ਬੰਦੀ ਸਿੰਘਾਂ ਦੀ ਰਿਹਾਈ ਲਈ 2 ਅਕਤੂਬਰ ਦਾ ਮਾਰਚ ਇਨਸਾਫ਼ ਦੀ ਆਵਾਜ਼ ਨੂੰ ਹੋਰ ਬੁਲੰਦ ਕਰੇਗਾ: ਮਿਸਲ ਸਤਲੁਜ ਆਗੂ
ਪਟਿਆਲਾ 30 ਸਤੰਬਰ,2026. ਮਿਸਲ ਸਤਲੁਜ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਸਮੀਤ ਕੌਰ ਛੀਨਾ, ਪਟਿਆਲਾ ਵਿਧਾਨ ਸਭਾ ਦਿਹਾਤੀ ਹਲਕੇ ਤੋਂ ਮਿਸਲ ਸਤਲੁਜ ਪਾਰਟੀ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਚਾਹਲ ਅਤੇ ਪੂਰਾ ਪੰਜਾਬ ਲਹਿਰ ਦੇ ਕੌਮੀ ਕਨਵੀਨਰ ਸਰਦਾਰ ਅਮਰਿੰਦਰ ਸਿੰਘ ਤੁੜ, ਅੰਗਰੇਜ਼ ਸਿੰਘ ਸ਼ੇਰਗਿੱਲ, ਗੁਰਪ੍ਰਤਾਪ ਸਿੰਘ ਸਨੌਰ ਅਤੇ ਰੋਹਿਤ ਸ਼ਰਮਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 2 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਕੱਢੇ ਜਾ ਰਹੇ ਵਿਸ਼ਾਲ ‘ਬੰਦੀ ਸਿੰਘ ਰਿਹਾਈ ਮਾਰਚ’ ਵਿੱਚ ਮਿਸਲ ਸਤਲੁਜ ਪਾਰਟੀ ਪੂਰੀ ਸਰਗਰਮੀ ਅਤੇ ਸਮਰਪਣ ਨਾਲ ਸ਼ਮੂਲੀਅਤ ਕਰੇਗੀ।
ਆਗੂਆਂ ਨੇ ਕਿਹਾ ਕਿ ਇਹ ਮਾਰਚ ਸਿਰਫ਼ ਇੱਕ ਰੋਸ ਮਾਰਚ ਨਹੀਂ, ਸਗੋਂ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੇ ਹੱਕ ਵਿੱਚ ਉੱਠ ਰਹੀ ਇੱਕ ਸਾਂਝੀ ਅਤੇ ਸ਼ਾਂਤਮਈ ਆਵਾਜ਼ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਦਾ ਮਾਮਲਾ ਵਿਚਾਰਿਆ ਜਾਣਾ ਚਾਹੀਦਾ ਹੈ।
ਮਿਸਲ ਸਤਲੁਜ ਆਗੂਆਂ ਨੇ ਕਿਹਾ ਕਿ ਸਾਲਾਂ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਰਹੇ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਉਡੀਕ ਅਤੇ ਪੀੜਾ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਸਲੇ ਦਾ ਹੱਲ ਗਲਬਾਤ, ਸੰਵਿਧਾਨਕ ਪ੍ਰਕਿਰਿਆ ਅਤੇ ਨਿਆਂ ਦੇ ਸਿਧਾਂਤਾਂ ਰਾਹੀਂ ਹੀ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਸਮੂਹ ਪੰਜਾਬੀਆਂ ਅਤੇ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 2 ਅਕਤੂਬਰ ਦੇ ਇਸ ਮਾਰਚ ਵਿੱਚ ਸ਼ਾਂਤਮਈ ਢੰਗ ਨਾਲ ਸ਼ਾਮਲ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਪ੍ਰਤੀ ਆਪਣੀ ਜਾਗਰੂਕਤਾ ਅਤੇ ਸਹਿਯੋਗ ਪ੍ਰਗਟ ਕਰਨ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਪਾਰਟੀ ਦੇ ਵਾਲੰਟੀਅਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੰਗਤ ਨਾਲ ਸੰਪਰਕ ਕਰ ਰਹੇ ਹਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮਾਰਚ ਨਾਲ ਜੋੜਨ ਲਈ ਠੋਸ ਉਪਰਾਲੇ ਕਰ ਰਹੇ ਹਨ।
ਆਗੂਆਂ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਦਾ ਇਹ ਸਫ਼ਰ ਸਿੱਖ ਇਤਿਹਾਸ, ਸਬਰ ਅਤੇ ਨਿਆਂ ਦੀ ਮੰਗ ਨਾਲ ਜੁੜੀ ਇੱਕ ਅਹਿਮ ਪਹਿਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਮਾਰਚ ਸਰਕਾਰਾਂ ਦਾ ਧਿਆਨ ਬੰਦੀ ਸਿੰਘਾਂ ਦੇ ਮਾਮਲੇ ਵੱਲ ਗੰਭੀਰਤਾ ਨਾਲ ਖਿੱਚਣ ਵਿੱਚ ਸਹਾਇਕ ਹੋਵੇਗਾ।
- Download Babushahi App
-
-