ਤੇਜ ਰਫਤਾਰ ਕਾਰ ਖੰਬੇ ਅਤੇ ਦਰਖਤ ਨਾਲ ਟਕਰਾਉਣ ਤੋਂ ਬਾਅਦ ਪਲਟੀ, ਬਾਲ ਬਾਲ ਬਚੇ ਕਾਰ ਸਵਾਰ
ਰੋਹਿਤ ਗੁਪਤਾ
ਗੁਰਦਾਸਪੁਰ 29 ਅਪ੍ਰੈਲ 2024- ਨਬੀਪੁਰ ਪਿੰਡ ਤੋਂ ਹਰਦੋਛੰਨੀ ਵੱਲ ਨੂੰ ਜਾਂਦੇ ਬਾਈਪਾਸ ਤੇ ਇੱਕ ਤੇਜ ਰਫਤਾਰ ਕਾਰ ਬਿਜਲੀ ਦੇ ਖੰਬੇ ਨਾਲ ਜਾ ਟਕਰਾਉਣ ਤੋਂ ਬਾਅਦ ਇੱਕ ਦਰਖਤ ਨਾਲ ਟਕਰਾ ਕੇ ਪਲਟ ਗਈ । ਗਨੀਮਤ ਰਹੀ ਕਿ ਕਾਰ ਸਵਾਰ ਚਾਰ ਨੌਜਵਾਨ ਬਾਲ ਬਾਲ ਬਚ ਗਏ ਅਤੇ ਉਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਨਬੀਪੁਰ ਨਿਵਾਸੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਹਰਦੋਚੰਨੀ ਰੋਡ ’ਤੇ ਲੱਗਿਆ ਮੇਲਾ ਦੇਖਣ ਗਿਆ ਸੀ। ਜਦੋਂ ਉਹ ਲੋਕ ਵਾਪਸ ਆ ਰਹੇ ਸਨ ਤਾਂ ਰਸਤੇ 'ਚ ਉਕਤ ਕਾਰ ਅੱਗੇ ਜਾ ਰਹੇ ਟਰੱਕ ਨੂੰ ਓਵਰਟੇਕ ਕਰ ਰਹੀ ਸੀ ਕਿ ਅਚਾਨਕ ਕਾਰ ਬੇਕਾਬੂ ਹੋ ਕੇ ਪਹਿਲਾਂ ਬਿਜਲੀ ਦੇ ਖੰਭੇ 'ਚ ਜਾ ਵੱਜੀ ਅਤੇ ਬਾਅਦ 'ਚ ਦਰੱਖਤ ਨਾਲ ਟਕਰਾ ਕੇ ਪਲਟ ਗਈ। ਉਸ ਨੇ ਦੱਸਿਆ ਕਿ ਗੱਡੀ ਦੀ ਸਪੀਡ 100 ਤੋਂ ਵੱਧ ਸੀ ਜੋ ਬਿਜਲੀ ਦੇ ਖੰਭੇ ਨੂੰ ਤੋੜ ਕੇ 10 ਮੀਟਰ ਅੱਗੇ ਘਸੀਟ ਕੇ ਲੈ ਗਈ, ਜਦੋਂ ਕਿ ਜਿਵੇਂ ਹੀ ਗੱਡੀ ਪਲਟ ਗਈ ਤਾਂ ਉਸ ਦਾ ਇਕ ਅਗਲਾ ਟਾਇਰ ਗੱਡੀ ਨਾਲੋਂ ਉਤਰ ਗਿਆ ਅਤੇ ਬਾਈਪਾਸ ਪਾਰ ਕਰ ਕੇ ਕਰੀਬ ਦੋ ਸੌ ਮੀਟਰ ਦੂਰ ਜਾ ਡਿੱਗਿਆ |
ਉਸ ਨੇ ਦੱਸਿਆ ਕਿ ਕਾਰ ਦਾ ਅਗਲਾ ਸ਼ੀਸ਼ਾ ਟੁੱਟ ਜਾਣ ਕਾਰਨ ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ ਅਗਿਉਂ ਬਾਹਰ ਆ ਗਏ। ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਬੀਪੁਰ ਬਾਈਪਾਸ ਨੇੜੇ ਇਕ ਕਾਰ ਬੇਕਾਬੂ ਹੋ ਕੇ ਪਲਟ ਗਈ ਹੈ। ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੱਡੀ ਵਿੱਚ ਚਾਰ ਲੋਕ ਸਵਾਰ ਸਨ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਨ੍ਹਾਂ ਵਿਚੋਂ ਇਕ ਹੀ ਨੌਜਵਾਨ ਦੀ ਪਛਾਣ ਹੋਈ ਹੈ ਜਿਸ ਦਾ ਨਾਂ ਪ੍ਰਿੰਸ ਹੈ ਅਤੇ ਉਹ ਦੀਨਾਨਗਰ ਦਾ ਰਹਿਣ ਵਾਲਾ ਹੈ। ਕਾਰ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।