ਮੁੱਖ ਮੰਤਰੀ ਵੱਲੋਂ ਮੀਟਿੰਗ ਨਾ ਕਰਨ ਖਿਲਾਫ ਮੁਲਾਜ਼ਮਾਂ ਨੇ ਪੱਤਰ ਦੀਆਂ ਕਾਪੀਆਂ ਫੂਕੀਆਂ
ਮੁਲਾਜ਼ਮਾਂ ਦਾ ਗੁੱਸਾ ਸਿਖਰਾਂ ਤੇ, ਕੱਲ ਜਿਲਾ ਬਠਿੰਡਾ ਵਿੱਚ ਫੂਕੇ ਜਾਣਗੇ ਮੁੱਖ ਮੰਤਰੀ ਦੇ ਪੁਤਲੇ |
30 ਅਗਸਤ ਨੂੰ ਮੀਟਿੰਗ ਕਰਕੇ ਲਏ ਜਾਣਗੇ ਵੱਡੇ ਫੈਸਲੇ
ਅਸ਼ੋਕ ਵਰਮਾ
ਬਠਿੰਡਾ,28 ਅਗਸਤ 2026 : ਪੰਜਾਬ ਸਰਕਾਰ ਵੱਲੋਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਕੀਤੀ ਗਈ ਮਹਾਂ ਰੈਲੀ ਤੋਂ ਬਾਅਦ 27 ਅਗਸਤ ਦੀ ਮੀਟਿੰਗ ਵਿੱਚ ਆਗੂਆਂ ਨੂੰ ਬੁਲਾ ਕੇ ਮੀਟਿੰਗ ਨਾ ਕਰਨ ਦੇ ਵਿਰੋਧ ਵਿੱਚ ਅੱਜ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ |
ਪ੍ਰੈਸ ਬਿਆਨ ਜਾਰੀ ਕਰਦਿਆਂ ਅਧਿਆਪਕ ਆਗੂਆਂ ਜਗਪਾਲ ਬੰਗੀ, ਬਲਜਿੰਦਰ ਸਿੰਘ, ਰਾਜਵੀਰ ਸਿੰਘ ਮਾਨ,ਬਲਦੇਵ ਸਿੰਘ, ਜਗਸੀਰ ਸਿੰਘ ਸਹੋਤਾ, ਗੁਰਜੀਤ ਸਿੰਘ ਜੱਸੀ, ਕੁਲਵਿੰਦਰ ਕਟਾਰੀਆ,ਜਗਦੀਸ਼ ਜੱਗੀ, ਬਲਜਿੰਦਰ ਸਿੰਘ ਸਿੱਧੂ, ਲਖਬੀਰ ਸਿੰਘ ਨੰਗਲਾ,ਹਰਦੀਪ ਸਿੰਘ ਗੁਰਵਿੰਦਰ ਸਿੰਘ ਅਤੇ ਵੀਰਪਾਲ ਕੌਰ ਸਿਧਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ | ਮੁੱਖ ਮੰਤਰੀ ਨੇ ਸਾਢੇ ਚਾਰ ਸਾਲਾਂ ਦੇ ਸਮੇਂ ਵਿੱਚ ਪੰਜਾਬ ਦੇ ਮੁਲਾਜ਼ਮਾਂ ਨਾਲ ਕੋਈ ਮੀਟਿੰਗ ਕਰਨੀ ਜਰੂਰੀ ਨਹੀਂ ਸਮਝੀ | ਹੁਣ ਜਦੋਂ ਸਾਢੇ ਚਾਰ ਸਾਲ ਬਾਅਦ ਮੀਟਿੰਗ ਦਿੱਤੀ ਗਈ ਤਾਂ ਮੁੱਖ ਮੰਤਰੀ ਉਸ ਮੀਟਿੰਗ ਮੀਟਿੰਗ ਕਰਨ ਤੋਂ ਮੁੱਕਰ ਗਏ |
ਉਨ੍ਹਾਂ ਦੱਸਿਆ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਮੀਟਿੰਗ ਕਰਨ ਲਈ ਪੀਏਪੀ ਗਰਾਊਂਡ ਜਲੰਧਰ ਵਿਖੇ ਬੁਲਾਇਆ ਗਿਆ | ਜਿੱਥੇ ਕਿ ਮੀਟਿੰਗ ਕਰਨ ਤੋਂ ਪਹਿਲਾਂ ਸ਼ਰਤਾਂ ਲਾਈਆਂ ਜਾਣ ਲੱਗੀਆਂ| ਲੀਡਰਸ਼ਿਪ ਨੇ ਕੋਈ ਵੀ ਗੱਲਬਾਤ ਸ਼ਰਤਾਂ ਤਹਿਤ ਕਰਨ ਤੋਂ ਮਨਾ ਕਰਦਿਆਂ ਮੀਟਿੰਗ ਦਾ ਬਾਈਕਾਟ ਕਰ ਦਿੱਤਾ । ਆਗੂਆਂ ਨੇ ਦੱਸਿਆ ਕਿ 30 ਅਗਸਤ ਨੂੰ ਲੁਧਿਆਣਾ ਵਿਖੇ ਪੰਜਾਬ ਦੀਆਂ ਸਮੁੱਚੀਆਂ ਜਥੇਬੰਦੀਆਂ ਦੀ ਮੀਟਿੰਗ ਬੁਲਾ ਲਈ ਗਈ ਹੈ। ਜਿੱਥੇ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਖਿਲਾਫ ਆਰਪਾਰ ਦੀ ਲੜਾਈ ਦਾ ਬਿਗਲ ਵਜਾਇਆ ਜਾਵੇਗਾ | ਮੁਲਾਜ਼ਮ ਵਰਗ ਵਿੱਚ ਸਮੇਂ ਸਰਕਾਰ ਖਿਲਾਫ ਗੁੱਸਾ ਸਿਖਰਾਂ ਤੇ ਪੁੱਜ ਚੁੱਕਿਆ ਹੈ ਕਿਉਂਕਿ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਹਨਾਂ ਦੱਸਿਆ ਕਿ ਜਿੱਥੇ ਅੱਜ ਵੱਖ-ਵੱਖ ਸਕੂਲਾਂ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਟਵੀਟ ਦੀਆਂ ਕਾਪੀਆਂ ਸਾੜੀਆਂ ਗਈਆਂ | ਉਥੇ ਕੱਲ ਨੂੰ ਜਿਲੇ ਵਿੱਚ ਕਈ ਥਾਵਾਂ ਤੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ | ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕੋਝੀਆਂ ਚਾਲਾਂ ਤੋਂ ਬਾਜ਼ ਜਾਵੇ ਅਤੇ ਬੈਠ ਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰੇ
- Download Babushahi App
-
-