ਝੋਨਾ ਮਿਲਿੰਗ ਪਾਲਿਸੀ ਦੀਆਂ ਸ਼ਰਤਾਂ ’ਤੇ ਸ਼ੈਲਰ ਮਾਲਕਾਂ ’ਚ ਰੋਸ, ਸਰਕਾਰ ਨਾਲ ਐਗਰੀਮੈਂਟ ਤੇ ਬਾਰਦਾਨਾ ਦੇਣ ਤੋਂ ਇਨਕਾਰ
ਸੈਲਰ ਐਸੋਸੀਏਸ਼ਨ ਚਨਾਰਥਲ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਹੋਈ ਅਹਿਮ ਮੀਟਿੰਗ
ਗੁਰਪ੍ਰੀਤ ਸਿੰਘ ਜਖਵਾਲੀ।
ਫਤਿਹਗੜ੍ਹ ਸਾਹਿਬ 01 ਅਕਤੂਬਰ 2026:-
ਸੈਲਰ ਐਸੋਸੀਏਸ਼ਨ ਚਨਾਰਥਲ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ੈਲਰ ਮਾਲਕਾਂ ਦੀ ਅੱਜ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਪਰਮਜੀਤ ਸਿੰਘ ਪ੍ਰਧਾਨ, ਸ਼ਰਨਜੀਤ ਸਿੰਘ ਰਜਵਾੜਾ, ਦੀ ਦੇਖ ਰੇਖ ਵਿੱਚ ਹੋਈ ਇਸ ਦੌਰਾਨ ਝੋਨਾ ਮਿਲਿੰਗ ਸੀਜ਼ਨ 2026-27 ਲਈ ਜਾਰੀ ਮਿਲਿੰਗ ਪਾਲਿਸੀ ਦੀਆਂ ਸ਼ਰਤਾਂ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਨਵੀਂ ਮਿਆਰੀ ਕਾਰਜ ਪ੍ਰਣਾਲੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼ੈਲਰ ਮਾਲਕਾਂ ਨੇ ਇਨ੍ਹਾਂ ਸ਼ਰਤਾਂ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਫਿਲਹਾਲ ਸਰਕਾਰ ਨਾਲ ਐਗਰੀਮੈਂਟ ਕਰਨ ਅਤੇ ਝੋਨੇ ਲਈ ਬਾਰਦਾਨਾ ਦੇਣ ਤੋਂ ਇਨਕਾਰ ਕਰਨ ਦਾ ਫੈਸਲਾ ਕੀਤਾ।
ਮੀਟਿੰਗ ਦੌਰਾਨ ਸ਼ੈਲਰ ਮਾਲਕਾਂ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਵੱਲੋਂ ਵੱਡੀ ਮਾਤਰਾ ਵਿੱਚ ਹਾਈਬ੍ਰਿਡ ਝੋਨਾ ਲਗਾਇਆ ਗਿਆ ਹੈ, ਜਿਸ ਦੀ ਮਿਲਿੰਗ ਦੌਰਾਨ ਚਾਵਲ ਦੇ ਟੁੱਟਣ ਦੀ ਮਾਤਰਾ ਵੱਧ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਮਿਲਿੰਗ ਪਾਲਿਸੀ ਵਿੱਚ ਝੋਨੇ ਦੇ ਟੋਟੇ ਦੀ ਮਨਜ਼ੂਰਸ਼ੁਦਾ ਮਿਕਦਾਰ 25 ਫੀਸਦੀ ਤੋਂ ਘਟਾ ਕੇ 10 ਫੀਸਦੀ ਕੀਤੇ ਜਾਣ ਕਾਰਨ ਸ਼ੈਲਰ ਮਾਲਕਾਂ ਲਈ ਮਿਲਿੰਗ ਕਰਨਾ ਮੁਸ਼ਕਲ ਹੋਵੇਗਾ।
ਸ਼ੈਲਰ ਮਾਲਕਾਂ ਨੇ ਕੇਂਦਰ ਸਰਕਾਰ ਦੀ ਨਵੀਂ ਮਿਆਰੀ ਕਾਰਜ ਪ੍ਰਣਾਲੀ ’ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਟਾਕ ਦੀ ਜਾਂਚ ਦੌਰਾਨ ਘੱਟ ਸਟਾਕ ਮਿਲਣ ਦੀ ਸੂਰਤ ਵਿੱਚ ਦੁਗਣੀ ਰਕਮ, ਵਿਆਜ ਅਤੇ ਮਾਮਲਾ ਦਰਜ ਕਰਨ ਦੀ ਵਿਵਸਥਾ ਸ਼ੈਲਰ ਮਾਲਕਾਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗੁਦਾਮਾਂ ਵਿੱਚ ਪਹਿਲਾਂ ਹੀ ਚੌਲ ਦਾ ਵੱਡਾ ਸਟਾਕ ਪਿਆ ਹੋਣ ਕਾਰਨ ਸਪੇਸ ਦੀ ਕਮੀ ਹੋਣ ਦਾ ਵੀ ਮੁੱਦਾ ਉਠਾਇਆ ਗਿਆ।
ਸ਼ੈਲਰ ਮਾਲਕਾਂ ਨੇ ਮੰਗ ਕੀਤੀ ਕਿ ਖਰੀਦ ਏਜੰਸੀਆਂ ਝੋਨੇ ਦੀ ਖਰੀਦ ਤੋਂ ਬਾਅਦ ਉਸ ਨੂੰ ਆਪਣੀ ਕਸਟਡੀ ਵਿੱਚ ਰੱਖਣ ਅਤੇ ਮਿਲਿੰਗ ਦੀ ਲੋੜ ਅਨੁਸਾਰ ਸ਼ੈਲਰਾਂ ਨੂੰ ਝੋਨਾ ਜਾਰੀ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਦੀ ਵੀ ਲਗਭਗ 15 ਤੋਂ 20 ਫੀਸਦੀ ਝੋਨਾ ਮਿਲਿੰਗ ਬਕਾਇਆ ਦੱਸੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਇਨ੍ਹਾਂ ਮਸਲਿਆਂ ਦਾ ਜਲਦ ਹੱਲ ਕੀਤਾ ਜਾਵੇ, ਤਾਂ ਜੋ ਕਿਸਾਨਾਂ ਦਾ ਝੋਨਾ ਸਮੇਂ ਸਿਰ ਸ਼ੈਲਰਾਂ ਵਿੱਚ ਪਹੁੰਚ ਸਕੇ ਅਤੇ ਮਿਲਿੰਗ ਦਾ ਕੰਮ ਸੁਚੱਜੇ ਢੰਗ ਨਾਲ ਹੋ ਸਕੇ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਆਲ ਇੰਡੀਆ ਪ੍ਰਧਾਨ ਸ੍ਰੀ ਤਰਸੇਮ ਸੈਣੀ ਜੀ ਵੱਲੋਂ ਆਉਣ ਵਾਲੇ 7-8 ਦਿਨਾਂ ਵਿੱਚ ਬੁਲਾਈ ਜਾਣ ਵਾਲੀ ਜਨਰਲ ਮੀਟਿੰਗ ਹੋਣ ਤੱਕ ਜ਼ਿਲ੍ਹੇ ਦਾ ਕੋਈ ਵੀ ਮਿਲਰ ਨਾ ਤਾਂ ਸਰਕਾਰ ਨਾਲ ਕੋਈ ਐਗਰੀਮੈਂਟ ਕਰੇਗਾ ਅਤੇ ਨਾ ਹੀ ਕਿਸੇ ਮੰਡੀ ਵਿੱਚ ਕਿਸੇ ਕਿਸਮ ਦਾ ਬਾਰਦਾਨਾ ਦੇਵੇਗਾ। ਸ਼ੈਲਰ ਮਾਲਕਾਂ ਨੇ ਕਿਹਾ ਕਿ ਇਸ ਸਬੰਧੀ ਅਗਲਾ ਜਾਂ ਕੋਈ ਵੀ ਅੰਤਿਮ ਫ਼ੈਸਲਾ ਪੰਜਾਬ ਪੱਧਰ ’ਤੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਹੀ ਲਿਆ ਜਾਵੇਗਾ।
ਇਸ ਮੌਕੇ ਪਰਮਜੀਤ ਸਿੰਘ ਪ੍ਰਧਾਨ, ਸ਼ਰਨਜੀਤ ਸਿੰਘ ਰਜਵਾੜਾ, ਗੁਰਿੰਦਰ ਸਿੰਘ ਗੁਰੀ, ਬਲਜਿੰਦਰ ਸਿੰਘ ਅਤੇਪੁਰ, ਹਰਪਾਲ ਸਿੰਘ ਚੁਨਾਰਥਲ, ਮੋਹਨ ਲਾਲ ਜੀ, ਦਵਿੰਦਰ ਸਿੰਘ, ਹਰਦੀਪ ਸਿੰਘ ਬੈਂਸ, ਵਿਜੇ ਵੀਰ ਸਿੰਘ, ਸਿਦਕਪਾਲ ਸੋਹੀ, ਗੁਰਸ਼ਰਨ ਸਿੰਘ ਅਤੇ ਹੋਰ ਸ਼ੈਲਰ ਮਾਲਕ ਹਾਜ਼ਰ ਸਨ।
- Download Babushahi App
-
-