ਅਮਨਦੀਪ ਹਸਪਤਾਲ ਵੱਲੋਂ 'ਪੰਜਾਬ ਨੀਅ ਐਂਡ ਹਿੱਪ ਕਾਨਫਰੰਸ' 14-15 ਨਵੰਬਰ ਨੂੰ
ਦੇਸ਼-ਵਿਦੇਸ਼ ਦੇ ਹੱਡੀਆਂ ਦੇ ਪ੍ਰਮੁੱਖ ਮਾਹਿਰ ਇੱਕ ਮੰਚ 'ਤੇ ਹੋਣਗੇ ਇਕੱਠੇ, ਜੋੜ ਬਦਲਣ ਦੇ ਆਪਰੇਸ਼ਨ, ਰੋਬੋਟਿਕ ਤਕਨੀਕ ਅਤੇ ਮਰੀਜ਼ਾਂ ਦੀ ਬਿਹਤਰ ਦੇਖਭਾਲ ਬਾਰੇ ਕਰਨਗੇ ਵਿਚਾਰ-ਵਟਾਂਦਰਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ 13 ਨਵੰਬਰ
ਅੰਮ੍ਰਿਤਸਰ, 12 ਨਵੰਬਰ 2026: ਅੰਮ੍ਰਿਤਸਰ ਵਿਖੇ ਤੀਜੀ ਪੰਜਾਬ ਨੀ ਐਂਡ ਹਿੱਪ ਕਾਨਫਰੰਸ (WCOI) 14 ਅਤੇ 15 ਨਵੰਬਰ, 2026 ਨੂੰ ਰੈਡੀਸਨ ਬਲੂ, ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਹੈ। ਇਸ ਦੋ ਰੋਜ਼ਾ ਅਕਾਦਮਿਕ ਕਾਨਫਰੰਸ ਵਿੱਚ ਭਾਰਤ ਦੇ ਪ੍ਰਮੁੱਖ ਹੱਡੀਆਂ ਦੇ ਸਰਜਨ, ਜੋੜ ਬਦਲਣ ਦੇ ਮਾਹਿਰ ਅਤੇ ਕੌਮਾਂਤਰੀ ਪੱਧਰ ਦੇ ਵਿਸ਼ੇਸ਼ ਡਾਕਟਰ ਸ਼ਾਮਲ ਹੋਣਗੇ। ਇਸ ਦੌਰਾਨ ਗੋਡਿਆਂ ਅਤੇ ਚੂਲ੍ਹਿਆਂ ਦੇ ਜੋੜ ਬਦਲਣ ਵਾਲੀ ਸਰਜਰੀ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਤਰੱਕੀਆਂ ਅਤੇ ਆਧੁਨਿਕ ਤਕਨੀਕਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਸ ਕਾਨਫਰੰਸ ਦਾ ਆਯੋਜਨ ਅਮਨਦੀਪ ਹਸਪਤਾਲ ਵੱਲੋਂ ਉਜਾਲਾ ਸਿਗਨਸ ਹਸਪਤਾਲ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਪੰਜਾਬ ਆਰਥਰੋਪਲਾਸਟੀ ਐਸੋਸੀਏਸ਼ਨ ਅਤੇ ਨਿਊਯਾਰਕ ਸਥਿਤ ਹਸਪਤਾਲ ਫਾਰ ਸਪੈਸ਼ਲ ਸਰਜਰੀ (HSS) ਇਸ ਕਾਨਫਰੰਸ ਦੇ ਸਹਿਯੋਗੀ ਭਾਈਵਾਲ ਹਨ। ਇਸ ਕਾਨਫਰੰਸ ਦਾ ਮੁੱਖ ਮਕਸਦ ਡਾਕਟਰੀ ਖੇਤਰ ਵਿੱਚ ਨਵੇਂ ਗਿਆਨ ਦਾ ਆਦਾਨ-ਪ੍ਰਦਾਨ ਕਰਨਾ, ਇਲਾਜ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਚਰਚਾ ਕਰਨਾ ਅਤੇ ਜੋੜ ਬਦਲਣ ਦੇ ਆਧੁਨਿਕ ਤਰੀਕਿਆਂ ਬਾਰੇ ਆਪਣੇ ਤਜਰਬੇ ਸਾਂਝੇ ਕਰਨ ਲਈ ਇੱਕ ਮੰਚ ਮੁਹੱਈਆ ਕਰਵਾਉਣਾ ਹੈ।
ਇਸ ਕਾਨਫਰੰਸ ਵਿੱਚ ਦੇਸ਼ ਅਤੇ ਵਿਦੇਸ਼ ਦੇ ਨਾਮਵਰ ਹੱਡੀਆਂ ਦੇ ਮਾਹਿਰ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਪ੍ਰਮੁੱਖ ਮੈਡੀਕਲ ਸੰਸਥਾਵਾਂ ਨਾਲ ਜੁੜੇ ਡਾਕਟਰ ਵੀ ਸ਼ਾਮਲ ਹੋਣਗੇ। ਕਾਨਫਰੰਸ ਦੇ ਵਿਗਿਆਨਕ ਪ੍ਰੋਗਰਾਮ ਵਿੱਚ ਮਾਹਿਰਾਂ ਦੇ ਭਾਸ਼ਣ, ਪੈਨਲ ਚਰਚਾਵਾਂ, ਮਰੀਜ਼ਾਂ ਦੇ ਅਸਲ ਮਾਮਲਿਆਂ 'ਤੇ ਵਿਚਾਰ-ਵਟਾਂਦਰਾ ਅਤੇ ਵੱਖ-ਵੱਖ ਵਿਸ਼ਿਆਂ ਬਾਰੇ ਪੇਸ਼ਕਾਰੀਆਂ ਹੋਣਗੀਆਂ। ਇਨ੍ਹਾਂ ਵਿੱਚ ਸਰਜਰੀ ਦੀਆਂ ਨਵੀਆਂ ਤਕਨੀਕਾਂ, ਆਧੁਨਿਕ ਮੈਡੀਕਲ ਸਹੂਲਤਾਂ, ਰੋਬੋਟ ਦੀ ਮਦਦ ਨਾਲ ਜੋੜ ਬਦਲਣ ਦੇ ਆਪਰੇਸ਼ਨ ਅਤੇ ਮਰੀਜ਼ਾਂ ਨੂੰ ਬਿਹਤਰ ਇਲਾਜ ਦੇਣ ਵਰਗੇ ਵਿਸ਼ਿਆਂ 'ਤੇ ਖ਼ਾਸ ਧਿਆਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਪੇਪਰ ਅਤੇ ਪੋਸਟਰ ਪੇਸ਼ਕਾਰੀਆਂ ਰਾਹੀਂ ਨੌਜਵਾਨ ਹੱਡੀਆਂ ਦੇ ਮਾਹਿਰਾਂ ਨੂੰ ਆਪਣੇ ਅਕਾਦਮਿਕ ਅਤੇ ਖੋਜ ਕਾਰਜ ਪੇਸ਼ ਕਰਨ ਦਾ ਮੌਕਾ ਵੀ ਮਿਲੇਗਾ।
ਕਾਨਫਰੰਸ ਬਾਰੇ ਜਾਣਕਾਰੀ ਦਿੰਦਿਆਂ ਅਮਨਦੀਪ ਹਸਪਤਾਲ ਦੇ ਚੇਅਰਮੈਨ ਅਤੇ ਆਰਥੋਪੀਡਿਕਸ ਤੇ ਟਰੌਮਾ ਵਿਭਾਗ ਦੇ ਮੁਖੀ ਡਾ. ਅਵਤਾਰ ਸਿੰਘ ਨੇ ਕਿਹਾ:
"ਪਿਛਲੇ ਕੁਝ ਸਾਲਾਂ ਦੌਰਾਨ ਜੋੜ ਬਦਲਣ ਦੀ ਸਰਜਰੀ ਦੇ ਖੇਤਰ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਹਨ। ਨਵੀਂ ਤਕਨੀਕ, ਰੋਬੋਟਿਕ ਪ੍ਰਣਾਲੀ ਅਤੇ ਸਰਜਰੀ ਦੀ ਬਿਹਤਰ ਯੋਜਨਾਬੰਦੀ ਨੇ ਮਰੀਜ਼ਾਂ ਦੇ ਇਲਾਜ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਪਰ ਸਾਡਾ ਮੁੱਖ ਮਕਸਦ ਅੱਜ ਵੀ ਉਹੀ ਹੈ ਕਿ ਮਰੀਜ਼ਾਂ ਨੂੰ ਬਿਹਤਰ ਇਲਾਜ ਮਿਲੇ ਅਤੇ ਉਹ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਆਮ ਜੀਵਨ ਬਤੀਤ ਕਰ ਸਕਣ। ਇਸ ਕਾਨਫਰੰਸ ਰਾਹੀਂ ਅਸੀਂ ਇਸ ਖੇਤਰ ਦੇ ਉੱਘੇ ਮਾਹਿਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਨਾ, ਡਾਕਟਰੀ ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਅਤੇ ਹੱਡੀਆਂ ਦੇ ਇਲਾਜ ਦੀਆਂ ਨਵੀਆਂ ਤਕਨੀਕਾਂ ਨੂੰ ਇਸ ਇਲਾਕੇ ਦੇ ਮਰੀਜ਼ਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ।"
ਨਿਊਯਾਰਕ ਸਥਿਤ ਹਸਪਤਾਲ ਫਾਰ ਸਪੈਸ਼ਲ ਸਰਜਰੀ (HSS) ਨਾਲ ਇਹ ਸਾਂਝ ਕਾਨਫਰੰਸ ਨੂੰ ਕੌਮਾਂਤਰੀ ਪੱਧਰ 'ਤੇ ਹੋਰ ਮਜ਼ਬੂਤੀ ਦੇਵੇਗੀ। ਇਹ ਸਾਂਝ ਹੱਡੀਆਂ ਦੇ ਇਲਾਜ ਨਾਲ ਸਬੰਧਤ ਡਾਕਟਰੀ ਸਿੱਖਿਆ ਅਤੇ ਇਲਾਜ ਦੇ ਤਰੀਕਿਆਂ ਨੂੰ ਹੋਰ ਬਿਹਤਰ ਬਣਾਉਣ ਲਈ ਵਿਸ਼ਵ ਪੱਧਰੀ ਸਹਿਯੋਗ ਦੀ ਮਹੱਤਤਾ ਨੂੰ ਵੀ ਦਰਸਾਉਂਦੀ ਹੈ।
ਇਸ ਕਾਨਫਰੰਸ ਵਿੱਚ ਦੇਸ਼ ਭਰ ਤੋਂ ਹੱਡੀਆਂ ਦੇ ਮਾਹਿਰ ਡਾਕਟਰਾਂ, ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ ਸਿਹਤ ਖੇਤਰ ਨਾਲ ਜੁੜੇ ਪੇਸ਼ੇਵਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਨਾਲ ਆਧੁਨਿਕ ਹੱਡੀਆਂ ਦੇ ਇਲਾਜ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਅੰਮ੍ਰਿਤਸਰ ਦੀ ਵਧ ਰਹੀ ਪਛਾਣ ਨੂੰ ਹੋਰ ਮਜ਼ਬੂਤੀ ਮਿਲੇਗੀ।
ਅਮਨਦੀਪ ਹਸਪਤਾਲ ਬਾਰੇ
ਅਮਨਦੀਪ ਹਸਪਤਾਲ, ਉਜਾਲਾ ਸਿਗਨਸ ਹਸਪਤਾਲ ਦੇ ਸਹਿਯੋਗ ਨਾਲ, ਉੱਤਰੀ ਭਾਰਤ ਦਾ ਇੱਕ ਪ੍ਰਮੁੱਖ ਸਿਹਤ ਸੇਵਾ ਸੰਸਥਾਨ ਹੈ। ਇੱਥੇ ਆਧੁਨਿਕ ਹੱਡੀਆਂ ਦੇ ਇਲਾਜ, ਹਾਦਸਿਆਂ ਵਿੱਚ ਜ਼ਖ਼ਮੀ ਮਰੀਜ਼ਾਂ ਦੀ ਦੇਖਭਾਲ ਅਤੇ ਜੋੜ ਬਦਲਣ ਦੀ ਸਰਜਰੀ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਅੰਮ੍ਰਿਤਸਰ, ਪਠਾਨਕੋਟ, ਫ਼ਿਰੋਜ਼ਪੁਰ ਅਤੇ ਸ੍ਰੀਨਗਰ ਵਿੱਚ ਆਪਣੇ ਵਧ ਰਹੇ ਨੈੱਟਵਰਕ ਦੇ ਨਾਲ ਇਹ ਸੰਸਥਾ ਆਧੁਨਿਕ ਤਕਨੀਕ, ਰੋਬੋਟਿਕ ਪ੍ਰਣਾਲੀ ਅਤੇ ਮਰੀਜ਼ਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਸਿਹਤ ਸੇਵਾਵਾਂ ਦੇਣ ਲਈ ਲਗਾਤਾਰ ਨਿਵੇਸ਼ ਕਰ ਰਹੀ ਹੈ।
- Download Babushahi App
-
-