ਪੀ.ਏ.ਯੂ. ਨੇ ਕੇਕ, ਬਿਸਕੁਟ ਅਤੇ ਮਠਿਆਈਆਂ ਬਨਾਉਣ ਲਈ ਸਿਖਲਾਈ ਕੋਰਸ ਕਰਵਾਇਆ
ਲੁਧਿਆਣਾ 29 ਅਪ੍ਰੈਲ 2024- ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਕੇਕ ਬਿਸਕੁਟ ਅਤੇ ਮਠਿਆਈਆਂ ਬਨਾਉਣ ਸੰਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 72 ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਕੋਲੋਂ ਕੋਰਸ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਪ੍ਰਾਪਤ ਹੋਇਆ|
ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਪ੍ਰੇਰਨਾ ਕਪਿਲਾ ਨੇ ਦੱਸਿਆ ਕਿ ਇਸ ਕੋਰਸ ਵਿੱਚ ਭੋਜਨ ਅਤੇ ਪੋਸ਼ਣ ਵਿਭਾਗ ਤੋਂ ਡਾ. ਜਸਵਿੰਦਰ ਕੌਰ ਬਰਾੜ ਨੇ ਬੇਕਰੀ ਸੰਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ, ਸ਼੍ਰੀਮਤੀ ਕੁਲਦੀਪ ਕੌਰ ਨੇ ਮਫਿਨਜ਼ ਅਤੇ ਕੋਕੋਨਟ ਕੈਸਲਜ਼ ਅਤੇ ਅੰਡਾ ਰਹਿਤ ਕੇਕ ਤਿਆਰ ਕਰਨ ਬਾਰੇ, ਡਾ. ਅਮਰਜੀਤ ਕੌਰ ਨੇ ਕੈਰੇਮਲ ਕੇਕ, ਸਪੰਜ ਕੇਕ ਅਤੇ ਅੰਡਾ ਰਹਿਤ ਕੇਕ ਤਿਆਰ ਕਰਨ ਬਾਰੇ, ਡਾ. ਪੂਨਮ ਬਖੇਤੀਆ ਅਤੇ ਡਾ. ਸ਼ਿਖਾ ਮਹਾਜਨ ਨੇ ਇਟਾਲੀਅਨ ਬ੍ਰੈਡ ਅਤੇ ਡੋਨਟਸ ਤਿਆਰ ਕਰਨ ਬਾਰੇ, ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਤੋਂ ਡਾ. ਅਰਸ਼ਦੀਪ ਸਿੰਘ ਨੇ ਬ੍ਰੈਡ, ਚੈਰੀ ਬੰਨਜ਼, ਦੁੱਧ ਤੇ ਨਟਸ ਚਾਕਲੇਟ ਤਿਆਰ ਕਰਨ ਬਾਰੇ, ਡਾ. ਜਸਪ੍ਰੀਤ ਕੌਰ ਨੇ ਆਟਾ ਬਿਸਕੁਟ ਅਤੇ ਕੂਕੀਜ ਤਿਆਰ ਕਰਨ ਬਾਰੇ ਵਿਸ਼ਿਆਂ ਉੱਪਰ ਪ੍ਰੈਕਟੀਕਲ ਤਰੀਕੇ ਨਾਲ ਭਰਪੂਰ ਜਾਣਕਾਰੀ ਸਾਂਝੀ ਕੀਤੀ| ਸਕਿੱਲ ਡਿਵੈਲਪਮੈਂਟ ਸੈਂਟਰ ਦੀ ਸਫ਼ਲ ਉੱਦਮੀ ਰਵਿੰਦਰ ਕੌਰ ਅਤੇ ਮੈਡਮ ਕੁਲਦੀਪ ਕੌਰ ਨੇ ਕੇਕ ਦੀ ਆਈਸਿੰਗ ਕਰਨ ਬਾਰੇ ਪ੍ਰੈਕਟੀਕਲ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ|
ਇਸ ਮੌਕੇ ਤੇ ਡਾ. ਜੀ.ਪੀ.ਐਸ. ਸੋਢੀ, ਅਪਰ ਨਿਰਦੇਸ਼ਕ ਪਸਾਰ ਸਿੱਖਿਆ ਨੇ ਸਿਖਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਉਚੇਚੇ ਤੌਰ ਤੇ ਸ਼ਿਰਕਤ ਕੀਤੀ| ਡਾ. ਸੋਢੀ ਨੇ ਸਿਖਿਆਰਥੀਆਂ ਨੂੰ ਆਪਣੇ ਸੰਬੋਧਨ ਦੌਰਾਨ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਕੋਰਸ ਦੀਆਂ ਬਾਰੀਕੀਆਂ ਨੂੰ ਸਿੱਖ ਕੇ ਉੱਦਮੀ ਬਣਨ ਵੱਲ ਵਧੋ ਅਤੇ ਹੋਰਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੋ| ਉਹਨਾਂ ਦੱਸਿਆ ਕਿ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਾਰੇ ਸਿਖਲਾਈ ਕੋਰਸ ਸਵੈ-ਰੁਜਗਾਰ ਦੇ ਮੌਕੇ ਪ੍ਰਦਾਨ ਕਰਦੇ ਹਨ| ਸਿਖਿਆਰਥੀਆਂ ਨੂੰ ਵੱਧ-ਚੜ੍ਹ ਕੇ ਇਹਨਾਂ ਸਿਖਲਾਈ ਕੋਰਸਾਂ ਵਿੱਚ ਭਾਗ ਲੈ ਕੇ ਇੱਕ ਸਫਲ ਉੱਦਮੀ ਵਜੋਂ ਆਪਣੀ ਪਹਿਚਾਣ ਕਾਇਮ ਕਰਨੀ ਚਾਹੀਦੀ ਹੈ| ਇਸ ਦੌਰਾਨ ਕਰਨਬੀਰ ਸਿੰਘ, ਬਿਜ਼ਨਸ ਐਗਜ਼ੀਕਿਉਟਿਵ, ਪਾਬੀ ਨੇ ਪਾਬੀ ਪ੍ਰੋਜੈਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ|
ਅੰਤ ਵਿੱਚ ਸ਼੍ਰੀਮਤੀ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਗਈ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ|