ਜਲੰਧਰ ਮੀਟਿੰਗ ਰੱਦ ਕਰਨ ਦੇ ਰੋਸ ਵਜੋਂ ਬਿਜਲੀ ਮੁਲਾਜ਼ਮਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਅਸ਼ੋਕ ਵਰਮਾ
ਬਠਿੰਡਾ, 28 ਅਗਸਤ 2026 :ਅੱਜ ਬਿਜਲੀ ਮੁਲਾਜ਼ਮਾਂ ਵੱਲੋਂ ਪੀ ਐਸ ਈ ਬੀ ਜੋਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਯੂਨੀਅਨ ਰਜਿ ਨੰ.24 ਦੇ ਫੈਸਲੇ ਅਨੁਸਾਰ ਪਾਵਰ ਕਾਮ ਕਾਰਪੋਰੇਸ਼ਨ ਦੇ ਡਵੀਜ਼ਨ ਅਤੇ ਸਰਕਲ ਦਫ਼ਤਰ ਥਰਮਲ ਕਾਲੋਨੀ ਬਠਿੰਡਾ ਵਿਖੇ ਮੁੱਖ ਮੰਤਰੀ ਪੰਜਾਬ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਪੰਜਾਬ ਦੇ ਸਮੂਹ ਵਿਭਾਗਾਂ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ, ਬਕਾਇਆ 18% ਮਹਿੰਗਾਈ ਭੱਤਾ, ਕੱਚੇ ਕਾਮੇ ਪੱਕੇ ਕਰਨ, ਰੈਗੂਲਰ ਭਰਤੀ ਕਰਨ,ਪੇ ਸਕੇਲਾਂ ਦਾ ਏਰੀਅਰ,15-7-2015 ਅਤੇ 17-7-2020 ਵਾਲੇ ਪੱਤਰ ਰੱਦ ਕਰਕੇ ਪੰਜਾਬ ਦੇ ਸਕੇਲ ਲਾਗੂ ਕਰਨ ਅਤੇ ਹੋਰ ਵੀ ਕਾਫੀ ਮੰਗਾਂ ਸੰਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਮੁਲਾਜ਼ਮਾਂ ਦੇ ਭਾਰੀ ਰੋਸ ਪ੍ਰਦਰਸ਼ਨ ਨੂੰ ਵੇਖਦੇ ਹੋਏ 27 ਅਗਸਤ ਦੀ ਸਾਂਝੀ ਸੰਘਰਸ਼ ਤਾਲਮੇਲ ਕਮੇਟੀ ਦੀ ਮੁੱਖਮੰਤਰੀ ਨਾਲ ਜਲੰਧਰ ਵਿਖੇ ਮੀਟਿੰਗ ਤਹਿ ਕੀਤੀ ਗਈ ਸੀ ਪਰੰਤੂ ਆਗੂਆਂ ਨਾਲ ਮੀਟਿੰਗ ਨਹੀਂ ਕੀਤੀ ਗਈ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਸਿੰਗਲ ਅਤੇ ਡਬਲ ਬੈਂਚ ਵਲੋਂ ਬਕਾਇਆ ਮਹਿੰਗਾਈ ਭੱਤਾ 3 ਅਗਸਤ ਨੂੰ 18 ਅਗਸਤ ਤੱਕ ਦਾ ਸਮਾਂ ਤਹਿ ਕਰਦੇ ਹੋਏ ਜਾਰੀ ਕਰਨ ਫੈਸਲਾ ਮੁਲਾਜ਼ਮਾਂ ਦੇ ਹੱਕ ਵਿੱਚ ਕਰਨ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਅੱਜ ਦਫਤਰਾਂ ਅੱਗੇ ਅਰਥੀ ਸਾੜ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜੇਕਰ ਅਜੇ ਵੀ ਇਹ ਫੈਸਲੇ ਲਾਗੂ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਬੁਲਾਰਿਆਂ ਵਿੱਚ ਅੰਗਰੇਜ਼ ਸਿੰਘ, ਹਰਵਿੰਦਰ ਸਿੰਘ ਸੇਖੋਂ, ਭੀਮ ਸੈਨ, ਅਰੁਣ ਕੁਮਾਰ ਤਿਰਪਾਠੀ, ਦੁਰਗਾ ਦੱਤ, ਸੰਦੀਪ ਸਿੰਘ, ਬਲਜਿੰਦਰ ਸਿੰਘ, ਪਰਮਿੰਦਰ ਸਿੰਘ,ਲਛਮਣ ਸਿੰਘ , ਸੁਰਜੀਤ ਸਿੰਘ, ਹਰਭਗਵਾਨ ਸਿੰਘ, ਅਮਰਜੀਤ ਸਿੰਘ, ਜਗਦੇਵ ਸਿੰਘ ਨੇ ਸੰਬੋਧਨ ਕੀਤਾ।
- Download Babushahi App
-
-