ਪੰਜਾਬ ਕੇਂਦਰੀ ਯੂਨੀਵਰਸਿਟੀ ਵਿਸ਼ਵ ਦੇ ਸਿਖ਼ਰਲੀਆਂ 800 ਉੱਚ ਸਿੱਖਿਆ ਸੰਸਥਾਵਾਂ ਵਿੱਚ ਸ਼ਾਮਲ
ਅਸ਼ੋਕ ਵਰਮਾ
ਬਠਿੰਡਾ, 1 ਅਕਤੂਬਰ 2026: ਗੁਣਵੱਤਾਪੂਰਨ ਅਧਿਆਪਨ ਅਤੇ ਪ੍ਰਭਾਵਸ਼ਾਲੀ ਖੋਜ ਰਾਹੀਂ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਹੋਰ ਮਜ਼ਬੂਤ ਕਰਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਟਾਈਮਜ਼ ਹਾਇਰ ਐਜੂਕੇਸ਼ਨ (ਟੀਐਚਈ) ਵਰਲਡ ਯੂਨੀਵਰਸਿਟੀ ਰੈਂਕਿੰਗ 2027 ਵਿੱਚ 701–800 ਗਲੋਬਲ ਰੈਂਕ ਬੈਂਡ ਵਿੱਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਸੀਯੂ ਪੰਜਾਬ ਨੇ ਟੀਐਚਈ ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ ਵਿਸ਼ਵ ਦੇ ਸਿਖਰਲੇ 800 ਉੱਚ ਸਿੱਖਿਆ ਸੰਸਥਾਨਾਂ ਵਿੱਚ ਸਥਾਨ ਹਾਸਲ ਕੀਤਾ ਹੈ। ਇਸ ਸਾਲ 118 ਦੇਸ਼ਾਂ ਦੀਆਂ 2,297 ਯੂਨੀਵਰਸਿਟੀਆਂ ਨੂੰ ਇਸ ਰੈਂਕਿੰਗ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਉਪਲਬਧੀ ਵੱਖ-ਵੱਖ ਮੁਲਾਂਕਣ ਮਾਪਦੰਡਾਂ ਵਿੱਚ ਯੂਨੀਵਰਸਿਟੀ ਦੇ ਉਲੇਖਣਯੋਗ ਪ੍ਰਦਰਸ਼ਨ ਨੂੰ ਦਰਸਾਉਂਦੀ ਹੈ।
ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ 2027 ਵਿੱਚ ਉੱਚ ਸਿੱਖਿਆ ਸੰਸਥਾਨਾਂ ਦਾ ਮੁਲਾਂਕਣ ਪੰਜ ਮੁੱਖ ਸਤੰਭਾਂ—ਅਧਿਆਪਨ, ਖੋਜ ਵਾਤਾਵਰਣ, ਖੋਜ ਗੁਣਵੱਤਾ, ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਅਤੇ ਉਦਯੋਗ ਤੋਂ ਆਮਦਨ—ਦੇ ਆਧਾਰ ‘ਤੇ ਕੀਤਾ ਗਿਆ ਹੈ। ਸੀਯੂ ਪੰਜਾਬ ਨੇ ਇਨ੍ਹਾਂ ਪ੍ਰਦਰਸ਼ਨ ਸੂਚਕਾਂ ਵਿੱਚ 40.2–42.3 ਦਾ ਸਮੁੱਚਾ ਸਕੋਰ ਬੈਂਡ ਹਾਸਲ ਕੀਤਾ ਹੈ। ਇਸ ਸਾਲ ਸੀਯੂ ਪੰਜਾਬ ਸਮੇਤ ਕੇਵਲ 27 ਭਾਰਤੀ ਉੱਚ ਸਿੱਖਿਆ ਸੰਸਥਾਨਾਂ ਨੇ ਵਿਸ਼ਵ ਦੇ ਸਿਖਰਲੇ 800 ਵਿੱਚ ਸਥਾਨ ਹਾਸਲ ਕੀਤਾ ਹੈ।
ਰੈਂਕਿੰਗ ਦੇ ਨਤੀਜਿਆਂ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਾਰਜਕਾਰੀ ਵਾਈਸ-ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸਿਰਿਕਾ ਨੇ ਕਿਹਾ, “ਸੀਯੂ ਪੰਜਾਬ ਨੇ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ ਦੇ 2026 ਤੋਂ 2027 ਐਡੀਸ਼ਨ ਤੱਕ ਲਗਾਤਾਰ ਵਿਸ਼ਵ ਦੇ ਸਿਖਰਲੇ 800 ਉੱਚ ਸਿੱਖਿਆ ਸੰਸਥਾਨਾਂ ਵਿੱਚ ਆਪਣੀ ਮੌਜੂਦਗੀ ਬਰਕਰਾਰ ਰੱਖੀ ਹੈ। ਇਹ ਗੁਣਵੱਤਾਪੂਰਨ ਉੱਚ ਸਿੱਖਿਆ ਅਤੇ ਖੋਜ ਵਿੱਚ ਉੱਤਮਤਾ ਪ੍ਰਤੀ ਯੂਨੀਵਰਸਿਟੀ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਉਪਲਬਧੀ ਸਾਡੇ ਅਧਿਆਪਕਾਂ, ਖੋਜਕਰਤਾਵਾਂ, ਵਿਦਿਆਰਥੀਆਂ ਅਤੇ ਹੋਰ ਹਿੱਸੇਦਾਰਾਂ ਦੇ ਸਮਰਪਣ ਅਤੇ ਵਚਨਬੱਧਤਾ ਦਾ ਨਤੀਜਾ ਹੈ।” ਪ੍ਰੋ. ਵੁਸਿਰਿਕਾ ਨੇ ਅੱਗੇ ਕਿਹਾ ਕਿ ਸੀਯੂ ਪੰਜਾਬ ਸਿੱਖਿਆ, ਖੋਜ ਅਤੇ ਨਵੀਨਤਾ ਵਿੱਚ ਉੱਤਮਤਾ ਰਾਹੀਂ ਅੰਤਰਰਾਸ਼ਟਰੀ ਮੰਚ ‘ਤੇ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਲਈ ਨਿਰੰਤਰ ਵਚਨਬੱਧ ਹੈ।
- Download Babushahi App
-
-