਂ ਮੁਲਤਾਨ ਪਾਕਿਸਤਾਨ ਵਿੱਚ ਪੰਜਾਬੀ ਅਤੇ ਉਰਦੂ ਭਾਸ਼ਾਵਾਂ ਸਿੱਖੀਆਂ। ਬਾਅਦ ਦੀ ਪੜ੍ਹਾਈ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। 1951 ਵਿੱਚ ਪੜ੍ਹਾਈ ਖ਼ਤਮ ਕਰਨ ਉਪਰੰਤ ਭਾਖੜਾ ਨੰਗਲ ਵਿਖੇ ਸੀਮਿੰਟ ਦੀ ਲੈਬਾਰਟਰੀ ਵਿੱਚ ਨੌਕਰੀ ਕੀਤੀ। ਇਪਟਾ ਦੇ ਨਾਮੀ ਰੰਗਕਰਮੀ ਜੋਗਿੰਦਰ ਬਾਹਰਲਾ ਦੇ ਨਾਟਕਾਂ ਤੋਂ ਭਾ ਜੀ ਬਹੁਤ ਹੀ ਪ੍ਰਭਾਵਿਤ ਸਨ, ਜਿਸ ਕਾਰਨ ਉਹਨਾਂ ਆਪਣੀ ਸਾਰੀ ਜ਼ਿੰਦਗੀ ਲੋਕ ਪੱਖੀ ਨਾਟਕਾਂ ਨੂੰ ਸਮਰਪਿਤ ਕਰ ਦਿੱਤੀ। 1981 ਵਿੱਚ ਰਿਟਾਇਰਮੈਂਟ ਲੈ ਕੇ ਉਹ ਬਕਾਇਦਾ ਰੰਗ ਮੰਚ ਵਿੱਚ ਕੁੱਦ ਪਏ ।
ਉਹ ਆਪਣੀ ਪਤਨੀ ਕੈਲਾਸ਼ ਕੌਰ ਅਤੇ ਦੋ ਧੀਆਂ ਨੂੰ ਨਾਲ ਲੈ ਕੇ ਨਾਲ ਨਾਟ-ਸਮੱਗਰੀ ਦੇ ਭਰੇ ਹੋਏ ਬੈਗਾਂ ਨੂੰ ਚੁੱਕ ਕੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਨਾਟਕ ਖੇਡਦੇ ਰਹੇ ਅਤੇ ਚੰਗਾ ਸਾਹਿਤ ਲੋਕਾਂ ਨੂੰ ਦਿੰਦੇ ਰਹੇ l ਉਹਨਾਂ ਦੀ ਨੁੱਕੜ ਨਾਟਕਾਂ ਦੀ ਸ਼ੈਲੀ ਇੰਨੀ ਕਾਮਯਾਬ ਸ਼ੈਲੀ ਸੀ ਉਹਨਾਂ ਆਪਣੇ 50 ਸਾਲਾਂ ਦੇ ਰੰਗ ਮੰਚ ਦੇ ਸਫਰ ਵਿੱਚ 12 ਹਜਾਰ ਤੋਂ ਵੱਧ ਪੇਸ਼ਕਾਰੀਆਂ ਪੰਜਾਬ ਦੇ ਪਿੰਡਾਂ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਕੀਤੀਆਂ ਹਨ ਕੇ ਲੋਕ ਉਹਨਾਂ ਨੂੰ ਚੇਤਨਾ ਦਾ ਵਣਜਾਰਾ ਆਖਦੇ ਸਨ, ਉਹਨਾਂ ਅਨੇਕਾਂ ਹੀ ਰੰਗ ਕਰਮੀਆਂ ਨੂੰ ਜਨਮ ਦਿੱਤਾ ਹੈ ਜਿਨਾਂ ਵਿੱਚ ਅਜੋਕੇ ਨਾਮਵਰ ਰੰਗ ਕਰਮੀ ਕੇਵਲ ਧਾਲੀਵਾਲ, ਡਾਕਟਰ ਸਾਹਿਬ ਸਿੰਘ, ਅਨੀਤਾ ਸ਼ਬਦੀਸ਼, ਗੁਲਸ਼ਨ ਕੁਮਾਰ, ਮਲਕੀਤ ਸਿੰਘ, ਕਮਲਜੀਤ, ਰਜਿੰਦਰ ਰੋਜੀ, ਕਰਨੈਲ ਸਿੰਘ, ਬਸ਼ੀਰ ਅਲੀ, ਯਾਦਵਿੰਦਰ ਕਲੌਲੀ, ਨਵਦੀਪ, ਪਰਵੀਨ, ਮਨਿੰਦਰ ਮਨੀ, ਸੁਲੇਮਾਨ ਭੱਟ, ਇਕੱਤਰ ਸਿੰਘ ਤੇ ਦਿਲਾਵਰ ਸਿੱਧੂ ਆਦਿ ਕਲਾਕਾਰ ਹੁਣ ਗੁਰਸ਼ਰਨ ਸਿੰਘ ਦੀ ਸੋਚ ਨੂੰ ਹਰ ਆਦਮੀ ਤਕ ਲਿਜਾਣ ਲਈ ਪ੍ਰਤੀਬੱਧ ਹਨ । ਗੁਰਸ਼ਰਨ ਭਾਜੀ ਹੋਰਾਂ ਨੇ ਸਮਾਜਿਕ ਚੇਤਨਾ ਲਈ ਰੰਗ ਮੰਚ ਨੂੰ ਹਥਿਆਰ ਬਣਾਇਆ। ਇਸ ਲੜੀ ਵਿੱਚ ਉਹਨਾਂ ਦੇ ਇਕਾਂਗੀ ਬਾਬਾ ਬੋਲਦਾ ਹੈ, ਸੀਸ ਤਲੀ ਤੇ, ਧਮਕ ਨਗਾਰੇ ਦੀ, ਬੇਗਮੋ ਦੀ ਧੀ, ਨਵਾਂ ਜਨਮ, ਚਾਂਦਨੀ ਚੌਂਕ ਤੋਂ ਸਰਹੰਦ ਤੱਕ, ਘੁੰਮਣਘੇਰੀ, ਟੁੰਡਾ ਹੌਲਦਾਰ, ਸੁਖੀ ਬਸੈ ਮਸਕੀਨੀਆ, ਕਿਵ ਕੂੜੈ ਤੁਟੈ ਪਾਲ, ਸੂਰਮੇ ਦੀ ਸਿਰਜਣਾ, ਪੁਰਜ਼ਾ-ਪੁਰਜ਼ਾ ਕਟ ਮਰੇ, ਤੱਤੀ ਤਵੀ, ਤਬੈ ਰੋਸ ਜਾਗਯੋ, ਗੁਰੂ ਲਾਧੋ ਰੇ, ਚੰਡੀਗੜ੍ਹ ਪੁਆੜੇ ਦੀ ਜੜ੍ਹ, ਹਿਟ ਲਿਸਟ, ਜੰਗੀ ਰਾਮ ਦੀ ਹਵੇਲੀ, ਇਨਕਲਾਬ ਜ਼ਿੰਦਾਬਾਦ, ਹੋਰ ਭੀ ਉਠਸੀ ਮਰਦਾ ਕਾ ਚੇਲਾ, ਤੇ ਦੇਵ ਪੁਰਸ਼ ਹਾਰ ਗਏ, ਕੰਮੀਆਂ ਦਾ ਵਿਹੜਾ, ਅਸੀਂ ਯੁੱਗ ਸਿਰਜਾਂਗੇ, ਕਵਿਤਾ ਦਾ ਕਤਲ, ਨਿੱਕਰ ਰਾਜ, ਪਾਣੀ, ਲਾਰੇ, ਠੱਗੀ, ਸ਼ਹੀਦ, ਤੰਦੂਰ, ਬੁੱਤ ਜਾਗ ਪਿਆ, ਕਾਕੇ, ਰਾਹਤ ਆਦਿ ।
ਇਸ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਨੇ ਪੇਸ਼ ਕੀਤੇ ਲੜੀਵਾਰ ਸੀਰੀਅਲ ਭਾਈ ਮੰਨਾ ਸਿੰਘ ਦੇ ਕਿਰਦਾਰ ਨੂੰ ਨਿਭਾਉਣ ਤੋਂ ਬਾਅਦ ਸਰੋਤਿਆਂ ਨੇ ਭਾਜੀ ਨੂੰ ਭਾਈ ਮੰਨਾ ਸਿੰਘ ਦਾ ਨਾਮ ਦਿੱਤਾ । ਗੁਰਸ਼ਰਨ ਭਾ ਜੀ ਹੋਰਾਂ ਨੇ ਲੰਬਾ ਸਮਾਂ ਸਮਤਾ ਮੈਗਜੀਨ ਦੀ ਸੰਪਾਦਨਾ ਕੀਤੀ, ਇਸ ਸਮੇਂ ਦੌਰਾਨ ਕਰੀਬ 100 ਤੋਂ ਵਧੇਰੇ ਸਮਤਾ ਦੇ ਅੰਕ ਪ੍ਰਕਾਸ਼ਿਤ ਹੋਏ । ਇਸ ਤੋਂ ਇਲਾਵਾ ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਰਾਹੀਂ ਚੰਗੇ ਸਾਹਿਤ ਨੂੰ ਛਾਪ ਕੇ ਲੋਕਾਂ ਤੱਕ ਪਹੁੰਚਾਇਆ । ਗੁਰਸ਼ਰਨ ਭਾਜੀ ਹੋਰਾਂ ਨੇ ਸਮਾਜ ਇਕਾਂਗੀ ਰਾਹੀਂ ਔਰਤ ਜਾਤੀ ਦੇ ਬਰਾਬਰਤਾ ਦੀ ਆਵਾਜ਼ ਨੂੰ ਚੁੱਕਿਆ, ਜਿਸ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ਤੋਂ ਬਾਅਦ ਸਰਟੀਫਿਕੇਟਾਂ ਵਿੱਚ ਮਾਂ ਦਾ ਨਾਮ ਲਿਖਣਾ ਸ਼ੁਰੂ ਕੀਤਾ । ਨੁੱਕੜ ਨਾਟਕਾਂ ਦਾ ਇਹ ਬਾਬਾ ਬੋਹੜ 27 ਸਤੰਬਰ 2011 ਨੂੰ ਸਮੁੱਚੇ ਜਗਤ ਨੂੰ ਅਲਵਿਦਾ ਆਖ ਗਿਆ । ਸਮੁੱਚਾ ਪੰਜਾਬ ਭਾ ਜੀ ਇਸ ਰੰਗ ਮੰਚ ਰੂਪੀ ਸਫਰ ਨੂੰ ਕਦੇ ਭੁਲਾ ਨਹੀਂ ਪਾਏਗਾ । ਇਸੇ ਲੜੀ ਵਿੱਚ ਸੁਚੇਤਕ ਰੰਗ ਮੰਚ ਮੋਹਾਲੀ ਵੱਲੋਂ ਹਰ ਵਰੇ “ਗੁਰਸ਼ਰਨ ਨਾਟ ਉਤਸਵ” ਕਰਵਾਇਆ ਜਾਂਦਾ ਹੈ।

-
ਯਾਦਵਿੰਦਰ ਸਿੰਘ ਕਲੌਲੀ, ਲੇਖਕ
ambalaeducation@gmail.com
8168433853
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.