ਗੁਰਦੁਆਰੇ ਦੀ ਗੋਲਕ ਦਾ ਕੁੰਡਾ ਵੱਢ ਕੇ ਚੜਾਵਾ ਕੀਤਾ ਚੋਰੀ
ਦੀਪਕ ਜੈਨ
ਜਗਰਾਉਂ, 4 ਮਈ 2024 - ਥਾਣਾ ਸਿਟੀ ਜਗਰਾਉਂ ਦੇ ਮੁਖੀ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਰਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨਾਨਕ ਨਗਰੀ ਨੇ ਦਰਖਾਸਤ ਦਿੱਤੀ ਹੈ ਕਿ ਉਹ ਰੋਜਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿੱਚ ਨਿਤਨੇਮ ਕਰਨ ਲਈ ਗਏ ਅਤੇ ਜਿੰਦਰਾ ਖੋਲ ਕੇ ਨਿਤਨੇਮ ਕਰਕੇ ਦੇਗ ਬਣਾਉਣ ਲੱਗੇ ਤਾਂ ਉਹਨਾਂ ਦੇਖਿਆ ਕਿ ਰਸੋਈ ਵਿੱਚ ਦੋ ਕਿਲੋ ਘਿਓ ਪੈਕਟ ਗਾਇਬ ਸੀ। ਫਿਰ ਉਹਨਾਂ ਜਦੋਂ ਗੋਲਕ ਚੈੱਕ ਕੀਤੀ ਤਾਂ ਗੋਲਕ ਦਾ ਕੁੰਡਾ ਕਟਰ ਨਾਲ ਕੱਟ ਕੇ ਚੋਰ ਉਸ ਵਿੱਚੋਂ ਸ਼ਰਧਾਲੂਆਂ ਵੱਲੋਂ ਚੜਾਵੇ ਵਜੋਂ ਚੜਾਏ ਹੋਏ 25 ਹਜ਼ਾਰ ਦੇ ਕਰੀਬ ਰੁਪਏ ਚੋਰੀ ਕਰਕੇ ਲੈ ਗਏ ਸਨ।
ਗੋਰਾ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਜਦੋਂ ਗੁਰਦੁਆਰਾ ਸਾਹਿਬ ਦੀ ਬਾਹਰਲੀ ਬਾਰੀ ਦੀ ਗਰਿਲ ਚੈੱਕ ਕੀਤੀ ਤਾਂ ਗਰਿਲ ਨੂੰ ਕਟਰ ਨਾਲ ਕੱਟ ਕੇ ਚੋਰ ਅੰਦਰ ਦਾਖਲ ਹੋਏ ਸਨ। ਗੋਰਾ ਸਿੰਘ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਚੋਰਾਂ ਦੀ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰਦੁਆਰਾ ਸਾਹਿਬ ਵਿੱਚ ਚੋਰੀ ਕਰਨ ਵਾਲੇ 28-29 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ 12:30 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਏ ਸਨ ਅਤੇ ਇਹਨਾਂ ਦੇ ਨਾਮ ਲਖਵਿੰਦਰ ਸਿੰਘ ਉਰਫ ਕਾਲਾ ਪੁੱਤਰ ਇੰਦਰਜੀਤ ਸਿੰਘ ਉਰਫ ਭੋਲਾ, ਪ੍ਰਦੀਪ ਸਿੰਘ ਉਰਫ ਰੀਠਾ ਪੁੱਤਰ ਰਾਮ ਸਿੰਘ ਵਾਸੀਆਨ ਨਾਨਕ ਨਗਰੀ ਜਗਰਾਓ ਅਤੇ ਰਜਨੀ ਪੁੱਤਰੀ ਭਜਨ ਸਿੰਘ ਵਾਸੀ ਨੇੜੇ ਨਵੀਂ ਗਊਸਾਲਾ ਅਗਵਾਡ ਖਵਾਜਾ ਬਾਜੂ ਹਨ ਅਤੇ ਇਹਨਾਂ ਨੇ ਰਲ ਕੇ ਚੋਰੀ ਕੀਤੀ ਹੈ।
ਗੋਰਾ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਲਿਖਵਾਇਆ ਹੈ ਕਿ ਅਗਰ ਇਹਨਾਂ ਦੇ ਨਾਲ ਕੋਈ ਹੋਰ ਸ਼ਖਸ ਵੀ ਚੋਰੀ ਵਿੱਚ ਸ਼ਾਮਿਲ ਹੋਵੇ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਥਾਣਾ ਸਿਟੀ ਦੇ ਏਐਸਆਈ ਮੋਹਨ ਲਾਲ ਵੱਲੋਂ ਤਫਤੀਸ਼ ਕਰਨ ਮਗਰੋਂ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ।