ਕਦਮ ਦਰ ਕਦਮ ਮਾਂ ਬੋਲੀ ਦੇ ਨਾਲ, ਹੁਣ ਲੈਵਲ 4 ਦੀ ਨਵੀਂ ਉਡਾਨ! ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ (ISSNZ) ਦੀ ਵੱਡੀ ਪ੍ਰਾਪਤੀ - 2027 ਦੇ ਸ਼ੁਰੂ ਵਿੱਚ ਲੱਗਣਗੀਆਂ ਕਲਾਸਾਂ
ਆਨਲਾਈਨ ਅਤੇ ਆਫ਼ਲਾਈਨ ਦੋਵਾਂ ਤਰੀਕਿਆਂ ਨਾਲ ਪੜ੍ਹਾਈ ਕਰ ਸਕਣਗੇ ਨਿਊਜ਼ੀਲੈਂਡ ਭਰ ਦੇ ਵਿਦਿਆਰਥੀ
ਨਿਊਜ਼ੀਲੈਂਡ ਵਿੱਚ ਮਾਂ ਬੋਲੀ ਪੰਜਾਬੀ ਦੀ ਇਤਿਹਾਸਕ ਪੁਲਾਂਘ: ਲੈਵਲ 4 ਕੋਰਸ ਨੂੰ ਮਿਲੀ ਸਰਕਾਰੀ ਮਾਨਤਾ
ਮਾਂ ਬੋਲੀ ਨਾਲ ਜੁੜੀਏ, ਆਪਣੀ ਪਛਾਣ ਬਣਾਈਏ — ਆਓ ਪੰਜਾਬੀ ਪੜ੍ਹੀਏ ਤੇ ਪੜ੍ਹਾਈਏ!
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 25 ਨਵੰਬਰ 2026:- ਨਿਊਜ਼ੀਲੈਂਡ ਦੀ ਧਰਤੀ ’ਤੇ ਵੱਸਦੇ ਪੰਜਾਬੀ ਭਾਈਚਾਰੇ ਲਈ ਇੱਕ ਹੋਰ ਮਾਣਮੱਤੀ ਤੇ ਇਤਿਹਾਸਕ ਖ਼ਬਰ ਹੈ ਕਿ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ (ISSNZ) ਵੱਲੋਂ ਤਿਆਰ ਕੀਤੇ ਗਏ ‘ਸਰਟੀਫਿਕੇਟ ਇਨ ਪੰਜਾਬੀ ਲੈਂਗੂਏਜ (ਲੈਵਲ 4)’ ਪ੍ਰੋਗਰਾਮ ਨੂੰ ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਟੀ (NZQA) ਵੱਲੋਂ ਹਰੀ ਝੰਡੀ ਮਿਲ ਗਈ ਹੈ। 60 ਕ੍ਰੈਡਿਟਾਂ ਵਾਲਾ ਇਹ ਕੋਰਸ ਵਿਦਿਆਰਥੀਆਂ ਨੂੰ ਲੈਵਲ 3 ਤੋਂ ਅੱਗੇ ਆਪਣੀ ਮਾਂ ਬੋਲੀ ਪੰਜਾਬੀ ਦੀ ਉਚੇਰੀ ਪੜ੍ਹਾਈ ਜਾਰੀ ਰੱਖਣ ਦਾ ਸੁਨਹਿਰੀ ਮੌਕਾ ਦੇਵੇਗਾ। ਇਸ ਵੇਲੇ ਲੈਵਲ 3 ਦਾ ਪਹਿਲਾ ਬੈਚ ਸਫ਼ਲਤਾਪੂਰਵਕ ਚੱਲ ਰਿਹਾ ਹੈ ਅਤੇ ਸੰਸਥਾ ਵੱਲੋਂ 2027 ਦੇ ਸ਼ੁਰੂ ਵਿੱਚ ਲੈਵਲ 4 ਦਾ ਪਹਿਲਾ ਬੈਚ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਕੋਰਸ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ, ਪੜ੍ਹਾਈ ਅਤੇ ਸਮਾਜਿਕ ਮਾਹੌਲ ਵਿੱਚ ਪੂਰੇ ਆਤਮ-ਵਿਸ਼ਵਾਸ ਨਾਲ ਪੰਜਾਬੀ ਬੋਲਣ ਤੇ ਵਰਤਣ ਦੇ ਕਾਬਲ ਬਣਾਉਣਾ ਹੈ। ਇਸ ਪ੍ਰੋਗਰਾਮ ਨੂੰ ਚਾਰ ਮੁੱਖ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਸੁਣਨਾ ਤੇ ਬੋਲਣਾ, ਭਾਸ਼ਾਈ ਵਿਚੋਲਗੀ (Mediation), ਪੜ੍ਹਨਾ ਅਤੇ ਲਿਖਣਾ ਸ਼ਾਮਲ ਹਨ। ਭਾਸ਼ਾਈ ਵਿਚੋਲਗੀ ਰਾਹੀਂ ਵਿਦਿਆਰਥੀ ਪੰਜਾਬੀ ਅਤੇ ਅੰਗਰੇਜ਼ੀ ਬੋਲਣ ਵਾਲਿਆਂ ਵਿਚਕਾਰ ਇੱਕ ਪੁਲ ਦਾ ਕੰਮ ਕਰਦਿਆਂ ਜਾਣਕਾਰੀ ਦਾ ਸਹੀ ਆਦਾਨ-ਪ੍ਰਦਾਨ ਕਰਨਾ ਸਿੱਖਣਗੇ।
ਪੜ੍ਹਾਈ ਦੇ ਤਰੀਕੇ ਅਤੇ ਦਾਖ਼ਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਲੈਵਲ 3 ਵਾਂਗ ਹੀ ਲੈਵਲ 4 ਦੀਆਂ ਕਲਾਸਾਂ ਵੀ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਇਮਾਰਤ 24 Dunnotar Road, Papatoetoe, Auckland ਵਿਖੇ ਲੱਗਣਗੀਆਂ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਕਿਸੇ ਵੀ ਕੋਨੇ ਤੋਂ ਵਿਦਿਆਰਥੀ ਲਾਈਵ ਆਨਲਾਈਨ ਰਾਹੀਂ ਜਾਂ ਦੋਵਾਂ ਤਰੀਕਿਆਂ (ਹਾਈਬ੍ਰਿਡ) ਰਾਹੀਂ ਜੁੜ ਸਕਦੇ ਹਨ। ਛੁੱਟੀਆਂ ਤੋਂ ਇਲਾਵਾ ਫੁੱਲ-ਟਾਈਮ ਪੜ੍ਹਾਈ ਦਾ ਸਮਾਂ 24 ਹਫ਼ਤੇ ਅਤੇ ਪਾਰਟ-ਟਾਈਮ ਲਈ 48 ਹਫ਼ਤੇ ਰੱਖਿਆ ਗਿਆ ਹੈ। ਵਿਦਿਆਰਥੀਆਂ ਦੀ ਪਰਖ ਉਨ੍ਹਾਂ ਦੇ ਹੁਨਰ ਦੇ ਆਧਾਰ ’ਤੇ ਹੋਵੇਗੀ ਅਤੇ ਨਤੀਜਾ ‘ਅਚੀਵਡ’ (Achieved) ਜਾਂ ‘ਨੌਟ ਅਚੀਵਡ’ (Not Achieved) ਵਜੋਂ ਐਲਾਨਿਆ ਜਾਵੇਗਾ। 13 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹ ਘਰੇਲੂ ਵਿਦਿਆਰਥੀ ਇਸ ਵਿੱਚ ਦਾਖ਼ਲਾ ਲੈ ਸਕਦੇ ਹਨ ਜਿਨ੍ਹਾਂ ਨੇ ਲੈਵਲ 3 ਪਾਸ ਕੀਤਾ ਹੋਵੇ ਜਾਂ ਇਸ ਦੇ ਬਰਾਬਰ ਦੀ ਯੋਗਤਾ ਰੱਖਦੇ ਹੋਣ।
ਜ਼ਿਕਰਯੋਗ ਹੈ ਕਿ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਵੱਲੋਂ 5 ਤੋਂ 16 ਸਾਲ ਦੇ ਬੱਚਿਆਂ, ਨੌਜਵਾਨਾਂ, ਬਾਲਗਾਂ ਅਤੇ ਕੰਮਕਾਜੀ ਲੋਕਾਂ ਲਈ ਪਹਿਲਾਂ ਹੀ ਪੰਜਾਬੀ ਦੀਆਂ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਜਲਦ ਹੀ ਸ਼ਾਮ ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸਿੱਖੀ ਸਿਧਾਂਤਾਂ ਦੀ ਜਾਣਕਾਰੀ, ਕੀਰਤਨ, ਤਬਲਾ, ਗਤਕਾ, ਕਲਾ ਅਤੇ ਸ਼ਤਰੰਜ ਦੀ ਸਿਖਲਾਈ ਵੀ ਨਿਯਮਿਤ ਤੌਰ ’ਤੇ ਦਿੱਤੀ ਜਾਂਦੀ ਹੈ।
ਪੰਜਾਬੀ ਸਿੱਖਣ ਦੇ ਚਾਹਵਾਨ ਵਿਦਿਆਰਥੀ ਜਾਂ ਮਾਪੇ ਵੈੱਬਸਾਈਟ (www.sikhstudies.co.nz) ’ਤੇ ਜਾ ਕੇ ਪੁੱਛਗਿੱਛ ਫਾਰਮ ਭਰ ਸਕਦੇ ਹਨ, ਜਿਸ ਤੋਂ ਬਾਅਦ ਸੰਸਥਾ ਦੀ ਟੀਮ ਵੱਲੋਂ ਕੁਝ ਦਿਨਾਂ ਵਿੱਚ ਹੀ ਸੰਪਰਕ ਕਰ ਲਿਆ ਜਾਵੇਗਾ। ਵਧੇਰੇ ਜਾਣਕਾਰੀ ਲਈ ਮੀਡੀਆ ਸੰਪਰਕ ਗੁਰਜੋਤ ਸਿੰਘ ਨਾਲ ਈਮੇਲ gurjotsingh@sikhstudies.co.nz ਜਾਂ ਫ਼ੋਨ ਨੰਬਰ 09 558 9408 ’ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।
- Download Babushahi App
-
-