ਸ਼ਨੀਵਾਰ ਨੂੰ ਕੋਟਕਪੂਰੇ ਤੋਂ ਭਾਰੀ ਗਿਣਤੀ ’ਚ ਵਰਕਰ ਬਾਘਾਪੁਰਾਣਾ ਰੈਲੀ ’ਚ ਕਰਨਗੇ ਸ਼ਮੂਲੀਅਤ : ਸੰਧਵਾਂ
ਕੋਟਕਪੂਰਾ, 25 ਅਪ੍ਰੈਲ 2024 - ਦੇਸ਼ ਦੇ ਇਤਿਹਾਸ ਵਿੱਚ ਆਪਣੇ ਰਾਜ ਦੇ ਲੋਕਾਂ ਲਈ ਪਹਿਲੇ ਸਾਲ ਵਿੱਚ ਹੀ ਸਹੂਲਤਾਂ ਦੇਣ ਵਾਲੇ ਵਿਲੱਖਣ ਮੀਲ ਪੱਥਰ ਗੱਡਣ ਵਾਲੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇਸ ਸੂਬੇ ਤੋਂ ਇਲਾਵਾ ਗੁਆਂਢੀ ਰਾਜਾਂ ਦੇ ਵਸਨੀਕਾਂ ਦੀ ਵੀ ਪਹਿਲੀ ਪਸੰਦ ਬਣ ਚੁੱਕੇ ਹਨ। ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਦੇ ਦਫਤਰ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਅਤੇ ਜਿਲਾ ਪ੍ਰਧਾਨ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਨੇ ਆਖਿਆ ਕਿ 27 ਅਪੈ੍ਰਲ ਦਿਨ ਸ਼ਨੀਵਾਰ ਨੂੰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਬਾਘਾਪੁਰਾਣਾ ਆਮਦ ਮੌਕੇ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਸਪੀਕਰ ਸੰਧਵਾਂ ਦੀ ਅਗਵਾਈ ਹੇਠ ਵੱਡਾ ਕਾਫਲਾ ਸ਼ਮੂਲੀਅਤ ਕਰੇਗਾ।
ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਅਤੇ ਆਮ ਆਦਮੀ ਪਾਰਟੀ ਜਿਲਾ ਫਰੀਦਕੋਟ ਮਹਿਲਾ ਵਿੰਗ ਦੀ ਪ੍ਰਧਾਨ ਪ੍ਰਦੀਪ ਕੌਰ ਢਿੱਲੋਂ ਨੇ ਆਖਿਆ ਕਿ ਰਵਾਇਤੀ ਪਾਰਟੀਆਂ ਬਦਲ ਬਦਲ ਕੇ ਦੇਸ਼ ਉੱਪਰ 7 ਦਹਾਕਿਆਂ ਤੋਂ ਵੀ ਜਿਆਦਾ ਸਮਾਂ ਰਾਜ ਕਰਦੀਆਂ ਰਹੀਆਂ, ਅਖੀਰਲੇ ਸਾਲ ਨੂੰ ਵਿਕਾਸ ਦਾ ਸਾਲ ਕਹਿ ਕੇ ਵੋਟਾਂ ਬਟੋਰਨ ’ਚ ਮਾਹਰ ਪਾਰਟੀਆਂ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਦਿੱਤਾ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਅਤੇ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ/ਸਕੀਮਾ ਦੇ ਅਜਿਹੇ ਮੀਲ ਪੱਥਰ ਗੱਡੇ, ਜਿੰਨਾ ਦੀ ਦੇਸ਼ ਭਰ ਵਿੱਚ ਚਰਚਾ ਅਤੇ ਪ੍ਰਸੰਸਾ ਹੋ ਰਹੀ ਹੈ। ਇਸ ਮੌਕੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੱਖ ਵੱਖ 12 ਬਲਾਕ ਪ੍ਰਧਾਨਾ ਸਮੇਤ ਅਨੇਕਾਂ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ।