13 ਸਤੰਬਰ 1944 ਵਾਲੇ ਦਿਨ ਸਿੱਖਾਂ ਦੇ ਹਰਿਆਵਲ ਦਸਤੇ , ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਲਾਹੌਰ ਵਿੱਚ ਸਥਾਪਨਾ ਕੀਤੀ ਗਈ:
ਗੁਰਦੀਪ ਸਿੰਘ ਜਗਬੀਰ (ਡਾ.)
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸਕੂਲੀ ਅਤੇ ਕਾਲਜੀ ਵਿਦਿਆਰਥੀਆਂ ਵਲੋਂ ਬਣਾਈ ਗਈ ਇਕ ਸਿੱਖ ਵਿਦਿਆਰਥੀ ਜਥੇਬੰਦੀ ਹੈ। ਇਹ ਜਥੇਬੰਦੀ ਸਿੱਖੀ ਦੀਆਂ ਬਹੁਮੁੱਲੀ ਕਦਰਾਂ-ਕੀਮਤਾਂ ਅਤੇ ਵਡਮੁੱਲੇ ਸਿਧਾਂਤਾ ਨੂੰ ਪ੍ਰਫੁੱਲਤ ਕਰਨ ਦੇ ਲਈ ਅਤੇ ਸਿੱਖਾਂ ਨੂੰ ਧਾਰਮਿਕ ਅਤੇ ਰਾਜਨੀਤਕ ਪੱਖੋਂ ਇਨਸਾਫ ਮਿਲ ਸਕੇ,ਇਸ ਸੋਚ ਦੇ ਨਾਲ ਬਣਾਈ ਗਈ ਸੀ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਮੈਂਬਰ ਬਣਨ ਦੇ ਲਈ ਉਹੀ ਵਿਦਿਆਰਥੀ ਯੋਗ ਹੋ ਸਕਦਾ ਹੈ ਜਿਹੜਾ ਦਸ ਗੁਰੂ ਸਾਹਿਬਾਨਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦਾ ਹੈ।ਸੋ ਲਾਜ਼ਮੀਂ ਤੋਰ ਤੇ ਕੋਈ ਵੀ ਵਿਦਿਆਰਥੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਦਾ ਹੈ ਅਤੇ ਸਿੱਖੀ ਦੇ ਸਿਧਾਂਤਾਂ ' ਤੇ ਪਹਿਰਾ ਦਿੰਦਾ ਹੈ, ਉਹ ਭਾਵੇਂ ਕਿਸੇ ਵੀ ਵਿਦਿਅਕ ਅਦਾਰੇ ਦਾ ਵਿਦਿਆਰਥੀ ਹੋਵੇ, ਉਹ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਮੈਂਬਰ ਬਣ ਸਕਦਾ ਹੈ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੂੰ ਸਿੱਖ ਪੰਥ ਦਾ ਹਰਿਆਵਲ ਦਸਤਾ ਆਖਿਆ ਜਾਂਦਾ ਹੈ।ਜਿਸ ਦੀ ਸਥਾਪਨਾ ਭਾਈ ਸਾਹਿਬ ਸਰਦਾਰ ਅਮਰ ਸਿੰਘ ਜੀ ਅੰਬਾਲਵੀ ਦੀ ਪਹਿਲ ਕਦਮੀਆਂ ਸਦਕਾ 13 ਸਤੰਬਰ 1944 ਨੂੰ ਹੋਈ ਸੀ ਅਤੇ ਸਰਦਾਰ ਸਰੂਪ ਸਿੰਘ ਜੀ ਇਸ ਦੇ ਪਹਿਲੇ ਪ੍ਰਧਾਨ ਥਾਪੇ ਗਏ ਸਨ। ਫੈਡਰੇਸ਼ਨ ਦੀ ਪਹਿਲੀ ਮੀਟਿੰਗ ਲਹੌਰ ਵਿੱਖੇ ਹੋਈ ਜਿਸ ਦੌਰਾਨ ਇਸ ਜਥੇਬੰਦੀ ਵਲੋਂ ਪੰਜ ਮੁੱਖ ਨਿਸ਼ਾਨੇ ਮਿਥਦਿਆਂ ਹੋਇਆਂ ਕੁੱਝ ਅਹਿਮ ਫ਼ੈਸਲੇ ਵੀ ਲਏ ਗਏ ।
ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਅਸਲ ਮੁੱਢ 1888 ਵਿਚ ਬਣਾਏ ਅਤੇ ਚਲਾਏ ਜਾਂਦੇ "ਖ਼ਾਲਸਾ ਕਲੱਬਾਂ" ਤੋਂ ਬੱਝਦਾ ਹੈ।ਸਿੱਖਾਂ ਦੀਆਂ ਧਾਰਮਿਕ, ਰਾਜਨੀਤਕ, ਵਿਦਿਅਕ, ਸਮਾਜਿਕ, ਭਾਈਚਾਰਕ ਅਤੇ ਆਰਥਿਕ ਲੋੜਾਂ ਵਿੱਚ ਵਿਕਾਸ ਦੇ ਲਈ ਸਿੱਖਾਂ ਨੂੰ ਜਾਗਰੂਕ ਕਰਨਾ ਅਤੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਬੋਲਣ,ਪੜਨ ਅਤੇ ਲਿਖਣ ਦੀ ਰੁਚੀ ਪੈਦਾ ਕਰਨੀ ਅਤੇ ਸਿੱਖ ਯੂਨੀਵਰਸਿਟੀਆਂ ਦੀ ਸਥਾਪਨਾ ਰਾਹੀਂ ਧਰਮ, ਸਭਿਆਚਾਰ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਪਖੋਂ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਯਤਨਸ਼ੀਲ ਰਹਿਣਾ ਹੀ, ਇਨ੍ਹਾਂ ਮੁੱਢਲੇ ਅਸੂਲਾਂ ਵਿੱਚ ਸ਼ੁਮਾਰ ਹੈ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੂੰ ਸਿੱਖ ਵਿਦਿਆਰਥੀਆਂ ਦੀ ਸਿੱਖ ਧਰਮ ਪ੍ਰਤੀ ਸਮਰਪਤ ਇੱਕ ਆਜ਼ਾਦ ਅਤੇ ਸਿੱਖਾਂ ਦੀ ਧਾਰਮਿਕ ਅਤੇ ਰਾਜਨੀਤਿਕ ਨੁਮਾਇੰਦਗੀ ਦੇ ਲਈ ਇੱਕ ਵਚਨਬੱਧ ਸੰਸਥਾ ਹੋਣ ਦਾ ਮਾਣ ਹਾਸਿਲ ਸੀ।
ਇਹ ਸਮਾਂ ਉਹ ਸਮਾਂ ਸੀ ਜਦੋਂ ਹਿੰਦੁਸਤਾਨ ਅੰਗਰੇਜਾਂ ਦਾ ਗ਼ੁਲਾਮ ਸੀ ਅਤੇ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵਿਚਕਾਰ ਧਰਮ ਦੀ ਬਿਨ੍ਹਾ'ਤੇ ਫਿਰਕੂ ਅਤੇ ਦੇਸ਼ ਆਜ਼ਾਦੀ ਦੀ ਬਿਨ੍ਹਾ ਤੇ ਰਾਜਨੀਤਿਕ ਤਣਾਅ ਚਲ ਰਿਹਾ ਸੀ। ਸਾਲ 1937 ਵਿਚ ਮੁਸਲਿਮ ਵਿਦਿਆਰਥੀਆਂ ਦੇ ਇਕ ਵੱਡੇ ਸਮੂਹ ਨੇ ਆਲ ਇੰਡੀਆ ਮੁਸਲਿਮ ਸਟੂਡੈਂਟਸ ਫੈਡਰੇਸ਼ਨ ਨਾਮ ਦੀ ਜਥੇਬੰਦੀ ਬਣਾਈ ਅਤੇ ਇਸ ਵਿੱਚ ਉਸ ਵਕਤ ਭਾਵੇਂ ਮਾਰਕਸਵਾਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੋਂ ਉਨ੍ਹਾਂ ਨੇ ਪ੍ਰੇਰਨਾ ਲਈ ਅਤੇ ਬਾਅਦ ਦੇ ਵਿੱਚ ਮੁਸਲਿਮ ਲੀਗ ਦੀ ਇਹੋ ਯੂਥ ਬ੍ਰਾਂਚ ਪਾਕਿਸਤਾਨ ਬਣਾਏ ਜਾਣ ਦੇ ਫੈਸਲੇ ਦੇ ਨਾਲ ਇੱਕ ਵੱਡੇ ਅੰਦੋਲਦਨ ਦੇ ਰੂਪ ਵਿੱਚ ਸਾਹਮਣੇ ਆਈ।
ਜਦੋਂ ਮੁਸਲਮਾਨ ਇਕ ਜੁੱਟ ਹੋ ਕੇ ਆਪਣਾ ਪਾਕਿਸਤਾਨ ਮੰਗ ਰਹੇ ਸਨ ਤਾਂ ਉਸ ਵਕਤ ਸਿੱਖਾਂ ਦੀ ਆਜ਼ਾਦੀ ਦੀ ਗਲ ਚਲੀ ਤਾਂ ਜਰੂਰ, ਪਰ ਸਿੱਖ ਕੌਮ ਆਪਣੀ ਆਜ਼ਾਦੀ ਦੇ ਲਈ ਕਦੇ ਵੀ ਇੱਕ ਜੁੱਟ ਜਾਂ ਇਕ ਮੁੱਠ ਨਹੀਂ ਹੋਈ। ਜਦੋਂ ਹਿੰਦੁਸਤਾਨ ਦੀ ਵੰਡ ਹੋਣੀ ਨਿਸ਼ਚਿਤ ਹੋ ਚੁੱਕੀ ਸੀ ਭਾਵ ਜਦੋਂ ਭਾਰਤ ਦੀ ਅਜਾਦੀ ਦੀ ਗੱਲ ਚਲੀ ਤਾਂ ਸਾਲ 1946 ਦੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਵੀ ਮਤਾ ਪਾਸ ਕੀਤਾ ਸੀ ਕਿ ਸਿਖਾਂ ਨੂੰ ਵੱਖਰਾ ਸਿੱਖ ਰਾਜ ਦਿੱਤਾ ਜਾਵੇ। ਇੰਜ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਵੱਖਰੀ ਸਿੱਖ ਸਟੇਟ ਦੀ ਗੱਲ ਤਾਂ ਸ਼ੁਰੂ ਕੀਤੀ ਗਈ ਪਰ ਕਿਸੇ ਨੇਪਰੇ ਨਾ ਚੜ ਸਕੀ।
ਆਖਰ ਘੁੰਮਾਂ ਫਿਰਾ ਕੇ ਗਲ ਸਿੱਖਾਂ ਦੇ ਰਾਜਨੀਤਿਕ ਅਧਿਕਾਰਾਂ ਤਕ ਹੀ ਸੀਮਤ ਕਰ ਦਿੱਤੀ ਜਾਂਦੀ ਰਹੀ। ਇੰਜ ਆਪਣੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਮੰਗ ਨੂੰ ਲੈਕੇ , ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸਿੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ 1944 ਵਿਚ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੀ ਸਥਾਪਨਾ ਕੀਤੀ ਗਈ।
1947 ਵਿਚ ਭਾਰਤ ਅਜ਼ਾਦ ਹੋ ਕੇ ਦੋ ਹਿਸਿਆਂ ਵਿੱਚ ਵੰਡਿਆ ਗਿਆ ਅਤੇ ਇਸ ਦੀ ਵੰਡ ਮਗਰੋਂ, ਇਸਦੇ ਹੈਡਕੁਆਰਟਰ ਨੂੰ ਫ਼ੈਸਲਾਬਾਦ ਤੋਂ ਭਾਰਤ ਵਾਲੇ ਪੰਜਾਬ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਿਆਂਦਾ ਗਿਆ।
ਭਾਰਤ ਦੀ ਵੰਡ ਵੇਲੇ ਹੋਏ ਸਮੂਹਿਕ ਦੰਗੇ ਫ਼ਸਾਦਾਂ ਦੇ ਦੌਰਾਨ, ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ ਨੇ ਪਾਕਿਸਤਾਨ ਤੋਂ ਆਉਣ ਵਾਲੇ ਹਿੰਦੂ ਅਤੇ ਸਿੱਖ ਸ਼ਰਨਾਰਥੀਆਂ ਦੀ ਰਾਹਤ ਸੇਵਾ ਅਤੇ ਉਨ੍ਹਾਂ ਦੇ ਮੁੜ ਵਸੇਬੇ ਦੇ ਲਈ ਨਾ ਸਿਰਫ ਕੈਂਪ ਹੀ ਲਗਾਏ ਸਗੋ ਜਗ੍ਹਾ ਜਗ੍ਹਾ ਲੰਗਰ ਵੀ ਚਲਾਏ। ਆਜ਼ਾਦ ਭਾਰਤ ਵਿਚ, ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਪੂਰੇ ਭਾਰਤ ਵਿਚ ਫੈਡਰੇਸ਼ਨ ਦਾ ਵਿਸਥਾਰ ਕੀਤਾ ਜਿਸ ਕਾਰਨ ਫੈਡਰੇਸ਼ਨ ਦੇਸ਼ ਦੀਆਂ ਪ੍ਰਮੁੱਖ ਵਿਦਿਆਰਥੀ ਰਾਜਨੀਤਕ ਜਥੇਬੰਦੀਆਂ ਵਿੱਚੋਂ ਇੱਕ ਸਿਰਮੌਰ ਜਥੇਬੰਦੀ ਬਣ ਗਈ।
ਫੈਡਰੇਸ਼ਨ ਦੀਆਂ ਗਤੀਵਿਦੀਆਂ ਦਾ ਮੁੱਖ ਕੇਂਦਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਖਾਲਸਾ ਕਾਲਜ ਰਿਹਾ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਮੇਂ ਸਮੇਂ ਸਿਰਫ ਪ੍ਰਧਾਨ ਬਦਲਦੇ ਰਹੇ ਪਰ ਨਿਸ਼ਾਨਾ ਕਦੇ ਨਹੀਂ ਬਦਲਿਆ। ਇਹ ਸਿੱਖ ਸਟੂਡੈਂਟਸ ਫੈਡਰੇਸ਼ਨ ਉਹੀ ਹੈ ਜਿਥੇ ਫੈਡਰੇਸ਼ਨ ਦੇ ਕੈਂਪਾਂ ਦੇ ਵਿੱਚੋਂ ਤਿਆਰ ਗੁਰਸਿੱਖਾਂ ਨੇ ਅੱਗੇ ਜਾ ਕੇ ਬਹੁਤ ਵੱਡੇ ਵੱਡੇ ਅਹੁਦੇ ਵੀ ਸੰਭਾਲੇ।
ਸਮੇਂ ਸਮੇਂ ਸਿਰ ਆਲ ਇੰਡੀਆ ਸਿਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨਾਂ ਦਾ ਬਦਲਣਾ ਅਤੇ ਨਵੇਂ ਪ੍ਰਧਾਨ ਆਉਣੇ ਸੁਭਾਵਿਕ ਸਨ।
ਸਰਦਾਰ ਅਮਰ ਸਿੰਘ ਅੰਬਾਲਵੀ, ਸਰਦਾਰ ਜਸਵੰਤ ਸਿੰਘ ਮਾਨ, ਸਰਦਾਰ ਜਸਵੰਤ ਸਿੰਘ ਨੇਕੀ,ਸਰਦਾਰ ਸੁਰਜੀਤ ਸਿੰਘ ਮਿਨਹਾਸ, ਪ੍ਰੋਫੈਸਰ ਜਗੀਰ ਸਿੰਘ ਬਰਨਾਲਾ, ਸਰਦਾਰ ਗੁਰਮੀਤ ਸਿੰਘ ਮੁਕਤਸਰ, ਸਰਦਾਰ ਬੀਰ ਦਵਿੰਦਰ ਸਿੰਘ, ਸਰਦਾਰ ਜਗਜੀਤ ਸਿੰਘ ਬਰਾੜ, ਸਰਦਾਰ ਕਰਨੈਲ ਸਿੰਘ ਪੀਰਮੁਹੰਮਦ ਆਦਿ ਇਸ ਜਥੇਬੰਦੀ ਦੇ ਪ੍ਰਧਾਨ ਵਜੋਂ ਸਫਲ ਸੇਵਾਵਾਂ ਨਿਭਾਉਂਦੇ ਰਹੇ। ਪੰਜਾਬੀ ਸੂਬੇ ਦੇ ਮੋਰਚੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਢਾਅ ਕੇ ਸੰਘਰਸ਼ ਲੜਿਆ।
ਫੈਡਰੇਸ਼ਨ ਦਾ ਏਜੰਡਾ ਕਦੇ ਵੀ ਨਹੀਂ ਬਦਲਿਆ ਜਿਸ ਦੇ ਵਿੱਚ, ਸਿੱਖਾਂ ਨੂੰ ਵੱਖਰੀ ਪਛਾਣ ਦੇ ਅਹਿਸਾਸ ਦੇ ਨਾਲ ਆਪਣੀ ਵਖਰੀ ਅਤੇ ਅੱਡਰੀ ਹੋਂਦ ਹਸਤੀ ਦੀ ਸ਼ਨਾਖਤ ਕਰਵਾਉਣੀ ਅਤੇ ਸਿੱਖ ਨੌਜਵਾਨਾਂ ਵਿਚ ਧਰਮ ਦੀ ਬਿਨ੍ਹਾਂ ਤੇ ਪਤਿਤਪੁਣਾ, ਨਸ਼ਾਖੋਰੀ ਅਤੇ ਰਾਜਨੀਤਕ ਗਫ਼ਲਤ ਵਿਰੁੱਧ ਸਿੱਖੀ ਸੋਚ ਦੇ ਨਾਲ ਨਵੀਂ ਚੇਤਨਾ ਪੈਦਾ ਕਰਨਾ ਸੀ।ਨੌਜਵਾਨ ਵਰਗ ਵਿਚ ਸਿੱਖੀ ਚੇਤਨਾ ਅਤੇ ਸਿਧਾਂਤਕ ਦ੍ਰਿੜਤਾ ਦੇ ਨਾਲੋ-ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਧਰਮ ਨਿਰਪੱਖਤਾ ਦੀ ਵੀ ਵੱਖਰੀ ਮਿਸਾਲ ਪੈਦਾ ਕਰਦਿਆਂ ਗੈਰ-ਸਿੱਖਾਂ ਨੂੰ ਵੀ ਗਲਵਕੜੀ ਵਿੱਚ ਲਿਆ, ਜਿਸ ਦੀ ਉਦਾਹਰਣ ਇਸ ਗਲ ਤੋਂ ਲਈ ਜਾ ਸਕਦੀ ਹੈ ਕੇ 1954 ਵਿਚ ਇਕ ਗੈਰ ਸਿੱਖ ਭਾਈ ਹਰਬੰਸ ਲਾਲ ਜੀ ਨੂੰ ਫ਼ੈਡਰੇਸ਼ਨ ਦਾ ਪ੍ਰਧਾਨ ਥਾਪਿਆ ਗਿਆ। ਸੰਨ 1959 ਵਿਚ ਜਦੋ ਫੈਡਰੇਸ਼ਨ ਦਾ ਦਸਵਾਂ ਇਜਲਾਸ ਹੋ ਰਿਹਾ ਸੀ ਉਸ ਦੌਰਾਨ ਪਹਿਲੀ ਵਾਰੀ ਇਸ ਜੱਥੇਬੰਦੀ ਵਿਚ ਫ਼ਾੜ ਪਿਆ ਬਾਕੀ ਦੀਆਂ ਹੋਰ ਜਥੇਬੰਦੀਆਂ ਵਾਂਗੂ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਦੋ ਫਾੜ ਹੋ ਗਈ।
13 ਅਪ੍ਰੈਲ 1978 ਦੀ ਵਿਸਾਖੀ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਾਪਰੇ ਨਕਲ਼ੀ ਨਿਰੰਕਾਰੀ ਕਾਂਡ ਮੌਕੇ ਜਦੋਂ ਚਿੱਟੇ ਦਿਨ ਸਰੇ ਆਮ ਨਕਲੀ ਨਿਰੰਕਾਰੀ ਗੁਰਬਚਨ ਦੇ ਗੁੰਡਿਆਂ ਨੇ ਗੁਰੂ ਕੇ ਸਿੱਖਾਂ ਉਪਰ ਗੋਲੀਆਂ ਚਲਾਈਆਂ ਸਨ ਤਾਂ ਫ਼ੈਡਰੇਸ਼ਨ ਨੂੰ ਇੱਕ ਵਾਰੀ ਫੇਰ ਆਪਣੇ ਪੁਰਾਣੇ ਸਿੰਧਾਂਤਾ ਮੁਤਾਬਿਕ ਕੰਮ ਕਰਨ ਦਾ ਮੋਕਾ ਮਿਲਿਆ।
2 ਜੁਲਾਈ 1978 ਨੂੰ ਚੰਡੀਗੜ ਦੇ ਟੈਗੋਰ ਥੀਏਟਰ ਵਿਖੇ ਫ਼ੈਡਰੇਸ਼ਨ ਦੇ ਭਰਵੇਂ ਸਾਲਾਨਾ ਇਜਲਾਸ ਵਿਚ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੂੰ ਬਿਨਾਂ ਮੁਕ਼ਾਬਲਾ ਫੈਡਰੇਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਜਨਰਲ ਸਕੱਤਰ ਬਣਾਇਆ ਗਿਆ। ਭਾਈ ਅਮਰੀਕ ਸਿੰਘ ਹੁਣਾ ਨੇ ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਵਿੱਚ ਜਾ ਕੇ ਆਪਣੀਆਂ ਜੁਸੀਲੀਆ ਤੇ ਪ੍ਰਭਾਵਸ਼ਾਲੀ ਤਕਰੀਰਾਂ ਨਾਲ ਸਿੱਖ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਬਾਖ਼ੂਬੀ ਜੋੜਿਆ। ਇਸ ਵਕਤ ਪੰਜਾਬ ਦੇ ਵਿੱਚ ਇੱਕ ਕਿਸਮ ਦੀ ਕਾਮਰੇਡੀ ਲਹਿਰ ਜੋਬਨ ਉੱਪਰ ਸੀ ਜਦੋਂ ਭਾਈ ਅਮਰੀਕ ਸਿੰਘ ਜੀ ਦੇ ਜਿਤਨਾ ਦੇ ਨਾਲ ਹਜ਼ਾਰਾਂ ਹੀ, ਸਿੱਖਾਂ ਦੇ ਭਟਕੇ ਹੋਏ ਬੱਚੇ ਗੁਰਸਿੱਖੀ ਵੱਲ ਆ ਗਏ। ਕਾਮਰੇਡ ਯੂਨੀਅਨ ਛੱਡ ਕੇ ਵਿਦਿਆਰਥੀ, ਆਲ ਇੰਡੀਆ ਸਿਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਸ਼ਾਮਿਲ ਹੋਣ ਦੇ ਵਿੱਚ ਹੁਣ ਆਪਣੀ ਸ਼ਾਨ ਸਮਝਣ ਲੱਗ ਪਏ।
ਅਸਲ ਦੇ ਵਿੱਚ ਭਾਈ ਅਮਰੀਕ ਸਿੰਘ ਹੁਣਾਂ ਦੇ ਪਿੱਛੇ ਇਕ ਬਹੁਤ ਵੱਡੀ ਧਰਮ ਦੀ ਸ਼ਕਤੀ ਕੰਮ ਕਰ ਰਹੀ ਸੀ, ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਰੂਪ ਦੇ ਵਿੱਚ। ਮਹਾਂਪੁਰਖ ਚਾਹੁੰਦੇ ਸਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੱਚੇ ਸੁੱਚੇ ਸਿੱਖ ਹੀ ਮੈਂਬਰ ਬਣ ਕੇ ਜਾਣ। ਇਸ ਧਾਰਨਾ ਦੇ ਨਾਲ ਭਾਈ ਅਮਰੀਕ ਸਿੰਘ ਜੀ ਨੂੰ ਇੱਕ ਵਾਰੀ ਚੋਣ ਤੇ ਮੈਦਾਨ ਦੇ ਵਿੱਚ ਉਤਾਰਿਆ ਵੀ ਗਿਆ। ਪਰ ਸਰਕਾਰੀ ਮਸ਼ੀਨਰੀ ਕਾਮਯਾਬ ਹੋ ਗਈ ਅਤੇ ਜਥੇਦਾਰ ਜੀਵਨ ਸਿੰਘ ਉਮਰਾਨੰਗਲ, ਭਾਈ ਸਾਹਿਬ ਦੇ ਮੁਕਾਬਲੇ ਤੇ ਚੋਣ ਜਿੱਤ ਗਏ। 1979 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਗੂ ਜੀਵਨ ਸਿੰਘ ਉਮਰਾਨੰਗਲ ਨੇ ਬਿਆਸ ਹਲਕੇ ਤੋਂ ਭਾਈ ਅਮਰੀਕ ਸਿੰਘ ਨੂੰ ਚੋਣ ਵਿੱਚ ਹਰਾ ਦਿੱਤਾ। ਮਹਾਂਪੁਰਖਾਂ ਦੀ ਏਹ ਬਹੁਤ ਵੱਡੀ ਸੋਚ ਸੀ ਪਰ ਇਸ ਹਲਕੇ ਦੇ ਵਿੱਚ ਡੇਰਾਵਾਦੀਆਂ ਦਾ ਵੀ ਕਾਫੀ ਜੋਰ ਸੀ।
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਜਿੱਥੇ ਪੰਥ ਨੂੰ ਉੱਚ ਪੈਮਾਨੇ ਦੇ ਸਿੱਖ ਲੀਡਰ ਦਿੱਤੇ ਉਥੇ ਬਹੁਤ ਪਰਵਨਿਤ ਵਿਦਵਾਨ ਵੀ ਇਸ ਫੈਡਰੇਸ਼ਨ ਦੇ ਵਿੱਚੋਂ ਹੀ ਨਿਕਲੇ। ਜਿਹਨਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਗ੍ਰਿਹ ਮੰਤਰੀ ਸਰਦਾਰ ਬੂਟਾ ਸਿੰਘ, ਸਰਦਾਰ ਗੁਰਮੀਤ ਸਿੰਘ ਬਰਾੜ (ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਰਹੇ) ਸਰਦਾਰ ਸੁਰਜੀਤ ਸਿੰਘ ਮਿਨਹਾਸ ਪੰਜਾਬ ਅਸੈਂਬਲੀ ਦੇ ਸਪੀਕਰ ਰਹੇ, ਸਰਦਾਰ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ,ਤਾਮਿਲਨਾਡੂ ਉੱਤਰਾਖੰਡ, ਆਂਧਰਾ ਪ੍ਰਦੇਸ਼, ਓਡੀਸ਼ਾ (ਉੜੀਸਾ) ਦੇ ਗਵਰਨਰ ਰਹੇ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਪੁਡੂਚੇਰੀ ਦੇ ਲੈਫਟੀਨੈਂਟ ਗਵਰਨਰ ਰਹੇ। ਸਰਦਾਰ ਬੀਰਦਵਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ। ਸਰਦਾਰ ਜਗਮੀਤ ਸਿੰਘ ਬਰਾੜ ਐਮ.ਪੀ. ਅਤੇ ਡਾਕਟਰ ਜਸਵੰਤ ਸਿੰਘ ਨੇਕੀ, ਪਿੰ: ਸਤਿਬੀਰ ਸਿੰਘ, ਸਰਦਾਰ ਭਾਨ ਸਿੰਘ ਸਕੱਤਰ ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹੁਤ ਸਾਰੇ ਹੋਰ ਵੀ ਵਿਦਵਾਨ ਹਨ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੈਂਪਾਂ ਦੇ ਵਿੱਚੋਂ ਹੀ ਵਿਦਿਆ ਲੈ ਕੇ ਵਿਦਵਤਾ ਦੇ ਜਗਤ ਦੇ ਵਿੱਚ ਲੋਹਾ ਮਨਵਾਉਣ ਦੇ ਕਾਬਲ ਹੋਏ।
ਸਿੱਖਾਂ ਦੀਆਂ ਕੁਝ ਸਿਆਸੀ ਪਾਰਟੀਆਂ ਇਹਨਾਂ ਵਿਦਿਆਰਥੀਆਂ ਦੇ ਜੋਰ ਅਤੇ ਜੋਸ਼ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਝ ਚੁੱਕਿਆ ਸਨ।
ਇੰਜ ਇਨ੍ਹਾਂ ਪਾਰਟੀਆਂ ਨੇ ਆਪਣੀ ਲੋੜ ਮੁਤਾਬਿਕ ਨੌਜਵਾਨਾਂ ਦੀਆਂ ਜਥੇਬੰਦੀਆਂ ਨੂੰ ਆਪਣੀ ਪਾਰਟੀ ਦੇ ਯੂਥ ਵਿੰਗ ਵਜੋਂ ਹੋਂਦ ਵਿੱਚ ਲਿਆਂਦਾ। ਸ਼ਰੋਮਣੀ ਅਕਾਲੀ ਦਲ ਨੇ 1980ਵਿਆਂ ਦੇ ਦੌਰਾਨ, ਯੂਥ ਵਿੰਗ ਸ਼ਰੋਮਣੀ ਅਕਾਲੀ ਦਲ ਨੂੰ ਹੋਂਦ ਵਿੱਚ ਲਿਆਂਦਾ ਅਤੇ ਇਸ ਤੇ ਪਹਿਲੇ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਬਣਾਇਆ ਗਿਆ। ਉਸ ਵਕਤ ਆਮ ਸਿਖਾਂ ਦੇ ਵਿੱਚ ਇਹ ਪ੍ਰਭਾਵ ਗਿਆ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਹਰਿਆਵਲ ਸਾਖ ਨੂੰ ਖ਼ਤਮ ਕਰਨ ਵਾਸਤੇ ਹੀ ਯੂਥ ਵਿੰਗ ਦਾ ਗਠਨ ਕੀਤਾ ਗਿਆ ਹੈ।
1984 ਤੇ ਜੂਨ ਮਹੀਨੇ ਦੇ ਵਿੱਚ ਇੰਦਰਾ ਗਾਂਧੀ ਦੇ ਹੁਕਮਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਹੋਏ ਹਮਲੇ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ। ਉਸ ਵਕਤ ਲਗਭਗ ਫੈਡਰੇਸ਼ਨ ਦੀ ਸਾਰੀ ਲੀਡਰਸ਼ਿਪ ਜੋਧਪੁਰ ਜੇਲ ਦੇ ਵਿੱਚ ਨਜ਼ਰਬੰਦ ਕਰ ਦਿੱਤੀ ਗਈ।
ਜਿਨ੍ਹਾਂ ਵਿੱਚ ਭਾਈ ਮਨਜੀਤ ਸਿੰਘ, ਸਰਦਾਰ ਹਰਮਿੰਦਰ ਸਿੰਘ ਗਿੱਲ, ਸਰਦਾਰ ਵਿਰਸਾ ਸਿੰਘ ਵਲਟੋਹਾ, ਸਰਦਾਰ ਗੁਰਚਰਨ ਸਿੰਘ ਗਰੇਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਜਿਦਰ ਸਿੰਘ ਮਹਿਤਾ, ਭਾਈ ਕੁਲਬੀਰ ਸਿੰਘ ਗੰਡੀਵਿੰਡ ਆਦਿ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।
ਭਾਈ ਅਮਰੀਕ ਸਿੰਘ ਹੁਣਾਂ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਭਾਈ ਮਨਜੀਤ ਸਿੰਘ ਹੁਣਾਂ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਥਾਪਿਆ ਗਿਆ।
ਭਾਈ ਮਨਜੀਤ ਸਿੰਘ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਜਸਬੀਰ ਸਿੰਘ ਘੁੰਮਣ ਨੂੰ ਬਣਾਇਆ ਗਿਆ। ਸਰਦਾਰ ਘੁੰਮਣ, ਸਾਬਕਾ ਵਿਧਾਇਕ ਸਰਦਾਰ ਹਰਬੰਸ ਸਿੰਘ ਘੁੰਮਣ ਦੇ ਬੇਟੇ ਹਨ। ਉਹਨਾਂ ਤੋਂ ਬਾਅਦ ਭਾਈ ਹਰਮਿੰਦਰ ਸਿੰਘ ਗਿੱਲ ਨੂੰ ਫੈਡਰੇਸ਼ਨ ਤੇ ਪ੍ਰਧਾਨ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ।
ਸਾਲ 1989 ਦੇ ਦੌਰਾਨ ਫੈਡਰੇਸ਼ਨ ਦੇ ਲਗਭਗ ਸਾਰੀ ਹੀ ਵੱਡੇ ਲੀਡਰ ਜੇਲ੍ਹਾਂ ਦੇ ਵਿੱਚੋਂ ਰਿਹਾਅ ਕਰ ਦਿੱਤੇ ਗਏ। ਪਰ ਹੁਣ ਫੈਡਰੇਸ਼ਨ ਕਈ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਸੀ। ਭਾਈ ਅਮਰਜੀਤ ਸਿੰਘ ਚਾਵਲਾ ਅਤੇ ਭਾਈ ਰਜਿੰਦਰ ਸਿੰਘ ਮਹਿਤਾ ਨੇ ਆਪਣੀ ਵੱਖਰੀ ਫੈਡਰੇਸ਼ਨ ਬਣਾ ਲਈ।ਖਾੜਕੂ ਧਿਰਾਂ ਵੱਲੋਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਗੁਰਜੀਤ ਸਿੰਘ, ਭਾਈ ਗੁਰਨਾਮ ਸਿੰਘ ਬੁੱਟਰ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਮੁੱਖ ਚੇਹਰੇ ਸਨ ਭਾਈ ਮਨਜੀਤ ਸਿੰਘ ਤੋਂ ਬਾਅਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਦਾਰ ਹਰਮਿੰਦਰ ਸਿੰਘ ਗਿੱਲ ਪ੍ਰਧਾਨ ਬਣੇ ਅਤੇ ਸਕੱਤਰ ਜਨਰਲ ਵਜੋਂ ਸਰਦਾਰ ਕਰਨੈਲ ਸਿੰਘ ਪੀਰਮੁਹੰਮਦ ਨੂੰ ਸੇਵਾ ਸੌਂਪੀ ਗਈ।
ਜਿਸ ਵੇਲੇ ਫੈਡਰੇਸ਼ਨ ਨੂੰ ਧੜੇਬੰਦੀ ਨੇ ਆਣ ਘੇਰਿਆ ਤਾਂ ਨੌਜਵਾਨਾਂ ਦੀ ਏਕਤਾ ਬਹੁਤ ਜਰੂਰੀ ਸੀ, ਇਸੇ ਕਰਕੇ ਉਸ ਵਕਤ ਪੰਜ ਸਿੰਘ ਸਾਹਿਬ ਨੇ ਪੰਜ ਧੜਿਆਂ ਚ ਵੰਡੀ ਇਸ ਫੈਡਰੇਸ਼ਨ ਨੂੰ ਇਕੱਠਿਆ ਕੀਤਾ ਅਤੇ 19 ਜਨਵਰੀ 1995 ਵਾਲੇ ਦਿਨ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਸੇਵਾ ਸੌਂਪੀ ਗਈ। ਪ੍ਰਧਾਨਗੀ ਦੀ ਸੇਵਾ ਸੰਭਾਲਦਿਆਂ ਹੀ
ਭਾਈ ਸਾਹਿਬ ਨੇ ਜਿੱਥੇ ਬਾਕੀ ਦੀਆਂ ਉਹਨਾਂ ਸਾਰੀਆਂ ਪੁਰਾਤਨ ਰਿਵਾਇਤਾਂ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਣ ਦੇ ਲਈ ਅਣਥਕ ਜਤਨ ਆਰੰਭੇ ਉਥੇ ਨਾਲੋ ਹੀ ਨਾਲ ਇਸ ਗੱਲ ਦਾ ਖਾਸ ਖਿਆਲ ਰੱਖਿਆ ਕਿ ਫੈਡਰੇਸ਼ਨ ਦੇ ਵਿੱਚ ਹਰ ਪੱਖੋਂ ਏਕਤਾ ਦਾ ਬਣਿਆ ਰਹਿਣਾ ਬਹੁਤ ਜਰੂਰੀ ਹੈ।
ਭਾਈ ਕਰਨੈਲ ਸਿੰਘ ਪੀਰ ਮੁਹੰਮਦ ਹੁਣਾਂ ਨੇ ਭਾਈ ਹਰਿਮੰਦਰ ਸਿੰਘ ਗਿੱਲ ਹੁਣਾਂ ਦੇ ਨਾਲ ਮਿਲ ਕੇ ਫੈਡਰੇਸ਼ਨ ਨੂੰ ਪੂਰੀ ਮਜਬੂਤੀ ਦਿੱਤੀ ਅਤੇ ਬੁਲੰਦੀਆਂ ਤੱਕ ਲਿਜਾਣ ਦੇ ਲਈ ਅਣਥਕ ਸੇਵਾ ਨਿਭਾਈ।
ਸਾਲ 1999 ਦੇ ਦੌਰਾਨ ਜਦੋਂ ਖਾਲਸਾ ਪੰਥ, ਖਾਲਸਾ ਸਾਜਣਾ ਦਿਹਾੜੇ ਦੀ 300 ਵੀ ਸ਼ਤਾਬਦੀ ਮਨਾ ਰਿਹਾ ਸੀ, ਉਸ ਵਕਤ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਹੀ ਹੇਠ, ਸਰਦਾਰ ਹਰਮਿੰਦਰ ਸਿੰਘ ਗਿੱਲ ਅਤੇ ਸਰਦਾਰ ਕਰਨੈਲ ਸਿੰਘ ਪੀਰਮੁਹੰਮਦ ਦੀ ਰਹਿਨੁਮਾਈ ਅਤੇ ਮਹੰਤ ਮਨਜੀਤ ਸਿੰਘ ਦੇ ਯੋਗ ਪ੍ਰਬੰਧਾਂ ਅਧੀਨ, ਜੰਮੂ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਖਾਲਸਾ ਮਾਰਚ ਕੱਢਿਆ। ਜੰਮੂ ਕਸ਼ਮੀਰ ਦੇ ਉਸ ਵਕਤ ਦੇ ਮੁੱਖ ਮੰਤਰੀ ਫ਼ਾਰੁਕ਼ ਅਬਦੁਲਾ, ਖਾਲਸਾ ਮਾਰਚ ਨਾਲ ਮਾਧੋਪੁਰ ਤਕ ਆਏ।
ਇਸ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਾਮਿਲ ਹੋ ਕੇ ਇਸ ਨਗਰ ਕੀਰਤਨ ਦਾ ਆਨੰਦ ਮਾਣਿਆ।
ਸਾਲ 1999 ਦੇ ਦੌਰਾਨ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਹੁਣਾਂ ਨੂੰ ਜਦੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਹੋਣ ਦਾ ਮੁਬਾਰਕ ਮੌਕਾ ਮਿਲਿਆ ਤਾਂ ਆਪ ਜੀ ਦੀ ਯੋਗ ਅਗਵਾਈ ਹੇਠ ਇਕ ਪਾਸੇ ਜਿੱਥੇ ਫੈਡਰੇਸ਼ਨ ਨੂੰ ਇੱਕ ਵਾਰੀ ਫੇਰ ਉਹੀ ਪੁਰਾਤਨ ਸਮੇਂ ਵਾਲੀ ਮਜਬੂਤੀ ਮਿਲੀ ਉਥੇ ਇਕ ਵਾਰੀ ਫੇਰ ਉਸੇ ਹੀ ਫੈਡਰੇਸ਼ਨ ਦੇ ਅਸਲ ਮਕਸਦ ਦੇ ਨਾਲ ਸਿੱਖ ਵਿਦਿਆਰਥੀਆਂ ਨੇ ਮਾਂ ਬੋਲੀ ਪੰਜਾਬੀ ਦੀ ਸੇਵਾ ਪੱਖੋਂ ਅਤੇ ਧਰਮ ਦੀ ਪ੍ਰਫੁੱਲਤਾ ਪੱਖੋਂ ਬੜੀ ਤੇਜ਼ੀ ਦੇ ਨਾਲ ਕਦਮ ਅਗਾਂ ਵਧਾਏ। ਪੀਰਮੁਹੰਮਦ ਹੁਣਾਂ ਦੀ ਪ੍ਰਧਾਨਗੀ ਦੇ ਸਮੇਂ ਦੇ ਦੌਰਾਨ ਅਨੇਕਾਂ ਹੀ ਫੈਡਰੇਸ਼ਨ ਦੇ ਕੈਂਪ ਲਗਾਏ ਗਏ ਅਤੇ ਪੰਥਕ ਕਾਰਜਾਂ ਦੇ ਵਿੱਚ ਫੈਡਰੇਸ਼ਨ ਨੇ ਵੱਧ ਚੜ ਕੇ ਹਿੱਸਾ ਪਾਇਆ।
ਸਾਲ 2007 ਦੇ ਦੌਰਾਨ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਹੁਣਾਂ ਨੇ 1984 ਦੇ ਸਿੱਖਾਂ ਦੀ ਨਸਲ ਕੁਸ਼ੀ ਦੇ ਪੀੜਤਾਂ ਦੇ ਲਈ ਇਨਸਾਫ ਲੈਣ ਦੇ ਲਈ ਇੱਕ ਦਸਤਖਤ ਮੁਹਮ ਚਲਾਈ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕੀਤੀ ਗਈ। ਇਹ ਮੁਹਿੰਮ ਆਪਣੇ ਆਪ ਦੇ ਵਿੱਚ ਇਕ ਅਜਿਹੀ ਮੁਹਿੰਮ ਸੀ ਜਿਸਦਾ ਸਿਰਫ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਸਿੱਖਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
29 ਅਪ੍ਰੈਲ 2013 ਵਾਲੇ ਦਿਨ ਜਦੋਂ ਦਿੱਲੀ ਦੀ ਕੜਕੜਡੂਮਾ ਅਦਾਲਤ ਦੇ ਜ਼ਿਲ੍ਹਾ ਜੱਜ ਜੇ. ਆਰ. ਆਰੀਅਨ ਨੇ ਸਿੱਖਾਂ ਦੇ ਕਥਿਤ ਕਾਤਲ ਸੱਜਣ ਕੁਮਾਰ ਦੇ ਨਾਲ ਨਿਰਮਾਈ ਦਿਖਾਂਦੇ ਹੋਇਆਂ ਉਸ ਨੂੰ ਬਰੀ ਕਰਨ ਦੇ ਹੁਕਮ ਦਿੱਤੇ ਤਾਂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਰੋਸ ਵਜੋਂ, ਜੁੱਤੀ ਲਾਹ ਕੇ ਜੱਜ ਵੱਲ ਵਗਾਹ ਮਾਰੀ। ਦਿੱਲੀ ਪੁਲਿਸ ਵੱਲੋਂ ਉਹਨਾਂ ਨੂੰ ਉਸੇ ਵਕਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਦਿੱਲੀ ਦੀ ਤਿਹਾੜ ਜੇਲ ਦੇ ਵਿੱਚ ਭੇਜ ਦਿੱਤਾ ਗਿਆ।।
ਮੌਜੂਦਾ ਵਕਤ ਦੇ ਵਿੱਚ ਭਾਈ ਕਵਰਚੜਤ ਸਿੰਘ, ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਜਥੇਬੰਦੀ ਦੀ ਅਗਵਾਹੀ ਕਰਦਿਆਂ ਹੋਇਆਂ ਆਪਣੀ ਤਨਦੇਹੀ ਦੇ ਨਾਲ ਸੇਵਾਵਾਂ ਨਿਭਾ ਰਹੇ ਹਨ।
ਅੱਜ ਦੇ ਦਿਨ ਭਾਵ 13 ਸਤੰਬਰ 2026 ਵਾਲੀ ਸਵੇਰ, 10 ਵਜੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਰਦਾਰ ਕਰਨੈਲ ਸਿੰਘ ਪੀਰਮੁਹਮਦ ਅਤੇ ਫੈਡਰੇਸ਼ਨ ਦੇ ਪ੍ਰਧਾਨ ਕਵਰਚੜਤ ਸਿੰਘ ਇਕੱਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ, ਬੰਦੀ ਸਿੰਘਾਂ ਦੀ ਰਿਹਾਈ , ਪੰਥਕ ਏਕਤਾ, ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਪੀਰ ਮੁਹੰਮਦ ਹੁਣਾਂ ਨੇ ਦੱਸਿਆ ਹੈ ਕਿ ਫੈਡਰੇਸ਼ਨ ਵੱਲੋਂ ਪੰਥਕ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਅੰਤ ਵਿੱਚ, ਜੂਨ 1984 ਵਿਚ ਜਦੋਂ ਅਪਰੇਸ਼ਨ ਬਲਿਊ ਸਟਾਰ ਦੇ ਨਾਂ ਹੇਠ ਇੰਦਰਾ ਗਾਂਧੀ ਨੇ ਹਿੰਦੂਸਤਾਨ ਦੀਆਂ ਫੌਜਾਂ ਰਾਹੀਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਬ ਦੇ ਹੋਰ ਅਨੇਕਾਂ ਗੁਰਦੁਆਰਾ ਅਸਥਾਨਾਂ ਤੇ ਟੈਂਕ ਚਾੜ ਕੇ ਸਿੱਖਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਤਾਂ ਫੈਡਰੇਸ਼ਨ ਨੇ ਆਪਣੇ ਨਾਂ ਨਾਲੋ "ਆਲ ਇੰਡੀਆ" ਸ਼ਬਦ ਨੂੰ ਹਟਾ ਦਿੱਤਾ ਸੀ।
(ਆਲ ਇੰਡੀਆ ਸਿਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸਰਦਾਰ ਕਮਲਜੀਤ ਸਿੰਘ ਬਿੱਟਾ ਹੁਣਾਂ ਦੇ ਧੰਨਵਾਦ ਸਹਿਤ ਮਿਲੀ ਜਾਣਕਾਰੀ ਉੱਪਰ ਆਧਾਰਿਤ)
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ (ਡਾ.)

-
ਗੁਰਦੀਪ ਸਿੰਘ ਜਗਬੀਰ (ਡਾ.), writer
gurdeep
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.