ਕਾਰ ਅਤੇ ਮੋਪਡ ਦੀ ਟੱਕਰ ਵਿੱਚ ਇੱਕ ਦੀ ਮੌਤ, ਦੂਸਰਾ ਗੰਭੀਰ ਜ਼ਖਮੀ, ਕਾਰ ਸਵਾਰ ਔਰਤ ਵੀ ਹੋਈ ਜਖਮੀ
ਰੋਹਿਤ ਗੁਪਤਾ
ਗੁਰਦਾਸਪੁਰ 4 ਮਈ 2024 - ਜ਼ਿਲ੍ਹਾ ਗੁਰਦਾਸਪੁਰ ਦੇ ਕਸਬ ਕਾਹਨੂੰਵਾਨ ਦੇ ਨਜ਼ਦੀਕ ਪੈਂਦੇ ਪਿੰਡ ਨੈਨੇਕੋਟ ਨੇੜੇ ਇੱਕ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾ ਮੁਕਤ ਅਧਿਆਪਕ ਮਲਕੀਤ ਸਿੰਘ ਅਤੇ ਪਾਵਰ ਕੌਮ ਦੇ ਰਿਟਾਇਰ ਲਾਈਨ ਮੈਨ ਖਜਾਨ ਸਿੰਘ ਵਾਸੀ ਚੱਕ ਯਾਕੂਬ ਮੋਪਡ ਉੱਤੇ ਅੱਡਾ ਕੋਟ ਟੋਡਰ ਮੱਲ ਦੀ ਤਰਫ਼ੋਂ ਆ ਰਹੇ ਸਨ। ਜਦੋਂ ਮਲਕੀਤ ਸਿੰਘ ਨੇ ਪਿੰਡ ਨੈਨੇਕੋਟ ਵੱਲ ਨੂੰ ਮੋੜ ਕੱਟਿਆ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੰਬਰ ਪੀ.ਬੀ. 10 ਏ.ਐਚ. 0084 ਜਿਸ ਨੂੰ ਚਾਲਕ ਹਰਪ੍ਰੀਤ ਸਿੰਘ ਵਾਸੀ ਭੈਣੀਵਾਲ ਪੁਲਿਸ ਥਾਣਾ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਚਲਾ ਰਿਹਾ ਸੀ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ।
ਹਾਦਸੇ ਤੋਂ ਬਾਅਦ ਮਲਕੀਤ ਸਿੰਘ ਅਤੇ ਖਜਾਨ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਜਿਸ ਦੌਰਾਨ ਮਲਕੀਤ ਸਿੰਘ ਦੀ ਮੌਤ ਹੋ ਗਈ ਅਤੇ ਖਜਾਨ ਸਿੰਘ ਗੰਭੀਰ ਹਾਲਤ ਵਿੱਚ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਹੈ ।ਮ੍ਰਿਤਕ ਮਲਕੀਤ ਸਿੰਘ ਸਿੱਖਿਆ ਵਿਭਾਗ ਵਿੱਚੋਂ ਸੇਵਾ ਮੁਕਤ ਹੋਏ ਹਨ ਜਦ ਕਿ ਇਸ ਦੁਰਘਟਨਾ ਦੌਰਾਨ ਜਖਮੀ ਹੋਏ ਖਜਾਨ ਸਿੰਘ ਪੰਜਾਬ ਰਾਜ ਬਿਜਲੀ ਬੋਰਡ ਤੋਂ ਸੇਵਾ ਮੁਕਤ ਹੋਏ ਹਨ।
ਇਸ ਦੁਰਘਟਨਾ ਦੇ ਦੌਰਾਨ ਦੌਰਾਨ ਕਾਰ ਚਾਲਕ ਦੀ ਪਤਨੀ ਵੀ ਜ਼ਖਮੀ ਹੋ ਗਈ ਸੀ ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਨੇੜਲੇ ਹਸਪਤਾਲ ਵਿਖੇ ਲਿਜਾਇਆ ਗਿਆ। ਇਸ ਸੜਕ ਹਾਦਸੇ ਦੇ ਦੌਰਾਨ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਹਾਦਸੇ ਬਾਰੇ ਸੂਚਨਾ ਮਿਲਣ ਤੇ ਮੌਕੇ ਤੇ ਪੁੱਛੀ ਥਾਣਾ ਕਾਹਨੂੰਵਾਨ ਦੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।