← ਪਿਛੇ ਪਰਤੋ
*ਨੌਜਵਾਨਾਂ ਵੱਲੋਂ ਪ੍ਰਸ਼ਾਸਨ ਨਾਲ ਮਿਲਕੇ ਸਤਲੁਜ ਬੰਨ੍ਹ 'ਤੇ ਕੀਤੀ ਗਈ ਸੇਵਾ ਕਾਬਲੇ ਤਾਰੀਫ ਹੈ:- ਸਤਨਾਮ ਸਿੰਘ ਜਲਵਾਹਾ*
ਪ੍ਰਮੋਦ ਭਾਰਤੀ
ਨਵਾਂਸ਼ਹਿਰ 12 ਸਤੰਬਰ,2025
ਪੰਜਾਬ ਵਿੱਚ ਜਿੱਥੇ ਬਹੁਤੇ ਜ਼ਿਲੇ ਪਾਣੀਂ ਦੀ ਮਾਰ ਹੇਠ ਆਏ ਹੋਏ ਹਨ ਅਤੇ ਲੋਕਾਂ ਦਾ ਭਾਰੀ ਗਿਣਤੀ ਵਿੱਚ ਜਾਨੀ ਮਾਲੀ ਨੁਕਸਾਨ ਹੋਇਆ ਹੈ ਅਤੇ ਲੋਕ ਘਰੋਂ ਬੇਘਰ ਹੋ ਗਏ ਹਨ ਉਥੇ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ ਵੱਖ ਪਿੰਡਾਂ ਨਾਲ ਲਗਦੇ ਸਤਲੁਜ ਦਰਿਆ ਦੇ ਬੰਨ੍ਹ ਉਤੇ ਲਗਾਤਾਰ ਪਿਛਲੇ 15 ਦਿਨਾਂ ਤੋਂ ਕਾਫੀ ਥਾਵਾਂ ਉਤੇ ਧੁੱਸੀ ਬੰਨ੍ਹ ਦੀ ਸਥਿਤੀ ਕਾਫੀ ਨਾਜ਼ੁਕ ਤੇ ਚਿੰਤਾਜਨਕ ਬਣੀ ਹੋਈ ਸੀ ਪਰ ਸਾਰੇ ਇਲਾਕੇ ਦੀਆਂ ਸੰਗਤਾਂ ਵੱਲੋਂ ਜਿਸ ਜੋਸ਼ ਅਤੇ ਜਜ਼ਬੇ ਨਾਲ ਦਰਿਆ ਦੇ ਬੰਨ੍ਹ ਉਤੇ ਸੇਵਾ ਕੀਤੀ ਹੈ ਉਹ ਵਾਕਿਆ ਹੀ ਕਾਬਲੇ ਤਾਰੀਫ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਦੱਸਿਆ ਕਿ ਜਿਥੇ ਪੂਰੇ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਉਥੇ ਹੀ ਸੰਗਤਾਂ ਵੱਲੋਂ ਕੀਤੀ ਗਈ ਸੇਵਾ ਨੇ ਹਜ਼ਾਰਾਂ ਲੋਕਾਂ ਨੂੰ ਘਰੋਂ ਬੇਘਰ ਹੋਣ ਤੋਂ ਬਚਾਅ ਲਿਆ । ਸਾਰੇ ਜ਼ਿਲੇ ਦੇ ਬਜ਼ੁਰਗਾਂ ਨੌਜਵਾਨਾਂ ਮਾਵਾਂ ਭੈਣਾਂ ਤੇ ਬੱਚਿਆਂ ਵੱਲੋਂ ਕੀਤੀ ਸਿਰਤੋੜ ਮਿਹਨਤ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਦੀ ਬਦੌਲਤ ਹੀ ਹੁਣ ਤੱਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪੂਰਾ ਇਲਾਕਾ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਿਆ ਹੋਇਆ ਹੈ। ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਵੱਲੋਂ ਜਿਥੇ ਗੁਰੂ ਕੇ ਲੰਗਰਾਂ, ਮਿੱਟੀ ਨਾਲ ਭਰੀਆਂ ਟਰਾਲੀਆਂ ਤੇ ਮਿੱਟੀ ਨਾਲ ਭਰੇ ਥੈਲਿਆਂ ਦੀ ਆਥਾਹ ਸੇਵਾ ਕੀਤੀ ਹੈ ਉਥੇ ਹੀ ਪੂਰੇ ਜ਼ਿਲ੍ਹੇ ਵਿੱਚੋਂ ਲੰਘਦੇ ਧੁੱਸੀ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਵੀ ਵੱਡਮੁੱਲਾ ਯੋਗਦਾਨ ਪਾਇਆ ਹੈ। ਲੋਕਾਂ ਨੂੰ ਇਸ ਕੁਦਰਤੀਂ ਕ੍ਰੋਪੀ ਤੋਂ ਬਚਾਉਣ ਲਈ ਲਈ ਵੀ ਪ੍ਰਸ਼ਾਸਨ ਨਾਲ ਮਿਲਕੇ ਇਲਾਕੇ ਦੇ ਨੌਜਵਾਨਾਂ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਹੈ। ਜਲਵਾਹਾ ਨੇ ਕਿਹਾ ਕਿ ਮਿਲਟਰੀ ਦੇ ਜਵਾਨਾਂ ਅਤੇ ਨਰੇਗਾ ਕਾਮਿਆਂ ਵੱਲੋਂ ਵੀ ਇਸ ਮੌਕੇ ਵੱਡਾ ਰੋਲ ਅਦਾ ਕੀਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਥੇ ਸਮੁੱਚੀਆਂ ਸੰਗਤਾਂ ਨੇ ਰਲਕੇ ਹੰਭਲਾ ਮਾਰਿਆ ਹੈ ਉਥੇ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ ਅੰਕੁਰਜੀਤ ਸਿੰਘ ਦੀ ਯੋਗ ਅਗਵਾਈ ਤੇ ਸਮੁੱਚੇ ਪ੍ਰਸ਼ਾਸਨ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਨੇ ਵੀ ਵੱਡਾ ਰੋਲ ਅਦਾ ਕੀਤਾ ਹੈ। ਲੋਕਾਂ ਨੂੰ ਬਚਾਉਣ ਲਈ ਸਾਰੇ ਅਧਿਕਾਰੀਆਂ ਨੇ ਆਪਣੀਂ ਡਿਊਟੀ ਨੂੰ ਪੂਰੀ ਜੁੰਮੇਵਾਰੀ ਨਾਲ ਬਾਖੂਬੀ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਗਿਆ ਹੈ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਅਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਜਾਵੇਗਾ।
Total Responses : 2955