ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦੇਣਾ ਇਕ ਸਿਆਸੀ ਡਰਾਮਾ : ਕੁਲਤਾਰ ਸੰਧਵਾ
ਗਾਇਬ ਸਰੂਪਾਂ ਮਾਮਲੇ ਵਿੱਚ ਹੋਣੇ ਚਾਹੀਦੇ ਹਨ ਦਰਜ ਪਰਚੇ
ਕੁਲਵਿੰਦਰ ਸਿੰਘ
ਅੰਮ੍ਰਿਤਸਰ,18 ਸਤੰਬਰ : ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਜਿੱਥੇ ਅੰਮ੍ਰਿਤਸਰ ਵਿਚ ਜਿੱਥੇ ਆਕਸੀ ਮੀਟਰ ਮੁਹਿੰਮ ਦੀ ਸੁਰੂਆਤ ਕੀਤੀ, ਉੱਥੇ ਹੀ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਲਾਈਆਂ ਧਾਰਮਿਕ ਸਜ਼ਾਵਾਂ ਨੂੰ ਨਾਕਾਫੀ ਦੱਸਿਆ ਤੇ ਕਿਹਾ ਕਿ ਇਨਾਂ ਲੋਕਾਂ ਦੇ ਖਿਲਾਫ ਪਰਚੇ ਹੋਣੇ ਚਾਹੀਦੇ ਹਨ ਅਤੇ ਆਮ ਆਦਮੀ ਪਾਰਟੀ ਇਸ ਦਾ ਵਿਰੋਧ ਕਰਦੀ ਹੈ। ਉਨਾਂ ਕਿਹਾ ਕਿ ਪੰਜਾਬ ਵਿਚ ਜੇਕਰ 2022 ਵਿਚ ਆਮ ਆਦਮੀ ਪਾਰਟੀ ਨੂੰ ਮੌਕਾ ਮਿਲਦਾ ਹੈ, ਤਾਂ ਉਹ ਇਨਾਂ ਲੋਕਾਂ 'ਤੇ ਪਰਚੇ ਦਰਜ ਕਰਵਾਏਗੀ। ਬਾਦਲਾਂ ਨੂੰ ਧੋਖੇਬਾਜ਼ ਪਰਿਵਾਰ ਕਰਾਰ ਦਿੰਦੇ ਹੋਏ ਸੰਧਵਾਂ ਨੇ ਕਿਹਾ ਕਿ ਇਹਨਾਂ ਨੇ ਪੰਜਾਬ ਨਾਲ ਹਮੇਸ਼ਾ ਹੀ ਧੋਖਾ ਕੀਤਾ ਹੈ। ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਬਾਰੇ ਉਨਾਂ ਕਿਹਾ ਕਿ ਜਦੋਂ ਇਨਾਂ ਨੇ ਅਸਤੀਫਾ ਹੀ ਦੇਣਾ ਸੀ ਤਾਂ ਪਹਿਲਾਂ ਆਰਡੀਨੈਂਸ 'ਤੇ ਸਾਈਨ ਕਿਉਂ ਕੀਤੇ। ਉਨਾਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫਾ ਦੇਣ ਨੂੰ ਸਿਆਸੀ ਡਰਾਮ ਕਰਾਰ ਦਿੱਤਾ।
ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਕੋਰੋਨਾ ਨਾਂਲ ਮੌਤ ਦੀ 2.9 ਦਰ ਨਾਲ ਪੰਜਾਬ ਦੀ ਹਾਲਤ ਸਾਰੇ ਦੇਸ਼ ਨਾਲੋਂ ਮਾੜੀ ਹੈ । ਦਿੱਲੀ 'ਚ ਵਿਸ਼ੇਸ਼ ਕੋਵਿਡ ਹੈਲਥ ਕੇਅਰ ਸੈਂਟਰਾਂ ਦੀ ਗਿਣਤੀ 594 ਹੈ ਜਦਕਿ ਪੰਜਾਬ 'ਚ ਇਸ ਤਰਾਂ ਦਾ ਇਕ ਵੀ ਸੈਂਟਰ ਸਥਾਪਿਤ ਨਹੀਂ ਕੀਤਾ ਗਿਆ।