ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਦੀ ਅਗਵਾਈ ਵਿੱਚ ਸਮੂਹ ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ
ਹਾਥੀ, ਘੋੜੇ ਊਠ ਨਿਹੰਗ ਸਿੰਘਾਂ ਦੇ ਕਾਫਲੇ ‘ਚ ਸ਼ਾਮਲ- ਫੌਜੀ ਬੈਂਡ ਵਾਜਿਆਂ, ਢੋਲ ਨਗਾਰਿਆਂ ਤੇ ਨਰਸਿੰਙਿਆਂ ਨੇ ਲੋਕਾਂ ਦਾ ਧਿਆਨ ਖਿੱਚਿਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਦਸਮ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਦਲਾਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਅਤੇ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਛਤਰ ਛਾਇਆ ਹੇਠ ਨਜ਼ਦੀਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਮਹੱਲੇ ਦੀ ਆਰੰਭਤਾ ਹੋਈ।ਇਸ ਤੋਂ ਪਹਿਲਾਂ ਗੁਰਦੁਆਰਾ ਬੇਰ ਸਾਹਿਬ ਦੇ ਨਜ਼ਦੀਕ ਪਹਿਲਾਂ ਆਖੰਡ ਪਾਠਾਂ ਦੇ ਭੋਗ ਨਿਹੰਗ ਸਿੰਘਾਂ ਦੀ ਚਲੀ ਆਉਦੀ ਮਰਿਯਾਦਾ ਅਨੁਸਾਰ ਪਾਏ ਗਏ। ਇਸ ਮੌਕੇ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਮਨੋਰਥ ਕੀਰਤਨ ਕੀਤਾ।
ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਮਹੱਲਾ ਅਰੰਭਤਾ ਦੀ ਅਰਦਾਸ ਕੀਤੀ ਤੇ ਸਾਰੀਆਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਵੱਖ-ਵੱਖ ਨਿਹੰਗ ਸਿੰਘ ਦਲਾਂ ਦੇ ਮੁਖੀ ਸਾਹਿਬਾਨ ਨੂੰ ਸਨਮਾਨਿਤ ਕੀਤਾ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਵੱਲੋਂ ਸਿਰਜਿਆ ਸਮਾਜ ਉਨ੍ਹਾਂ ਦੇ ਗੁਰਬਾਣੀ ਫਲਸਫੇ ਤੋਂ ਭਲੀਭਾਂਤ ਪ੍ਰਗਟ ਹੁੰਦਾ ਹੈ।ਅਜੋਕੇ ਸਮੇਂ ਵਿਸ਼ਾਲ ਪੱਧਰ ਤੇ ਮਾਨਵ ਜੀਵਨ ਦੀ ਅੰਮ੍ਰਿਤ ਰੂਪੀ ਕਟੋਰੀ ਵਿੱਚ ਜੋ ਨਿਜਵਾਦ, ਨਿਜਲ਼ਾਭ, ਵੱਖਵਾਦ, ਨਸਲਵਾਦ, ਹੰਕਾਰਵਾਦ ਦਾ ਜ਼ਹਿਰ ਘੁਲ ਰਿਹਾ ਹੈ, ਉਸ ਦਾ ਮੁੱਖ ਕਾਰਨ ਅਸੀਂ ਗੁਰੂ ਨਾਨਕ ਸਾਹਿਬ ਦੇ ਸਭਿਆਚਾਰਕ ਕੀਮਤਾਂ ਨਾਲੋਂ ਟੁੱਟ ਰਹੇ ਹਾਂ।ਸਾਨੂੰ ਗੁਰੂ ਮਹਾਰਾਜ ਦੀ ਬਾਣੀ ਨੂੰ ਸਮਝਣਾ ਚਾਹੀਦਾ ਹੈ ਤੇ ਉਸੇ ਅਨੁਸਾਰ ਆਪਣੀ ਜੀਵਨ ਜੁਕਤ ਨੂੰ ਢਾਲਦੇ ਹੋਏ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣ ਦੇ ਫਲਸਫੇ ਨੂੰ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਨਿਹੰਗ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਦੀਆਂ ਲਾਡਲੀਆਂ ਫੋਜਾਂ ਨਿਹੰਗ ਸਿੰਂਘ ਦਲਾਂ ਵਲੋਂ ਰਲ ਕੇ ਮਹੱਲਾ ਕੱਢਿਆ ਜਾ ਰਿਹਾ ਹੈ। ਬੁੱਢਾ ਦਲ ਗੁਰੂ ਮਹਾਰਾਜ ਦੀਆਂ ਅਪਾਰ ਬਖਸ਼ਿਸ਼ਾਂ ਰਹੀਆਂ ਹਨ ਤਰਨਾ ਦਲ ਬੁੱਢਾ ਦਲ ਤੋਂ ਸਹਿਯੋਗ ਤੇ ਅਗਵਾਈ ਲੈ ਕੇ ਕੌਮ ਦੀ ਚੜਦੀ ਕਲਾ ਲਈ ਯੋਗ ਦਾਨ ਪਾਉਂਦੇ ਰਹੇ ਹਨ। ਹਰ ਮੋਰਚੇ ਤੇ ਨਿਹੰਗ ਸਿੰਘ ਅੱਗੇ ਹੋ ਕੇ ਕੁਰਬਾਨੀਆਂ ਦੇਂਦੇ ਰਹੇ ਹਨ।ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਬਿਧੀ ਚੰਦ ਨਿਹੰਗ ਸਿੰਘਾਂ ਦੀ ਜੱਥੇਬੰਦੀ ਨੇ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਮਹੱਲੇ ‘ਚ ਸਮੂਲੀਅਤ ਕੀਤੀ ਉਪਰੰਤ ਮਹੱਲੇ ਦੀ ਆਰੰਭਤਾ ਹੋਈ।
ਮਹੱਲੇ ਵਿੱਚ ਨਿਹੰਗ ਸਿੰਘ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘਾਂ ਨੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਸਮੂਲੀਅਤ ਕੀਤੀ।ਨਿਹੰਗ ਸਿੰਘਾਂ ਨੇ ਸੁੰਦਰ ਦੁਮਾਲਿਆਂ ਤੇ ਚੱਕ੍ਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ ਤੇ ਲੱਕ ਪਿਛੇ ਢਾਲਾਂ ਸਜਾਏ, ਹੱਥਾਂ ਵਿੱਚ ਨੇਜੇ, ਖੰਡੇ ਫੜੀ, ਨੀਲਿਆਂ ਕੇਸਰੀ ਬਾਣਿਆਂ ਵਿੱਚ ਜੰਗੀ ਮਾਹੌਲ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਇਸ ਮੌਕੇ ਨਿਹੰਗ ਸਿੰਘਾਂ ਦਾ ਇੱਕ ਵਿਸ਼ਾਲ ਕਾਫਲਾ ਹਾਥੀਆਂ, ਊਠਾਂ, ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਗੁਰਦੁਅਰਾ ਹੱਟ ਸਾਹਿਬ, ਮੱਹਲਾ ਕੱਦਗ੍ਰਾ, ਚੌਂਕ ਝਟਕੀਆਂ, ਸਤਿਗੁਰੂ ਬਜ਼ਾਰ ਰਾਹੀਂ ਮਹੱਲਾ ਰਿਸ਼ੀ ਨਗਰ ਚੌਂਕ ਚੇਲਿਆ ਵਾਲਾ, ਗੁਰਦੁਅਰਾ ਸ੍ਰੀ ਕੋਠੜੀ ਸਾਹਿਬ, ਗੁਰੂ ਕਾ ਬਾਗ, ਐਸ.ਡੀ ਕਾਲਜ, ਮਹੱਲਾ ਹਕੀਮਾਂ, ਨਿਊ ਮਾਡਲ ਟਾਊਨ , ਸ਼ਹੀਦ ਊਧਮ ਸਿੰਘ ਚੌਕ, ਗੇਟ ਸੰਤ ਘਾਟ ਦਾਣਾ ਮੰਡੀ ਰਾਹੀ ਹੁੰਦਾ ਹੋਇਆ ਗੁਰਦੁਆਰਾ ਸੰਤ ਘਾਟ ਦੇ ਨਜ਼ਦੀਕ ਗਰਾਊਡ ਵਿਖੇ ਵਾਜਿਆਂ ਗਾਜਿਆਂ, ਸਮੇਤ ਪੁੱਜਾ। ਘੋੜਿਆਂ ਦੀ ਦੌੜ ਤੇ ਨਿਹੰੰਗ ਸਿੰਘ ਦੇ ਜੰਗੀ ਕਰਤੱਵ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਾਜ਼ਰ ਸਨ।ਬੈਡ ਵਾਜਿਆਂ ਦੀਆਂ ਸੁੰਦਰ ਧੁੰਨਾਂ ਢੋਲ ਨਗਾਰਿਆਂ ਦੀਆਂ ਚੋਟਾਂ ਤੇ ਨਰਸਿੰਙੇ ਵਜਾਉਂਦੇ ਨਿਹੰਗ ਸਿੰਘ ਗਰਾਂਉਡ ਵਿੱਚ ਸ਼ਾਮਲ ਹੋਏ।ਉਪਰੰਤ ਨਿਹੰਗ ਸਿੰਘਾਂ ਨੇ ਗਤਕਾ,ਘੌੜ ਦੌੜ, ਨੇਜੇ ਨਾਲ ਕਿਲੇ੍ਹ ਪੁੱਟੇ ਅਤੇ ਇੱਕ ਤੋਂ ਦੋ, ਦੋ ਤੋਂ ਚਾਰ ਤੇ ਚਾਰ ਤੋਂ ਛੇ ਘੋੜਿਆਂ ਦੀ ਸਵਾਰੀ ਕਰਕੇ ਜੰਗੀ ਕਰਤੱਬ ਦਿਖਾਏ।
ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਪੰਜਵਾਂ ਤਖ਼ਤ, ਤੋਂ ਇਲਾਵਾ ਬਾਬਾ ਨਾਗਰ ਸਿੰਘ, ਬਾਬਾ ਨੌਰੰਗ ਸਿੰਘ, ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਰਾਜਸਭਾ ਦੇ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਮੇਜਰ ਸਿੰਘ, ਬਾਬਾ ਅਵਤਾਰ ਸਿੰਘ ਬਿਧੀ ਚੰਦ, ਬਾਬਾ ਨੌਰੰਗ ਸਿੰਘ, ਈਸ਼ਰ ਸਿੰਘ , ਦਰਸ਼ਨ ਸਿੰਘ ਆਦਿ ਵੱਡੀ ਗਿਣਤੀ ਵਿੱਚ ਵੱਖ ਵੱਖ ਨਿਹੰਗ ਸਿੰਘਾਂ ਜਥੇਬੰਦੀਆਂ ਦੇ ਦਲ ਹਾਜ਼ਰ ਸਨ।
- Download Babushahi App
-
-