ਪ੍ਰਸ਼ਾਸਨ ਵੱਲੋਂ 27 ਨਵੰਬਰ ਨੂੰ ਰਾਤ 8 ਵਜੇ ਸਰਕਾਰੀ ਕੁਆਟਰ ਦਰਜਾ-3 ਬਠਿੰਡਾ ‘ਚ ਹੋਵੇਗੀ ਮੌਕ ਡਰਿੱਲ
ਐੱਸ.ਡੀ.ਐਮ. ਬਠਿੰਡਾ ਵੱਲੋਂ ਤਿਆਰੀਆਂ ਸਬੰਧੀ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 26 ਨਵੰਬਰ 2026 :ਸਿਵਲ ਡਿਫੈਂਸ ਤਿਆਰੀਆਂ ਦੀ ਪਰਖ ਲਈ ਸਰਕਾਰੀ ਕੁਆਟਰ ਦਰਜਾ-3 ਬਠਿੰਡਾ ਵਿੱਚ 27 ਨਵੰਬਰ, 2026 ਨੂੰ ਰਾਤ 8:00 ਵਜੇ ਮੌਕ ਡਰਿੱਲ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਸਹਾਇਕ ਕਮਿਸ਼ਨਰ ਸ੍ਰੀ ਗੁਰਜਿੰਦਰ ਸਿੰਘ ਅਤੇ ਉਪ ਮੰਡਲ ਮਜਿਸਟਰੇਟ ਬਠਿੰਡਾ ਸ਼੍ਰੀ ਅਮਨਦੀਪ ਸਿੰਘ ਮਾਵੀ ਨੇ ਇਸ ਮੌਕ ਡਰਿੱਲ ਦੇ ਪ੍ਰਬੰਧਾਂ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਅਭਿਆਸ ਦੌਰਾਨ ਜ਼ਮੀਨੀ ਪੱਧਰ 'ਤੇ ਤਾਲਮੇਲ ਦੀ ਪਰਖ ਲਈ ਵੱਖ-ਵੱਖ ਅਹਿਮ ਹੰਗਾਮੀ ਕਾਰਜਾਂ ਦਾ ਅਭਿਆਸ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਅੱਗ ਬੁਝਾਊ ਕਾਰਵਾਈਆਂ, ਖੋਜ ਅਤੇ ਬਚਾਅ ਕਾਰਜ, ਫਸਟ ਏਡ ਅਤੇ ਡਾਕਟਰੀ ਸਹਾਇਤਾ, ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਨਾਲ-ਨਾਲ ਟ੍ਰੈਫਿਕ ਅਤੇ ਭੀੜ ਨੂੰ ਕੰਟਰੋਲ ਕਰਨ ਦੇ ਉਪਾਅ ਸ਼ਾਮਲ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਅਭਿਆਸ ਦੌਰਾਨ ਕਿਸੇ ਵੀ ਪੱਖੋਂ ਘਬਰਾਹਟ ਨਾ ਪੈਦਾ ਕੀਤੀ ਜਾਵੇ ਕਿਉਂਕਿ ਇਹ ਸਿਵਲ ਡਿਫੈਂਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਰਵਾਇਆ ਜਾ ਰਿਹਾ ਇੱਕ ਰੁਟੀਨ ਅਭਿਆਸ ਹੈ। ਇਸ ਦੌਰਾਨ ਦੋ ਮਿੰਟਾਂ ਲਈ ਉੱਚੀ-ਨੀਵੀਂ ਆਵਾਜ਼ ਵਾਲੇ ਸਾਇਰਨ ਵਜਾ ਕੇ ਸੰਕੇਤ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਸ਼ਨਾਖਤ ਕੀਤੇ ਗਏ ਸਰਕਾਰੀ ਕੁਆਟਰ ਦਰਜਾ-3 ਬਠਿੰਡਾ ਦੇ ਇਲਾਕੇ ਵਿੱਚ ਰਾਤ 8 ਵਜੇ ਤੋਂ ਮੌਕ ਡਰਿੱਲ ਅਭਿਆਸ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਇਹ ਮੌਕ ਡਰਿੱਲ ਗ੍ਰਹਿ ਮੰਤਰਾਲੇ, ਭਾਰਤ ਸਰਕਾਰ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੀਤੀ ਜਾ ਰਹੀ ਹੈ।
ਮੀਟਿੰਗ ਦੌਰਾਨ ਰੈਡ ਕਰਾਸ ਸਕੱਤਰ ਸ੍ਰੀ ਦਰਸ਼ਨ ਕੁਮਾਰ ਤੋਂ ਇਲਾਵਾ ਐਨ.ਡੀ.ਆਰ.ਐਫ., ਪੀ.ਐਸ.ਪੀ.ਸੀ.ਐਲ., ਸਿਹਤ ਵਿਭਾਗ, ਨਗਰ ਨਿਗਮ, ਪੁਲਿਸ ਵਿਭਾਗ, ਬੀ.ਐਸ.ਐਨ.ਐਲ. ਆਦਿ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।
- Download Babushahi App
-
-