ਪ੍ਰੈੱਸ ਨੂੰ ਧਮਕੀਆਂ ਤੇ ਕਿਸਾਨਾਂ ਪ੍ਰਤੀ ਮੰਦੇ ਬੋਲਾਂ ਨਾਲ ਆਪ ਦੀ ਅਸਲੀਅਤ ਬੇਨਕਾਬ - ਧਨੇਰ
ਅਸ਼ੋਕ ਵਰਮਾ
ਬਠਿੰਡਾ,17ਅਪਰੈਲ2024: ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਅਤੇ ਮੌਜੂਦਾ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੱਲ੍ਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਿਮਣ ਜੱਸਾ ਸਿੰਘ ਵਾਲਾ ਵਿਖੇ ਪ੍ਰੈੱਸ ਨੂੰ ਕਵਰੇਜ ਤੋਂ ਰੋਕਣ , ਮੰਦਾ ਬੋਲਣ ਅਤੇ ਧਮਕੀਆਂ ਦੇਣ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਪਿਛਲੇ ਦਿਨਾਂ ਦੀਆਂ ਘਟਨਾਵਾਂ ਨੇ ਦੱਸ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਕੋਈ ਆਮ ਲੋਕਾਂ ਦੀ ਪਾਰਟੀ ਨਹੀਂ, ਸਗੋਂ ਜਗੀਰੂ ਸੋਚ ਵਾਲੇ ਧਨਾਢਾਂ ਦੀ ਲੋਕ ਵਿਰੋਧੀ ਪਾਰਟੀ ਹੈ।
ਉਨ੍ਹਾਂ ਕਿਹਾ ਕਿ ਕੱਲ੍ਹ ਪਿੰਡ ਬਹਿਮਣ ਜੱਸਾ ਸਿੰਘ ਵਾਲਾ ਵਿਖੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨ ਜਥੇਬੰਦੀ ਨਾਲ ਗੱਲਬਾਤ ਕਰਦੇ ਸਮੇਂ ਪ੍ਰੈੱਸ ਦੇ ਮਾਈਕ ਬੰਦ ਕਰਵਾ ਕੇ ਕਵਰੇਜ ਕਰਨ ਤੋਂ ਰੋਕਿਆ ਅਤੇ ਧੌਂਸ ਵਾਲਾ ਰਵੱਈਆ ਅਪਣਾਉਂਦਿਆਂ ਕਿਹਾ ਕਿ ਤੁਸੀਂ ਬਾਦਲਾਂ ਨੂੰ ਸਵਾਲ ਪੁੱਛ ਕੇ ਦਿਖਾਉ। ਆਗੂਆਂ ਨੇ ਦੱਸਿਆ ਕਿ ਖੁੱਡੀਆਂ ਨੇ ਪਿਛਲੇ ਦਿਨੀਂ ਆਪਣੇ ਬੇਟੇ ਦੀ ਵਾਇਰਲ ਹੋਈ ਵੀਡੀਓ ਪ੍ਰਤੀ ਵੀ ਔਖ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਪ੍ਰੈੱਸ ਨੂੰ ਡਰਾ ਧਮਕਾ ਕੇ ਅਤੇ ਕਵਰੇਜ ਕਰਨ ਤੋਂ ਰੋਕ ਕੇ ਇਹ ਪਾਰਟੀ ਵੀ ਭਾਜਪਾ ਵਾਂਗੂੰ ਡਿਕਟੇਟਰਸ਼ਿਪ ਦੇ ਰਾਹ ਪੈ ਗਈ ਹੈ।
ਇਸੇ ਤਰ੍ਹਾਂ ਭੁੱਚੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕੱਲ੍ਹ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਦਾ ਕੰਮ ਹੀ ਰੌਲਾ ਪਾਉਣਾ ਹੈ ਅਤੇ ਇਨ੍ਹਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ। ਸੂਬਾ ਕਮੇਟੀ ਸਮਝਦੀ ਹੈ ਕਿ ਪੰਜਾਬ ਦਾ ਬੇੜਾ ਗ਼ਰਕ, ਕਾਰਪੋਰੇਟਾਂ ਦੀਆਂ ਹਮਾਇਤੀ ਸਰਕਾਰਾਂ ਨੇ ਕੀਤਾ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦੀਆਂ ਮੰਡੀਆਂ ਨੂੰ ਫੇਲ੍ਹ ਕਰਨ ਵਾਸਤੇ ਕਾਰਪੋਰੇਟ ਘਰਾਣਿਆਂ ਦੇ ਸਾਈਲੋਜ਼ ਨੂੰ ਦਿੱਤੀ ਮਨਜ਼ੂਰੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ।
ਜਥੇਬੰਦੀ ਨੇ ਆਮ ਆਦਮੀ ਪਾਰਟੀ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪ੍ਰੈੱਸ,ਆਮ ਲੋਕਾਂ ਅਤੇ ਕਿਸਾਨਾਂ ਪ੍ਰਤੀ ਆਪਣਾ ਰਵੱਈਆ ਠੀਕ ਕਰੇ। ਪ੍ਰੈੱਸ ਦੀ ਜ਼ੁਬਾਨਬੰਦੀ ਕਰਨ ਤੋਂ ਬਾਜ਼ ਆਵੇ ਅਤੇ ਕਿਸਾਨ ਜਥੇਬੰਦੀਆਂ ਪ੍ਰਤੀ ਆਪਣੀ ਸੋਚ ਨੂੰ ਦਰੁਸਤ ਕਰੇ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਖ਼ਬਰਦਾਰ ਕਰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪ੍ਰੈੱਸ, ਆਮ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਬਾਰੇ ਆਪਣਾ ਰਵੱਈਆ ਨਾ ਬਦਲਿਆ ਤਾਂ ਸਮੁੱਚੇ ਪੰਜਾਬ ਵਿੱਚ ਇਸ ਪਾਰਟੀ ਨੂੰ ਵੀ ਸਬਕ ਸਿਖਾਇਆ ਜਾਵੇਗਾ।