ਚਿਰਾਗ ਪਾਸਵਾਨ ਦੀ ਅਗਵਾਈ ਹੇਠ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ ਲੋਜਪਾ (ਰਾਮਵਿਲਾਸ): ਸੁੱਖਮਿੰਦਰਪਾਲ ਸਿੰਘ ਗਰੇਵਾਲ ਤੇ ਡਾ. ਕੇ.ਪੀ. ਚੌਧਰੀ
ਬਰਨਾਲਾ, 2 ਅਕਤੂਬਰ 2026: ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਸੀਨੀਅਰ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ, ਕੌਮੀ ਜਨਰਲ ਸਕੱਤਰ (ਸੰਗਠਨ) ਤੇ ਪੰਜਾਬ ਇੰਚਾਰਜ ਡਾ. ਕੇ.ਪੀ. ਚੌਧਰੀ ਅਤੇ ਪੰਜਾਬ ਦੇ ਮੀਤ ਪ੍ਰਧਾਨ ਪੰਕਜ ਭਾਰਦਵਾਜ ਨੇ ਸਾਂਝੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਤੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀ ਚਿਰਾਗ ਪਾਸਵਾਨ ਦੀ ਅਗਵਾਈ ਤੇ ਰਹਿਨੁਮਾਈ ਹੇਠ ਪੰਜਾਬ ਵਿੱਚ ਪਾਰਟੀ ਦਾ ਜਥੇਬੰਦਕ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਕੌਮੀ ਜਨਰਲ ਸਕੱਤਰ (ਸੰਗਠਨ) ਤੇ ਪੰਜਾਬ ਇੰਚਾਰਜ ਡਾ. ਕੇ.ਪੀ. ਚੌਧਰੀ ਵੱਲੋਂ ਪੰਜਾਬ ਦੇ ਲੋਕਾਂ ਤੇ ਪਾਰਟੀ ਵਰਕਰਾਂ ਤੱਕ ਕੌਮੀ ਪ੍ਰਧਾਨ ਸ੍ਰੀ ਚਿਰਾਗ ਪਾਸਵਾਨ ਦਾ ਸਪੱਸ਼ਟ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਉਮੀਦਵਾਰ ਮੈਦਾਨ ਵਿੱਚ ਉਤਾਰਨ ਤੇ ਪੂਰੇ ਸੂਬੇ ਵਿੱਚ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।
ਪੰਕਜ ਭਾਰਦਵਾਜ ਨੇ ਕਿਹਾ ਕਿ ਲੋਕ ਜਨਸ਼ਕਤੀ ਪਾਰਟੀ ਦਾ ਮਕਸਦ ਸਿਰਫ਼ ਚੋਣਾਂ ਲੜਨਾ ਨਹੀਂ, ਸਗੋਂ ਪਾਰਟੀ ਦੀ ਸੋਚ, ਨੀਤੀਆਂ ਤੇ ਕੌਮੀ ਪ੍ਰਧਾਨ ਸ੍ਰੀ ਚਿਰਾਗ ਪਾਸਵਾਨ ਦਾ ਸੰਦੇਸ਼ ਪੰਜਾਬ ਦੇ ਹਰ ਘਰ ਤੱਕ ਪਹੁੰਚਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਤੇ ਘਰ-ਘਰ ਜਾ ਕੇ ਵਰਕਰਾਂ ਤੇ ਆਮ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ ਅਤੇ ਪਾਰਟੀ ਦੀ ਜ਼ਮੀਨੀ ਜਥੇਬੰਦੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਗਰੇਵਾਲ ਨੇ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਸਾਫ਼-ਸੁਥਰੀ ਸਿਆਸਤ, ਪਾਰਦਰਸ਼ਤਾ ਤੇ ਲੋਕ ਸੇਵਾ ਨੂੰ ਪਹਿਲ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਚਿਰਾਗ ਪਾਸਵਾਨ ਆਪਣੇ ਪਿਤਾ ਤੇ ਪਾਰਟੀ ਦੇ ਬਾਨੀ ਸ੍ਰੀ ਰਾਮਵਿਲਾਸ ਪਾਸਵਾਨ ਨੂੰ ਆਪਣਾ ਆਦਰਸ਼ ਮੰਨਦੇ ਹਨ ਤੇ ਉਨ੍ਹਾਂ ਵੱਲੋਂ ਦਿਖਾਏ ਮੁੱਲਾਂ ਤੇ ਅਸੂਲਾਂ ਨੂੰ ਅੱਗੇ ਲੈ ਕੇ ਚੱਲ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦੇ ਆਗੂਆਂ ਤੇ ਉਮੀਦਵਾਰਾਂ ਦੀ ਚੋਣ ਪਾਰਟੀ ਦੇ ਤੈਅ ਕੀਤੇ ਸੰਵਿਧਾਨਕ ਤੇ ਜਥੇਬੰਦਕ ਨਿਯਮਾਂ ਮੁਤਾਬਕ ਕੀਤੀ ਜਾਵੇਗੀ। ਉਮੀਦਵਾਰਾਂ ਦੀ ਅੰਤਿਮ ਚੋਣ ਦਾ ਫੈਸਲਾ ਪਾਰਟੀ ਦਾ ਸੰਸਦੀ ਬੋਰਡ ਤੇ ਕੌਮੀ ਲੀਡਰਸ਼ਿਪ ਕਰੇਗੀ।
ਗਰੇਵਾਲ ਨੇ ਕਿਹਾ ਕਿ ਲੋਕ ਜਨਸ਼ਕਤੀ ਪਾਰਟੀ ਪੰਜਾਬ ਵਿੱਚ ਮਜ਼ਬੂਤ, ਅਨੁਸ਼ਾਸਿਤ ਤੇ ਜ਼ਿੰਮੇਵਾਰ ਜਥੇਬੰਦੀ ਖੜ੍ਹੀ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।
- Download Babushahi App
-
-