ਮਿੱਤਰ ਸੈਨ ਸ਼ਰਮਾ
- ਪੁਲਿਸ ਵੱਲੋਂ ਪਹਿਲਾਂ ਤੋਂ ਦਰਜ ਮਾਮਲੇ 'ਚ ਧਾਰਾ 302 ਦਾ ਵਾਧਾ
ਮਾਨਸਾ, 28 ਮਈ 2020 - ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਵਿਖੇ ਕੁੱਝ ਦਿਨ ਪਹਿਲਾਂ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਆਪਣੇ ਦੋ ਸਕੇ ਭਰਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਹੱਥੋਂ ਕੁੱਟਮਾਰ ਦਾ ਸ਼ਿਕਾਰ ਹੋਏ ਇੱਕ ਬਜ਼ੁਰਗ ਨੇ ਆਖਿਰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ ਹੈ। ਜਿਸ ਨੂੰ ਲੈ ਕੇ ਇੱਕ ਔਰਤ ਸਮੇਤ ਪਰਿਵਾਰ ਦੇ 5 ਮੈਂਬਰਾਂ ਖਿਲਾਫ਼ ਪਹਿਲਾਂ ਤੋਂ ਦਰਜ ਮਾਮਲੇ 'ਚ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਧਾਰਾ 302 ਦੋ ਵਾਧਾ ਕਰਕੇ ਉਨ੍ਹਾਂ ਦੀ ਤਲਾਸ਼ ਜਾਰੀ ਕਰ ਦਿੱਤੀ ਹੈ।
ਥਾਣਾ ਸਦਰ ਮਾਨਸਾ ਦੀ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮ੍ਰਿ੍ਰਤਕ ਨਿਰੰਜਣ ਸਿੰਘ (70) ਪੁੱਤਰ ਗੁਰਬਚਨ ਸਿੰਘ ਦੇ ਪੁੱਤਰ ਗੁਰਤੇਜ ਸਿੰਘ ਨੇ ਦੱਸਿਆ ਸੀ ਕਿ ਬੀਤੀ 22 ਮਈ ਦੀ ਦੁਪਹਿਰ ਖੇਤ 'ਚ ਖੱਬਲ ਨੂੰ ਅੱਗ ਲਗਾਉਣ ਕਾਰਣ ਸਾਡੇ ਖੇਤ 'ਚ ਪਈ ਜੀਰੀ ਦੀ ਪੌਧ ਨੂੰ ਨੁਕਸਾਨ ਪੁੱਜਾ ਸੀ, ਜਿਸ ਦਾ ਅਸੀਂ ਮਹਿੰਦਰ ਸਿੰਘ ਨੂੰ ਉਲਾਂਭਾ ਦਿੱਤਾ, ਜਿਸ 'ਤੇ ਸ਼ਾਮ ਸਮੇਂ ਮਹਿੰਦਰ ਸਿੰਘ ਨੇ ਕੁੱਝ ਹੋਰਨਾਂ ਨਾਲ ਮਿਲ ਕੇ ਮੇਰੇ ਪਿਓ ਦੀ ਕੁੱਟਮਾਰ ਕੀਤੀ, ਇਸ ਦੌਰਾਨ ਜਖ਼ਮੀ ਹੋਏ ਮੇਰੇ ਪਿਤਾ ਨਿਰੰਜਣ ਸਿੰਘ ਨੂੰ ਅਸੀਂ ਮਾਨਸਾ ਵਿਖੇ ਦਾਖਲ ਕਰਵਾਇਆ, ਜਿੱਥੋਂ ਡਾਕਟਰਾਂ ਵੱਲੋਂ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ ਗਿਆ।
ਇਨ੍ਹਾਂ ਬਿਆਨਾਂ 'ਤੇ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਮਹਿੰਦਰ ਸਿੰਘ, ਜੋਗਿੰਦਰ ਸਿੰਘ ਪੁੱਤਰਾਨ ਗੁਰਬਚਨ ਸਿੰਘ, ਹੈਪੀ ਸਿੰਘ, ਰਾਵਲ ਸਿੰਘ ਅਤੇ ਅਮਰਜੀਤ ਕੌਰ ਵਾਸੀਆਨ ਪਿੰਡ ਮੂਸਾ ਦੇ ਖਿਲਾਫ਼ ਧਾਰਾ 341,323,148,149 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਉਪਰੰਤ ਇਲਾਜ ਅਧੀਨ ਨਿਰੰਜਣ ਸਿੰਘ ਦੀ ਮੌਤ ਹੋ ਗਈ, ਜਿਸ 'ਤੇ ਪੁਲਿਸ ਨੇ ਉਕਤ ਦਰਜ ਮਾਮਲੇ 'ਚ ਧਾਰਾ 302 ਦਾ ਵਾਧਾ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਯਤਨ ਸ਼ੁਰੂ ਕਰ ਦਿੱਤੇ ਹਨ।