ਅਰੋੜਾ ਮਹਾਂਸਭਾ ਨੇ ਅਰੋੜਾ ਬਰਾਦਰੀ ਦੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਫੀਸਾਂ ਭਰੀਆਂ
ਦੀਪਕ ਗਰਗ
ਕੋਟਕਪੂਰਾ 04 ਮਈ 2024- ਅਰੋੜਾ ਮਹਾਂਸਭਾ ਕੋਟਕਪੂਰਾ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੇ ਅਰੋੜਾ ਬਰਾਦਰੀ ਦੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਕੀਤੇ ਗਏ ਉਪਰਾਲੇ ਤਹਿਤ ਸ਼ਹਿਰ ਦੇ ਗਾਂਧੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੀਆਂ ਫੀਸਾਂ ਭਰੀਆਂ ਗਈਆਂ। ਇਸ ਦੌਰਾਨ ਅਰੋੜਾ ਮਹਾਂਸਭਾ ਦੇ ਪ੍ਰਧਾਨ ਹਰੀਸ਼ ਸੇਤੀਆ, ਟੀ.ਆਰ. ਅਰੋੜਾ, ਤਰਸੇਮ ਚਾਵਲਾ, ਜਗਮੋਹਨ ਸਿੰਘ ਜੱਗੀ ਅਤੇ ਰਕੇਸ਼ ਕਾਲੜਾ 'ਤੇ ਅਧਾਰਤ ਟੀਮ ਵੱਲੋਂ ਦੋਵਾਂ ਸਕੂਲਾਂ ਵਿੱਚ ਜਾ ਕੇ ਅਰੋੜਾ ਬਰਾਦਰੀ ਦੇ 4 ਲੋੜਵੰਦ ਬੱਚਿਆਂ ਦੀਆਂ ਫੀਸਾਂ ਦੇ ਚੈੱਕ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸੌਂਪੇ ਗਏ।
ਇਸ ਸਬੰਧ ਵਿੱਚ ਪ੍ਰਧਾਨ ਹਰੀਸ਼ ਸੇਤੀਆ ਅਤੇ ਟੀ.ਆਰ. ਅਰੋੜਾ ਨੇ ਦੱਸਿਆ ਕਿ ਸਭਾ ਵੱਲੋਂ ਲੋੜਵੰਦ ਅਰੋੜਾ ਪਰਿਵਾਰਾਂ ਲਈ ਏਡ-ਟੂ-ਨੀਡੀ ਪ੍ਰਜੋਕੈਟ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਬੀਤੇ 6 ਸਾਲਾਂ ਤੋਂ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੇ 13 ਬੱਚਿਆਂ ਦੀਆਂ ਫੀਸਾਂ ਭਰੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਬੱਚੀ ਵੱਲੋਂ ਈ.ਟੀ.ਟੀ. ਦੀ ਪੜ੍ਹਾਈ ਵੀ ਕਰ ਲਈ ਗਈ ਹੈ ਅਤੇ ਇੱਕ ਬੱਚੇ ਵੱਲੋਂ 12ਵੀਂ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਹਾਇਰ ਸਟੱਡੀ ਸ਼ੁਰੂ ਕੀਤੀ ਜਾ ਰਹੀ ਹੈ।