ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦੇ ਮਾਰਚ ਵਿੱਚ ਮਿਸਲ ਸਤਲੁਜ ਕਰੇਗੀ ਸ਼ਮੂਲੀਅਤ: ਦਵਿੰਦਰ ਸਿੰਘ ਸੇਖੋਂ
ਫਿਰੋਜ਼ਪੁਰ. 30 ਸਤੰਬਰ ਮਿਸਲ ਸਤਲੁਜ ਦੀ ਇੱਕ ਵਿਸ਼ੇਸ਼ ਮੀਟਿੰਗ ਫਿਰੋਜ਼ਪੁਰ ਸਥਿਤ ਦਫ਼ਤਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਕੱਢੇ ਜਾ ਰਹੇ ਮਾਰਚ ਵਿੱਚ ਸ਼ਮੂਲੀਅਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਮਿਸਲ ਸਤਲੁਜ ਦੇ ਆਗੂ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਰਾਜਨੀਤਿਕ ਕੈਦੀ ਮੰਨਦਿਆਂ ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਰਿਹਾਈ ਲਈ ਜਲਦ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਸੰਗਤ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਕੀਤੇ ਜਾ ਰਹੇ ਯਤਨਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ।
ਉਨ੍ਹਾਂ ਐਲਾਨ ਕੀਤਾ ਕਿ ਮਿਸਲ ਸਤਲੁਜ ਪਾਰਟੀ ਵੱਲੋਂ ਕੌਮੀ ਇਨਸਾਫ ਮੋਰਚੇ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਮਾਰਚ ਵਿੱਚ ਸਰਗਰਮ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਤੇ ਮਾਨ ਸਿੰਘ ਕਿਲੀ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਵੱਡਾ ਜੱਥਾ ਬਠਿੰਡਾ ਵਿਖੇ ਮਾਰਚ ਵਿੱਚ ਸ਼ਾਮਲ ਹੋਵੇਗਾ ਅਤੇ ਇਸ ਲਈ ਸੰਗਤ ਨਾਲ ਸੰਪਰਕ ਕਰਕੇ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।
ਮੀਟਿੰਗ ਵਿੱਚ ਕਿਰਨਦੀਪ ਸਿੰਘ ਦੀਪ ਪੱਲਾ ਜੁਆਇੰਟ ਸਕੱਤਰ, ਐਡਵੋਕੇਟ ਕੁਲਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਪ੍ਰਭਜੀਤ ਕੌਰ, ਧਰਮਿੰਦਰ ਕੁਮਾਰ, ਕਰਮਪਾਲ ਸਿੰਘ ਬੈਰਕਾਂ, ਸੁਖਬੀਰ ਸਿੰਘ, ਨਵਦੀਪ ਸਿੰਘ ਸਰਾਂ, ਰਣਜੀਤ ਸਿੰਘ ਲਾਡੀ ਬੱਬਰ, ਨਸੀਬ ਸਿੰਘ ਅਤੇ ਜਗਮੀਤ ਸਿੰਘ ਮੱਲਵਾਲ ਸਮੇਤ ਹੋਰ ਆਗੂ ਹਾਜ਼ਰ ਸਨ।
- Download Babushahi App
-
-