Political Special -ਚੋਣਾਂ ਦਾ ਤੇਈਆ ਤਾਪ : ਨਾ ਲਾਰਾ ਨਾ ਝੂਠੀ ਗੱਲ , ਨਰੇਸ਼ ਕਰੂ ਸਭ ਦਾ ਹੱਲ
ਟਿਕਟਾਂ ਦੇ ਚਾਹਵਾਨ ਪੋਸਟਰ ਜੰਗ ਵਿੱਚ ਕੁੱਦੇ
ਅਸ਼ੋਕ ਵਰਮਾ
ਬਠਿੰਡਾ , 30 ਸਤੰਬਰ 2026 : ਨਾ ਲਾਰਾ ਨਾ ਝੂਠੀ ਗੱਲ, ਨਰੇਸ਼ ਕਰੂ ਸਭ ਦਾ ਹੱਲ , ਇਹ ਕੋਈ ਤਕੀਆ ਕਲਾਮ ਨਹੀਂ ਬਲਕਿ ਉਨ੍ਹਾਂ ਪੋਸਟਰਾਂ ਦੀ ਇਬਾਰਤ ਹੈ ਜਿੰਨ੍ਹਾਂ ਰਾਹੀਂ ਕਾਂਗਰਸੀ ਆਗੂ ਨਰੇਸ਼ ਗਰਗ ਨੇ ਟਿਕਟ ਦੇ ਚਾਹਵਾਨ ਵਜੋਂ ਬਠਿੰਡਾ ਤੋਂ ਆਪਣਾ ਦਾਅਵਾ ਪੇਸ਼ ਕੀਤਾ ਹੈ। ਹਾਲਾਂਕਿ ਪਾਰਟੀ ਟਿਕਟ ਦਿੰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਸ਼ਹਿਰ ’ਚ ਅਜਿਹੇ ਪੋਸਟਰਾਂ ਦੀ ਭਰਮਾਰ ਹੈ। ਇਕੱਲਾ ਨਰੇਸ਼ ਗਰਗ ਹੀ ਨਹੀਂ ਬਠਿੰਡਾ ਖ਼ਿੱਤੇ ਵਿੱਚ ਹੋਰ ਪਾਰਟੀਆਂ ਨਾਲ ਸਬੰਧਤ ਟਿਕਟਾਂ ਦੇ ਚਾਹਵਾਨ ਸਿਆਸੀ ਲੋਕ ਵੀ ਪੋਸਟਰ ਜੰਗ ਵਿਚ ਕੁੱਦੇ ਹਨ ਜਦੋਂਕਿ ਕਈ ਸੰਭਾਵੀ ਉਮੀਦਵਾਰਾਂ ਨੇ ਆਪਣਾ ਚਿਹਰਾ ਮੋਹਰਾ ਵੀ ਬਦਲਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਤਿਉਹਾਰਾਂ ਦੀ ਵਧਾਈ ਦੇ ਪੋਸਟਰ ਚਾਰ ਚੁਫੇਰੇ ਦਿੱਖ ਰਹੇ ਹਨ ਜਿੰਨ੍ਹਾਂ ਬਹਾਨੇ ਟਿਕਟਾਂ ਦੇ ਚਾਹਵਾਨਾਂ ਨੇ ਆਪਣੀ ਹਾਜ਼ਰੀ ਲਵਾਉਣੀ ਸ਼ੁਰੂ ਕੀਤੀ ਹੋਈ ਹੈ।
ਬਠਿੰਡਾ ਜਿਲ੍ਹੇ ’ਚ ਤਾਂ ਇੱਕ ਅਜਿਹੇ ਨੇਤਾ ਵੀ ਪੋਸਟਰ ਮੁਹਿੰਮ ’ਚ ਸ਼ਦਾਈਆਂ ਵਾਂਗ ਲੱਗਿਆ ਹੋਇਆ ਹੈ ਜਿਸ ਨੂੰ ਤਾਂ 2024 ਦੀਆਂ ਲੋਕ ਸਭਾ ਚੋਣਾਂ ਮੌਕੇ ਪੋਸਟਰਾਂ ਦਾ ਬਾਦਸ਼ਾਹ ਮੰਨਿਆ ਗਿਆ ਸੀ ਜਦੋਂ ਮਾਨਸਾ ਜਿਲ੍ਹੇ ਦੇ ਆਖਰੀ ਪਿੰਡਾਂ ’ਚ ਉਸ ਦੇ ਪੋਸਟਰ ਦਿਖਾਈ ਦਿੱਤੇ ਸਨ। ਇਹ ਵੱਖਰੀ ਗੱਲ ਹੈ ਕਿ ਹਾਲੇ ਤੱਕ ਨੇਤਾ ਜੀ ਨੂੰ ਉਨ੍ਹਾਂ ਦੀ ਪਾਰਟੀ ਨੇ ਸਿਆਸੀ ਘਾਹ ਨਹੀਂ ਪਾਇਆ ਹੈ। ਹੁਣ ਰਤਾ ਪਿਛੋਕੜ ’ਚ ਨਜ਼ਰ ਮਾਰੀਏ ਤਾਂ ਸਾਬਕਾ ਕਾਂਗਰਸੀ ਅਤੇ ਮੌਜੂਦਾ ਭਾਜਪਾ ਆਗੂ ਹਰਮਿੰਦਰ ਸਿੰਘ ਜੱਸੀ ਨੇ ਨਵੇਂ ਸਾਲ ਮੌਕੇ ਵਧਾਈਆਂ ਬਹਾਨੇ ਖੁਦ ਨੂੰ ਭਾਰਤੀ ਜੰਤਾ ਪਾਰਟੀ ਦੀ ਟਿਕਟ ਦਾ ਦਾਅਵੇਦਾਰ ਦੱਸਿਆ ਸੀ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੇ ਪੋਸਟਰਾਂ ਦੀ ਭਰਮਾਰ ਦਿਖਾਈ ਦਿੱਤੀ ਸੀ। ਫਿਲਹਾਲ ਸ਼ਰਾਧ ਚੱਲ ਰਹੇ ਹਨ ਜਿਸ ਕਰਕੇ ਸਿਆਸੀ ਪੋਸਟਰਬਾਜੀ ਦਾ ਰੁਝਾਨ ਰਤਾ ਮੱਠਾ ਪਿਆ ਹੈ।
ਇਸ ਤੋਂ ਬਾਅਦ ਦੁਸਹਿਰੇ ਦਿਵਾਲੀ ਅਤੇ ਬੰਦੀ ਛੋੜ ਦਿਵਸ ਆਉਣੇ ਹਨ ਤਾਂ ਇਸ ਪੋਸਟਰ ਜੰਗ ਦੇ ਭਖਣ ਦੇ ਅਨੁਮਾਨ ਹਨ। ਹਲਕਾ ਬਠਿੰਡਾ (ਦਿਹਾਤੀ) ਅਤੇ ਹਲਕਾ ਮੌੜ ਵਿਚ ਪੋਸਟਰ ਜੰਗ ਚੱਲ ਰਹੀ ਰਹੀ ਹੈ। ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਸਿੱਪੀ ਭਾਕਰ ਨੇ ਇਸ ਤੋਂ ਪਹਿਲਾਂ ਵਾਲੀ ਦੀਵਾਲੀ ਤੇ ਗੁਰਪੁਰਬ ਦੇ ਵਧਾਈ ਵਾਲੇ ਪੋਸਟਰ ਹਰ ਗਲੀ ਮਹੱਲੇ ਲਾਏ ਸਨ। ਸਿੱਪੀ ਭਾਕਰ ਨੇ ਤਾਂ ਹਲਕਾ ਮੌੜ ’ਚ ਅੰਦਰੋ ਅੰਦਰੀ ਆਪਣੀ ਚੋਣ ਮੁਹਿੰਮ ਵੀ ਭਖਾਈ ਹੋਈ ਹੈ। ਆਉਣ ਵਾਲੇ ਤਿਉਹਾਰਾਂ ਮੌਕੇ ਤਾਂ ਸਿੱਪੀ ਭਾਕਰ ਵੱਲੋਂ ਵਧਾਈਆਂ ਦੇ ਨਵੇਂ ਪੋਸਟਰ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿੱਪੀ ਭਾਕਰ ਦਾ ਕਹਿਣਾ ਸੀ ਕਿ ਪਾਰਟੀ ਵੱਲੋਂ ਹਰੀ ਝੰਡੀ ਦੀ ਉਡੀਕ ਹੈ ਉਹ ਚੋਣ ਲੜਨ ਲਈ ਤਿਆਰ ਹਨ। ਇੱਥੇ ਇਹ ਜਿਕਰਯੋਗ ਹੈ ਕਿ ਸਿਆਸੀ ਲੋਕਾਂ ਲਈ ਮੌੜ ਹਲਕਾ ਵਾਟਰ ਲੂ ਮੰਨਿਆ ਜਾਂਦਾ ਹੈ।
ਹਲਕਾ ਬਠਿੰਡਾ (ਦਿਹਾਤੀ) ਵਿੱਚ ਵੀ ਕਈ ਸੰਭਾਵੀ ਉਮੀਦਵਾਰਾਂ ਦੇ ਪੋਸਟਰ ਨਜ਼ਰ ਪੈ ਰਹੇ ਹਨ। ਮਾਨਸਾ ਹਲਕੇ ਵਿਚ ਵੀ ਟਿਕਟ ਦੇ ਚਾਹਵਾਨਾਂ ਦੇ ਪੋਸਟਰ ਕੰਧਾਂ ’ਤੇ ਦਿੱਖ ਰਹੇ ਹਨ। ਸ਼ਹਿਰ ਦੀ ਇੱਕ ਪ੍ਰਿੰਟਿੰਗ ਪ੍ਰੈਸ ਦਾ ਤਕਨੀਕੀ ਕਾਰਕੁੰਨ ਦਾ ਕਹਿਣਾ ਸੀ ਕਿ ਸਿਆਸੀ ਨੇਤਾਵਾਂ ਦੇ ਆਰਡਰ ਆਉਣੇ ਸ਼ੁਰੂ ਹੋ ਗਏ ਹਨ ਅਤੇ ਦਿਵਾਲੀ ਤੱਕ ਪੋਸਟਰਾਂ ਦਾ ਕੰਮ ਭਖਿਆ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਨਵੇਂ ਸਾਲ ਅਤੇ ਮਾਘੀ ਦੀ ਵਧਾਈ ਵਾਲੇ ਪੋਸਟਰਾਂ ਦਾ ਕੰਮ ਚੱਲਣਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਪੋਸਟਰਾਂ ਲਈ ਦਿਨ ਰਾਤ ਇੱਕ ਕਰਨਾ ਪੈਂਦਾ ਹੈ। ਸੂਤਰ ਦੱਸਦੇ ਹਨ ਕਿ ਚੋਣਾਂ ਨੇੜੇ ਹੋਣ ਕਰਕੇ ਮਾਲਵੇ ਦੇ ਸ਼ਹਿਰੀ ਖੇਤਰਾਂ ਵਿੱਚ ਸੰਭਾਵੀ ਉਮੀਦਵਾਰਾਂ ਨੇ ਪੱਗਾਂ ਤੋਂ ਬਿਨਾਂ ਫੋਟੋਆਂ ਖਿਚਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਦੋਂਕਿ ਪੇਂਡੂ ਖੇਤਰ ਵਾਲੇ ਉਮੀਦਵਾਰਾਂ ਨੇ ਦਸਤਾਰਾਂ ਸਜਾਉਣ ਵੱਲ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕੀਤਾ ਹੋਇਆ ਹੈ।
ਮਨਪ੍ਰੀਤ ਦੇ ਪੋਸਟਰਾਂ ਦੀ ਚਰਚਾ
ਭਾਜਪਾ ਵੱਲੋਂ ਕੌਮੀ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਮੋਹਨ ਲਾਲ ਝੁੰਬਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਵਧਾਈ ਦੇਣ ਵਾਲੇ ਪੋਸਟਰਾਂ ਦਾ ਮਾਮਲਾ ਸੁਰਖੀਆਂ ਬਣਿਆ ਸੀ। ਝੁੰੰਬਾ ਮਨਪੀ੍ਰਤਾ ਬਾਦਲ ਦੇ ਕੱਟੜ ਹਮਾਇਤੀ ਹਨ। ਕੁੱਝ ਦਿਨ ਪਹਿਲਾਂ ਨਸ਼ਾ ਮੁਕਤ ਪੰਜਾਬ ਯਾਤਰਾ ਮੌਕੇ ਬੇਸ਼ੱਕ ਸ਼ਹਿਰ ਦੇ ਕਿਸੇ ਭਾਜਪਾਈ ਨੇ ਤਾਂ ਮਨਪ੍ਰੀਤ ਬਾਦਲ ਦਾ ਪੋਸਟਰ ਜਾਂ ਫਲੈਕਸਾਂ ਆਦਿ ਨਹੀਂ ਲਾਈਆਂ ਪਰ ਲੁਧਿਆਣਾ ਦੇ ਕੁੱਝ ਆਗੂਆਂ ਵੱਲੋਂ ਬਠਿੰਡਾ ਅੰਦਰ ਮਨਪ੍ਰੀਤ ਦੀ ਫੋਟੋ ਨਾਲ ਲੱਗੀਆਂ ਫਲੈਕਸਾਂ ਵੱਡੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣੀਆਂ ਸਨ।
ਚੋਣਾਂ ਕਰਕੇ ਲੋਕ ਚੇਤੇ ਆਏ
ਬਠਿੰਡਾ ਮਾਨਸਾ ਹਲਕੇ ਵਿਚ ਤਾਂ ਹੁਣ ਸੰਭਾਵੀ ਉਮੀਦਵਾਰ ਹਰ ਵੋਟਰ ਦੀ ਖੁਸ਼ੀ ਗਮੀ ਵਿਚ ਬਿਨ੍ਹਾਂ ਬੁਲਾਏ ਜਾਣ ਲੱਗੇ ਹਨ। ਪਿੰਡ ਕੋਟਗੁਰੂ ਦੇ ਸਮਾਜ ਸੇਵੀ ਆਗੂ ਸੁਖਤੇਜ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਚੋਣਾਂ ਕਰਕੇ ਉਮੀਦਵਾਰਾਂ ਨੂੰ ਲੋਕ ਚੇਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਵਿਆਹ ਤਾਂ ਚੋਣਾਂ ਕਰਕੇ ਮੇਲੇ ਹੀ ਬਣ ਜਾਣੇ ਹਨ ਅਤੇ ਬਹੁਤੇ ਵਿਆਹਾਂ ’ਤੇ ਸਭ ਸੰਭਾਵੀ ਉਮੀਦਵਾਰ ਇੱਕੋ ਥਾਂ ਇਕੱਠੇ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੋਈ ਨਰਾਜ਼ ਨਾਂ ਹੋ ਜਾਏ ਗਮੀ ਦੇ ਮੌਕਿਆਂ ’ਤੇ ਜਾਣ ਵਾਸਤੇ ਟਿਕਟ ਦੇ ਚਾਹਵਾਨਾ ਨੇ ਤਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਹੋਈ ਹੈ।
- Download Babushahi App
-
-