ਤਪੋਬਣ ਢੱਕੀ ਸਾਹਿਬ ਦੇ ਰਮਣੀਕ ਅਸਥਾਨ 'ਤੇ ਖਾਲਸਾਈ ਜੋਸ਼, ਹੁਲਾਸ ਨਾਲ ਭਰਪੂਰ ਆਤਮਿਕ ਅਨੰਦ ਦੇਣ ਵਾਲਾ "ਹੋਲਾ ਮਹੱਲਾ" ਦਾ ਪੁਰਬ ਮਨਾਇਆ
- ਪੁਰਾਤਨ ਪੱਖਾਂ, ਸਿੱਖ ਧਾਰਮਿਕ ਪਹਿਰਾਵੇ, ਨਗਾਰਿਆਂ ਤੇ ਨਰ-ਸਿੰਗਿਆਂ ਦੀਆਂ ਅਕਾਸ਼ ਛੋਂਹਦੀਆਂ ਅਵਾਜ਼ਾਂ ਨੇ ਰੂਹਾਨੀ ਵਾਤਾਵਰਨ ਨੂੰ ਹੋਰ ਵੀ ਰੰਗੀਨ ਤੇ ਖੁਸ਼ਬੂਦਾਰ ਬਣਾਇਆ
ਰਵਿੰਦਰ ਸਿੰਘ ਢਿੱਲੋਂ
ਖੰਨਾ, 28 ਮਾਰਚ 2024 - ਪੁਰਾਤਨ ਢੱਕ ਦੇ ਰੁੱਖਾਂ ਵਲੋਂ ਸਿਰਜੇ ਕੁਦਰਤੀ ਨਜ਼ਾਰਿਆਂ 'ਚ ਘਿਰੇ ਤਪੋਬਣ ਦੇ ਰਮਣੀਕ ਅਸਥਾਨ ਦੇ ਮੁਖੀ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ, ਉਨ੍ਹਾਂ ਦੇ ਹਜ਼ੂਰੀ ਜੱਥੇ ਸਮੇਤ ਦੂਰ ਨੇੜਿਓਂ ਪੁੱਜੀਆਂ ਸਹਿਯੋਗੀ ਸੰਗਤਾਂ ਦੇ ਜੋਸ਼, ਖੁਸ਼ੀ, ਹੁਲਾਸ ਨਾਲ ਭਰਪੂਰ ਆਤਮਿਕ ਅਨੰਦ ਦੇਣ ਵਾਲਾ ਖਾਲਸਾਈ ਤਿਉਹਾਰ "ਹੋਲਾ ਮਹੱਲਾ" ਦਾ ਪੁਰਬ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਸ਼ਰਧਾਲੂ ਸੰਗਤਾਂ ਸ਼ਰਧਾ-ਭਾਵਨਾ ਨਾਲ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪੁੱਜੀਆਂ ਸਨ।
ਗੁਰਮਤਿ ਸਮਾਗਮ ਸਜੇ, ਜਿਸ ਵਿਚ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਸਾਹਿਬਾਨਾਂ ਵਲੋਂ ਪਰਉਪਕਾਰ ਤੇ ਭਲਾਈ ਕੰਮਾਂ, ਧਾਰਮਿਕ ਦਰਸ਼ਨ 'ਚ ਲਿਆਂਦੀ ਇਨਕਲਾਬੀ ਤਬਦੀਲੀ, ਮਨੁੱਖਤਾ ਲਈ ਸਾਰਥਿਕ ਅਤੇ ਅਮਲ ਵਿਚ ਲਿਆਉਣਯੋਗ ਪੱਖਾਂ ਨੂੰ ਸਮਝਾਉਂਦਿਆਂ ਉਸਾਰੂ ਤੇ ਨਿਰੋਈਆਂ ਲੀਹਾਂ ਨੂੰ ਗੁਰਬਾਣੀ ਦੀ ਰੋਸ਼ਨੀ 'ਚ ਇਤਿਹਾਸਿਕ ਪੱਖਾਂ ਦੇ ਹਵਾਲਿਆਂ ਨਾਲ ਸਮਝਾਉਂਦਿਆਂ ਜੋਰ ਦਿੱਤਾ ਕਿ ਮਾਇਆਵੀ ਬਿਰਤੀ ਵਾਲੇ ਕੱਚੇ ਰੰਗਾਂ ਨਾਲ ਖੇਡਦੇ ਨੇ, ਜਿਨ੍ਹਾਂ ਦੀ ਖੁਸ਼ੀ ਥੋੜ-ਚਿਰੀ ਹੁੰਦੀ ਹੈ, ਕਿਉਕਿ ਮਾਇਆ ਦੇ ਤਿੰਨੋ ਗੁਣ ਰਜੋ, ਤਮੋ, ਸਤੋ ਅਸਥਾਈ ਹਨ। ਇਸ ਲਈ ਪਰਮੇਸ਼ਰ ਦੇ ਪਿਆਰੇ ਖਾਲਸਾ ਸੰਗਤਾਂ ਨੇ ਇਨ੍ਹਾਂ ਤਿੰਨੋਂ ਗੁਣਾਂ ਤੋਂ ਉੱਪਰ ਸੱਚੇ ਪ੍ਰਭੂ ਦੇ ਨਾਮ ਰੰਗ ਵਿਚ ਲੀਨ ਹੋਣਾ ਹੈ।
ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ-ਨਿਸ਼ਾਨਚੀ ਦੀ ਅਗਵਾਈ 'ਚ ਮਹੱਲਾ ਸਜਿਆ। ਮਹਾਂਪੁਰਸ਼ਾਂ ਵਲੋਂ ਸਾਂਭੇ ਪੁਰਾਤਨ ਪੱਖਾਂ 'ਚ ਕਈ ਘੋੜ ਸਵਾਰ, ਊਠਾਂ, ਪੁਰਾਤਨ ਰੱਥਾਂ ਗੱਡੇ-ਰੇਹੜੀਆਂ, ਸਿੱਖ ਧਾਰਮਿਕ ਪਹਿਰਾਵੇ ਦੇ ਸ਼ਸਤਰਾਂ ਨਾਲ ਲੈਸ ਹੋ ਕੇ ਸੱਜ-ਧੱਜ ਨਾਲ ਜਦੋਂ 'ਹੋਲੇ ਮਹੱਲੇ' ਵਿੱਚ ਸ਼ਾਮਲ ਹੋਏ ਤਾਂ ਨਗਾਰਿਆਂ ਤੇ ਨਰ-ਸਿੰਗਿਆਂ ਦੀਆਂ ਅਕਾਸ਼ ਛੋਂਹਦੀਆਂ ਅਵਾਜ਼ਾਂ ਖਾਲਸਾਈ ਬਾਣੇ 'ਚ ਬਾਣੀ ਪੜ੍ਹਦੇ ਸਿੱਖ ਸ਼ਰਧਾਲੂਆਂ ਦੇ ਅਜ਼ਬ ਨਜ਼ਾਰੇ, ਨੀਲੀਆਂ ਕੇਸਰੀ ਤੇ ਰੰਗ ਬਰੰਗੀਆਂ ਦਸਤਾਰਾਂ ਨਾਲ ਸਜੇ ਸਿੱਖ ਸ਼ਰਧਾਲੂਆਂ ਨੇ ਸੁੰਦਰਤਾ ਨੂੰ ਚਾਰ ਚੰਦ ਲਾਏ ਉਥੇ ਤਪੋਬਣ ਦੇ ਵਾਸੀ ਮੋਰਾਂ ਦੀਆਂ ਕੂਕਦੀਆਂ ਅਵਾਜ਼ਾਂ, ਖ਼ੁਸ਼ੀਆਂ ਵਿਚ ਆਏ ਖਾਲਸਾਈ ਬਾਣੀ-ਬਾਣੇ ਦੇ ਧਾਰਨੀ ਇਕ ਦੂਜੇ ਉੱਤੇ ਜਦੋਂ ਗੁਲਾਬ ਪੱਤੀਆਂ, ਗੁਲਾਲ, ਕੇਸਰ ਆਦਿ ਰੰਗ ਪਾਉਦੇ, ਅਤਰ ਵਰਗੀਆਂ ਸੁਗੰਧੀਆਂ ਦਾ ਛਿੜਕਾਅ ਕਰਦੇ ਵੀ ਵੇਖੇ ਗਏ।
ਜਿਨ੍ਹਾਂ ਸਿਰਜੇ ਰੂਹਾਨੀ ਵਾਤਾਵਰਨ ਨੂੰ ਹੋਰ ਵੀ ਰੰਗੀਨ ਤੇ ਖੁਸ਼ਬੂਦਾਰ ਬਣਾਇਆ। ਦਿਲਚਸਪ ਪਹਿਲੂ ਇਹ ਵੇਖਣ 'ਚ ਆਇਆ ਕਿ ਮਹਾਂਪੁਰਸ਼ਾਂ ਦੇ ਇਕ ਬੋਲ ਤੇ ਵੱਡੀ ਗਿਣਤੀ 'ਚ ਸਹਿਯੋਗੀ ਸੰਗਤਾਂ ਦਾ ਜਾਬਤਾ ਵੇਖਣਯੋਗ ਸੀ, ਕਿਸੇ ਨੇ ਵੀ ਕੋਈ ਅਵੱਗਿਆ ਨਾ ਕੀਤੀ। ਜਿਸਨੂੰ ਵੇਖ ਹੋਲਾ ਮੁਹੱਲਾ ਸ਼੍ਰੀ ਅਨੰਦਪੁਰ ਸਾਹਿਬ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਮਾਝੇ ਦੇ ਰਾਹੀਆਂ, ਜਿਹੜੇ ਢੱਕੀ ਸਾਹਿਬ ਦਰਸ਼ਨਾਂ ਨੂੰ ਆਏ ਸਨ, ਕਹਿੰਦੇ ਸੁਣੇ "ਦਸ਼ਮੇਸ਼ ਪਿਤਾ ਜੀ ਵਲੋਂ ਅਰੰਭੇ ਹੋਲਾ ਮਹੱਲਾ ਸਮਾਗਮਾਂ ਦੀ ਰਵਾਇਤ ਨੂੰ ਤਿੰਨ ਸਦੀਆਂ ਬੀਤਣ ਦੇ ਬਾਵਜੂਦ ਵੀ ਤਪੋਬਣ ਵਾਲੇ ਮਹਾਂਪੁਰਸ਼ਾਂ ਨੇ ਰਵਾਇਤਾਂ ਨੂੰ ਜਿਉਂ ਦਾ ਤਿਉਂ ਕਾਇਮ ਰੱਖਣ ਸਦਕਾ ਅਦੁੱਤੀ ਨਜ਼ਾਰਾ ਬੱਝਦਾ ਹੈ।