ਪੰਜਾਬ ਕੇਂਦਰੀ ਯੂਨੀਵਰਸਿਟੀ ਤੇ ਮਿਜ਼ੋਰਮ ਯੂਨੀਵਰਸਿਟੀ ਵਿਚਕਾਰ ਸਮਝੌਤਾ ਪੱਤਰ 'ਤੇ ਦਸਤਖਤ
ਅਸ਼ੋਕ ਵਰਮਾ
ਬਠਿੰਡਾ, 26 ਨਵੰਬਰ 2026: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀ.ਯੂ. ਪੰਜਾਬ), ਬਠਿੰਡਾ ਵੱਲੋਂ ਹਾਲ ਹੀ ਵਿੱਚ ਮਿਜ਼ੋਰਮ ਯੂਨੀਵਰਸਿਟੀ, ਆਈਜ਼ੌਲ ਨਾਲ ਆਪਸੀ ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਸਮਝੌਤਾ ਪੱਤਰ (ਐੱਮ.ਓ.ਯੂ.) ਸਹੀਬੱਧ ਕੀਤਾ ਗਿਆ ਹੈ। ਇਸ ਭਾਈਵਾਲੀ ਦਾ ਉਦੇਸ਼ ਦੋਵਾਂ ਯੂਨੀਵਰਸਿਟੀਆਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਸਾਂਝੀ ਖੋਜ, ਅਕਾਦਮਿਕ ਆਦਾਨ-ਪ੍ਰਦਾਨ ਅਤੇ ਉਪਲਬਧ ਸਰੋਤਾਂ ਦੀ ਸਾਂਝ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਐੱਮ.ਓ.ਯੂ. 'ਤੇ ਸੀ.ਯੂ. ਪੰਜਾਬ ਦੇ ਕਾਰਜਕਾਰੀ ਵਾਈਸ-ਚਾਂਸਲਰ ਪ੍ਰੋ. ਰਾਮਾਕ੍ਰਿਸ਼ਨਾ ਵੁਸਿਰਿਕਾ ਦੀ ਸਰਪ੍ਰਸਤੀ ਹੇਠ ਹਸਤਾਖਰ ਕੀਤੇ ਗਏ। ਹਸਤਾਖਰ ਸਮਾਰੋਹ ਵਿੱਚ ਸੀ.ਯੂ. ਪੰਜਾਬ ਦੇ ਰਜਿਸਟਰਾਰ ਡਾ. ਵਿਜੇ ਸ਼ਰਮਾ; ਸੀ.ਯੂ. ਪੰਜਾਬ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੇ ਮੁਖੀ ਅਤੇ ਸੂਚਨਾ ਤੇ ਸੰਚਾਰ ਅਧਿਐਨ ਫੈਕਲਟੀ ਦੇ ਡੀਨ ਪ੍ਰੋ. ਭਵ ਨਾਥ ਪਾਂਡੇ; ਅਤੇ ਮਿਜ਼ੋਰਮ ਯੂਨੀਵਰਸਿਟੀ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਮਨੋਜ ਕੁਮਾਰ ਵਰਮਾ ਹਾਜ਼ਰ ਰਹੇ।
ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਆਈ.ਕਿਊ.ਏ.ਸੀ. ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ; ਸਕੂਲ ਓਫ ਐਜੂਕੇਸ਼ਨ ਦੇ ਡੀਨ ਪ੍ਰੋ. ਐੱਸ. ਐੱਸ. ਢਿੱਲੋਂ; ਸਮਾਜ ਸ਼ਾਸਤਰ ਵਿਭਾਗ ਦੀ ਮੁਖੀ ਪ੍ਰੋ. ਨੀਲੂ ਰਾਵਤ; ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ ਅਤੇ ਸੀ.ਯੂ. ਪੰਜਾਬ ਕਮਿਊਨਿਟੀ ਰੇਡੀਓ ਦੇ ਡਾਇਰੈਕਟਰ ਡਾ. ਰੂਬਲ ਕਨੌਜੀਆ; ਪ੍ਰੋ. ਮਹਿੰਦਰ ਕੁਮਾਰ; ਡਾ. ਰਿਸ਼ਭ ਸ੍ਰੀਵਾਸਤਵ; ਅਤੇ ਡਾ. ਫਲੋਰੈਂਸ ਗੁਇਟੇ ਸਮੇਤ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਸ਼ਾਮਲ ਸਨ।
ਇਸ ਮੌਕੇ ਸੀ.ਯੂ. ਪੰਜਾਬ ਦੇ ਕਾਰਜਕਾਰੀ ਵਾਈਸ-ਚਾਂਸਲਰ ਪ੍ਰੋ. ਰਾਮਾਕ੍ਰਿਸ਼ਨਾ ਵੁਸਿਰਿਕਾ ਨੇ ਇਸ ਸਮਝੌਤਾ ਪੱਤਰ ਨੂੰ ਨੇਪਰੇ ਚਾੜ੍ਹਨ ਵਿੱਚ ਦਿੱਤੇ ਸਹਿਯੋਗ ਲਈ ਮਿਜ਼ੋਰਮ ਯੂਨੀਵਰਸਿਟੀ, ਆਈਜ਼ੌਲ ਦੇ ਮਾਣਯੋਗ ਵਾਈਸ-ਚਾਂਸਲਰ ਪ੍ਰੋ. ਦਿਬਾਕਰ ਚੰਦਰ ਡੇਕਾ ਦਾ ਧੰਨਵਾਦ ਕੀਤਾ।
ਇਹ ਸਮਝੌਤੇ ਤਹਿਤ ਯੂਨੀਵਰਸਿਟੀ ਦੀਆਂ ਨੀਤੀਆਂ ਅਨੁਸਾਰ ਸਾਂਝੀ ਖੋਜ, ਅਕਾਦਮਿਕ ਸਮਾਗਮਾਂ ਅਤੇ ਵਿਦਿਆਰਥੀ-ਅਧਿਆਪਕ ਆਦਾਨ-ਪ੍ਰਦਾਨ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਸਮਝੌਤੇ ਤਹਿਤ ਸੀ.ਯੂ. ਪੰਜਾਬ ਉਪਲਬਧ ਸਰੋਤਾਂ ਦੇ ਆਧਾਰ 'ਤੇ ਮਿਜ਼ੋਰਮ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਨੂੰ ਅਕਾਦਮਿਕ, ਤਕਨੀਕੀ ਅਤੇ ਬੁਨਿਆਦੀ ਢਾਂਚਾਗਤ ਸਹਿਯੋਗ ਦੇਵੇਗਾ ਅਤੇ ਸਿੱਖਿਆ ਪ੍ਰਣਾਲੀਆਂ ਦੀ ਤਰੱਕੀ ਲਈ ਇੱਕ ਮੰਚ ਸਥਾਪਤ ਕਰੇਗਾ। ਦੂਜੇ ਪਾਸੇ, ਮਿਜ਼ੋਰਮ ਯੂਨੀਵਰਸਿਟੀ ਸਾਂਝੀ ਰੁਚੀ ਵਾਲੇ ਖੇਤਰਾਂ ਵਿੱਚ ਖੋਜ ਨੂੰ ਉਤਸ਼ਾਹਿਤ ਕਰੇਗੀ ਅਤੇ ਆਪਣੇ ਨੈੱਟਵਰਕ ਰਾਹੀਂ ਸੀ.ਯੂ. ਪੰਜਾਬ ਦੀਆਂ ਅਕਾਦਮਿਕ ਅਤੇ ਖੋਜ ਸਹੂਲਤਾਂ ਦਾ ਪ੍ਰਚਾਰ-ਪ੍ਰਸਾਰ ਕਰੇਗੀ। ਇਸ ਨਾਲ ਦੋਵਾਂ ਸੰਸਥਾਵਾਂ ਵਿਚਕਾਰ ਵਿਦਿਆਰਥੀ-ਅਧਿਆਪਕ ਆਦਾਨ-ਪ੍ਰਦਾਨ ਨੂੰ ਹੁਲਾਰਾ ਮਿਲੇਗਾ ਅਤੇ ਅਕਾਦਮਿਕ ਸੰਵਾਦ ਦੇ ਨਵੇਂ ਮੌਕੇ ਪੈਦਾ ਹੋਣਗੇ।
ਇਹ ਸਮਝੌਤਾ ਪੱਤਰ ਹਸਤਾਖਰ ਹੋਣ ਦੀ ਮਿਤੀ ਤੋਂ ਪੰਜ ਸਾਲਾਂ ਦੀ ਮਿਆਦ ਲਈ ਪ੍ਰਭਾਵੀ ਰਹੇਗਾ ਅਤੇ ਆਪਸੀ ਲਿਖਤੀ ਸਹਿਮਤੀ ਨਾਲ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਹ ਸਮਝੌਤਾ ਪੱਤਰ ਆਪਣੀਆਂ ਅਕਾਦਮਿਕ ਅਤੇ ਅੰਤਰ-ਯੂਨੀਵਰਸਿਟੀ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੇ ਸੀ.ਯੂ. ਪੰਜਾਬ ਦੇ ਨਿਰੰਤਰ ਯਤਨਾਂ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
- Download Babushahi App
-
-