ਮੇਰਾ ਖਜ਼ਾਨਾ.. 80 ਵਾਲਾ ਦੌਰ ..ਮੇਰੇ ਪੱਤਰਕਾਰੀ ਦੇ ਸਫ਼ਰ ਦੀ ਸ਼ੁਰੂਆਤ ਦਾ
Mera Khazana… The 1980s — Where My Journalistic Journey Began
......
ਮੈਂ ਖੁਦ ਤਾਂ ਨਹੀਂ ਪੜ੍ਹਿਆ ਪਰ ਸੁਣਿਆ ਹੈ ਕਿ ਫੇਸਬੁੱਕ ਨੇ ਅੱਠਵੇਂ ਦਹਾਕੇ ਦੀਆਂ ਤਸਵੀਰਾਂ ਤੇ ਯਾਦਾਂ ਲੋਕਾਂ ਤੋਂ ਮੰਗੀਆਂ ਨੇ । ਪਿਛਲੇ ਦਿਨੀ ਆਪਣੇ ਪੁਰਾਣੇ ਰਿਕਾਰਡ ਚੋਂ Hindustan Samachar News Agency ਦਾ ਇਹ I-Card ਮਿਲਿਆ ਸੀ ਤਾਂ ਮੈਂ ਵੈਸੇ ਹੀ ਸ਼ੇਅਰ ਕਰਨ ਦੀ ਸੋਚ ਰਿਹਾ ਸੀ । ਚਲੋ ਹੁਣ ਸਬੱਬ ਵੀ ਬਣ ਗਿਆ। ਲੱਗਦਾ ਇਹ ਹੈ ਕਿ ਫੇਸਬੁੱਕ ਮੈਟਾ ਦਾ AI ਡਾਟਾ ਬੇਸ ਤਕੜਾ ਕਰ ਰਹੀ ਹੈ ਤਾਂ ਹੀ 80 ਵਾਲੀਆਂ ਫੋਟੋਆਂ ਮੰਗੀਆਂ ਹਨ ।
ਮੇਰਾ ਇਹ ਪਛਾਣ ਪੱਤਰ ਹਿੰਦੁਸਤਾਨ ਸਮਾਚਾਰ ਨਿਊਜ਼ ਏਜੰਸੀ ਦਾ ਹੈ 1980 ਦਾ ਹੈ। ਇਸ ਉੱਤੇ ਇਸ ਏਜੰਸੀ ਦੇ ਪੰਜਾਬ ਦੇ ਇੰਚਾਰਜ ਸੁਤੰਤਰਸ਼ੀਲ ਦੇ ਹਸਤਾਖਰ ਹਨ ਜੋ ਕਿ ਜਲੰਧਰ ਦਫਤਰ ਦੇ ਇੰਚਾਰਜ ਸਨ। ਚੰਡੀਗੜ੍ਹ ਵਿੱਚ ਗਿਆਨ ਇੰਦਰ ਭਾਰਦਵਾਜ ਇਸ ਏਜੰਸੀ ਦੇ ਮੁਖੀ ਸਨ। ਬਠਿੰਡੇ ਦੇ ਸੀਨੀਅਰ ਤੇ ਬਹੁਤ ਸਰਗਰਮ ਪੱਤਰਕਾਰ ਰੋਸ਼ਨ ਸਿੰਘ ਸੋਚ ਨੇ ਮੇਰੀ ਜਾਣ ਪਛਾਣ ਸੁਤੰਤਰ ਸ਼ੀਲ ਨਾਲ ਕਰਵਾਈ ਸੀ ਤੇ ਮੈਨੂੰ ਇਹ ਕਾਰਡ ਦਿਵਾਇਆ ਸੀ।
ਉਦੋਂ ਇਸੇ ਤਰ੍ਹਾਂ ਦੇ ਸ਼ਲਾਖਤੀ ਕਾਰਡ ਬਣਦੇ ਸਨ।
ਜਦੋਂ 1975 ਵਿੱਚ ਐਮਰਜੈਂਸੀ ਲੱਗੀ ਸੀ ਤਾਂ ਇੰਦਰਾ ਸਰਕਾਰ ਨੇ ਸਾਰੀਆਂ ਖਬਰ ਏਜੰਸੀਆਂ ਨੂੰ ਮਿਲਾ ਕੇ ਇੱਕ ਏਜੰਸੀ ਬਣਾ ਦਿੱਤੀ ਸੀ। ਇਸ ਦਾ ਨਾਂ ਹਿੰਦੁਸਤਾਨ ਸਮਾਚਾਰ ਰੱਖਿਆ ਸੀ।
ਐਮਰਜੰਸੀ ਖਤਮ ਹੋਣ ਤੋਂ ਬਾਅਦ ਪੀ ਟੀ ਆਈ ਯੂ ਐਨ ਆਈ ਏਜੰਸੀਆਂ ਫੇਰ ਆਜ਼ਾਦ ਹੋ ਗਈਆਂ । ਇਹ ਹਿੰਦੁਸਤਾਨ ਸਮਾਚਾਰ ਏਜੰਸੀ ਅਲੱਗ ਰਹਿ ਗਈ। ਉਸ ਵੇਲੇ ਮੈਂ ਇਸ ਏਜੰਸੀ ਦੇ ਪੱਤਰਕਾਰ ਦੇ ਨਾਲ ਨਾਲ ਜੱਗਬਾਣੀ ਪਟਿਆਲੇ ਤੋਂ ਨਿਕਲਦੇ ਰੋਜ਼ਾਨਾ ਰਣਜੀਤ ਅਤੇ ਇੱਕ ਦੋ ਹੋਰ ਅਖਬਾਰਾਂ ਦਾ ਵੀ ਪੱਤਰਕਾਰ ਸੀ।
ਉਦੋਂ ਇਸ ਏਜੰਸੀ ਦੀਆਂ ਖਬਰਾਂ ਪੰਜਾਬੀ ਹਿੰਦੀ ਤੇ ਉਰਦੂ ਦੇ ਸਾਰੇ ਅਖਬਾਰ ਲੈਂਦੇ ਸਨ। ਰਾਮਪੁਰਾ ਫੂਲ ਤੋਂ ਮੇਰੀ ਭੇਜੀ ਖਬਰ ਇੱਕੋ ਵੇਲੇ 6-7 ਅਖਬਾਰਾਂ ਵਿੱਚ ਛਪ ਜਾਂਦੀ ਸੀ ਤੇ ਆਪਣੀ ਉਸ ਇਲਾਕੇ ਚ ਬੱਲੇ ਬੱਲੇ ਹੋ ਜਾਂਦੀ ਸੀ।
ਬਾਅਦ ਵਿੱਚ ਮੈਂ ਪੰਜਾਬੀ ਟ੍ਰਿਬਿਊਨ ਦਾ ਰਾਮਪੁਰਾ ਫੂਲ ਤੋਂ ਪੱਤਰਕਾਰ ਬਣਿਆ ਤਾਂ ਉਦੋਂ ਬਾਕੀ ਅਦਾਰਿਆਂ ਲਈ ਕੰਮ ਬੰਦ ਕਰ ਦਿੱਤਾ ਸੀ।
1982 ਵਿੱਚ ਮੈਂ ਜੱਗਬਾਣੀ ਦੇ ਡੈਸਕ ਤੇ ਜਲੰਧਰ ਵਿੱਚ ਸਬ ਐਡੀਟਰ ਵਜੋਂ ਕੁਝ ਮਹੀਨੇ ਕੰਮ ਕੀਤਾ। ਮੇਰੀ ਬੀਵੀ ਦੀ ਨੌਕਰੀ ਚੰਡੀਗੜ੍ਹ ਵਿੱਚ ਹਰਿਆਣਾ ਸਰਕਾਰ ਦੀ ਸੀ ਇਸ ਲਈ
ਚੰਡੀਗੜ੍ਹ ਆ ਕੇ ਹੀ ਪੱਤਰਕਾਰੀ ਕਰਨ ਦਾ ਟੀਚਾ ਸੀ । ਸਬੱਬ ਨਾਲ ਹੀ ਹਿੰਦੁਸਤਾਨ ਸਮਾਚਾਰ ਏਜੰਸੀ ਦੇ ਚੰਡੀਗੜ੍ਹ ਦਫਤਰ ਵਿੱਚ ਪੰਜਾਬੀ ਸਬ ਡਿਟਰ ਦੀ ਪੋਸਟ ਖਾਲੀ ਹੋ ਗਈ ਅਤੇ ਉਹ ਮੈਨੂੰ ਮਿਲ ਗਈ ।
ਹਿੰਦੁਸਤਾਨ ਸਮਾਚਾਰ ਦੇ ਦਫਤਰ ਵਿੱਚ ਪੰਜਾਬੀ ਸਬ ਐਡੀਟਰ ਵਜੋਂ ਡੇਢ ਸਾਲ ਤੋਂ ਵੱਧ ਕੰਮ ਕੀਤਾ।
ਮੈਨੂੰ ਯਾਦ ਹੈ ਆਪਰੇਸ਼ਨ ਬਲਿਊ ਸਟਾਰ ਦੌਰਾਨ ਮੈਂ ਇਸੇ ਏਜੰਸੀ ਵਿੱਚ ਹੀ ਕੰਮ ਕਰਦਾ ਸੀ ਅਤੇ ਕਰਫਿਊ ਦੇ ਪਾਸ ਲੈ ਕੇ ਸਾਈਕਲ 'ਤੇ ਹੀ ਏਜੰਸੀ ਦੇ ਦਫਤਰ ਜਾਂਦਾ ਸੀ । ਉਸ ਵੇਲੇ ਗਿਆਨ ਇੰਦਰ ਭਾਰਦਵਾਜ ਵੀ ਇੰਚਾਰਜ ਸਨ। ਉਹ ਆਰ ਐਸ ਐਸ ਦੇ ਪੱਕੇ ਸੇਵਕ ਸਨ ਪਰ ਉੰਝ ਉਹ ਬਹੁਤ ਹੀ ਸੁਲਝੇ ਹੋਏ ਅਤੇ ਨੇਕ ਇਨਸਾਨ ਸਨ।
ਉਹਨਾਂ ਦੇ ਨਾਲ ਦਇਆ ਰਾਮ ਵੀ ਸੀਨੀਅਰ ਪੱਤਰਕਾਰ ਸਨ ਜੋ ਕਿ ਬਹੁਤ ਸਨਕੀ ਕਿਸਮ ਦੇ ਸ਼ਖ਼ਸ ਸਨ ।
ਏਜੰਸੀ ਦੀ ਆਰਥਿਕ ਹਾਲਤ ਮੰਦੀ ਸੀ। ਸ਼ਾਇਦ 550 ਰੁਪਏ ਮਹੀਨਾ ਤਨਖਾਹ ਸੀ । ਉਹ ਵੀ ਸਾਲ ਸਵਾ ਸਾਲ ਦੀ ਨਹੀਂ ਸੀ ਮਿਲੀ।
ਇਹ ਏਜੰਸੀ ਦੀਆਂ ਖਬਰਾਂ ਹਿੰਦੀ ਵਿੱਚ ਟੈਲੀਪ੍ਰਿੰਟਰ ਤੇ ਇਸ ਰਿਜਨ ਦੇ ਅਖਬਾਰਾਂ ਨੂੰ ਜਾਂਦੀਆਂ ਸਨ ਪਰ ਪੰਜਾਬੀ ਦਾ ਨਾਂ ਤਾਂ ਟਾਈਪ ਰਾਇਟਰ ਸੀ ਤੇ ਨਾ ਹੀ ਟੈਲੀ ਪ੍ਰਿੰਟਰ ਇਸ ਏਜੰਸੀ ਕੋਲ।
ਮੈਂ ਇਨ੍ਹਾਂ ਖਬਰਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਹੱਥ ਲਿਖਤ ਪੈਕ ਬਣਾ ਕੇ ਪੰਜਾਬੀ ਟ੍ਰਿਬਿਊਨ ਲਈ ਭੇਜਦਾ ਸੀ ਕਿਉਂਕਿ Tribune Group ਨੇ ਵੀ ਇਸ ਏਜੰਸੀ ਦੀ ਸਰਵਿਸ ਲਈ ਹੋਈ ਸੀ।
ਓਹ ਜ਼ਮਾਨਾ ਮੇਰੇ ਕੈਰੀਅਰ ਦੀ ਇੱਕ ਅਭੁੱਲ ਯਾਦ ਹੈ।
ਬਲਜੀਤ ਬੱਲੀ
+91-9915177722
tirshinazar@gmail.com
September 12,2026

-
ਬਲਜੀਤ ਬੱਲੀ, ਸੰਪਾਦਕ
tirshinazar@gmail.com
1234567
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.