ਪੰਜਾਬ ਬੰਦ : ਕਿਰਤੀਆਂ ਅਤੇ ਵਪਾਰੀਆਂ ਨੇ ਮਾਰਿਆ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ
ਅਸ਼ੋਕ ਵਰਮਾ
ਬਠਿੰਡਾ , 21 ਅਗਸਤ 2026 : ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਪੰਜਾਬ ਬੰਦ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਮੋਰਚੇ ਦੀ ਮੁੱਖ ਮੰਗ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਪਰ ਅਜੇ ਵੀ ਜੇਲ੍ਹ ਵਿੱਚ ਹਨ। ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਅਤੇ ਬੇਅਦਬੀ ਤੇ ਪੁਲੀਸ ਗੋਲੀਕਾਂਡ ਦੇ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਮੁਤਾਬਿਕ ਇਸ ਬੰਦ ਦੌਰਾਨ ਕਾਰੋਬਾਰ, ਟਰਾਂਸਪੋਰਟ, ਸੜਕ ਅਤੇ ਰੇਲ ਸੇਵਾਵਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰੱਖੀਆਂ ਗਈਆ ਅਤੇ ਕੇਵਲ ਜ਼ਰੂਰੀ ਸੇਵਾਵਾਂ ਨੂੰ ਹੀ ਚੱਲਣ ਦੀ ਇਜਾਜ਼ਤ ਦਿੱਤੀ ਗਈ ਸੀ। ਬੰਦ ਦੌਰਾਨ ਪੂਰਾ ਦਿਨ ਅਮਨ ਸ਼ਾਂਤੀ ਬਣੀ ਰਹੀ ਅਤੇ ਅਹਿਤਿਹਾਤ ਵਜੋਂ ਪੁਲਿਸ ਨੇ ਵੀ ਮੁਸਤੈਦੀ ਰੱਖੀ ।
ਬਠਿੰਡਾ ਤੋਂ ਇਲਾਵਾ ਰਾਮਪੁਰਾ ਫੂਲ, ਮੌੜ, ਭਗਤਾ ਭਾਈ ਅਤੇ ਜੀਦਾ ਸਮੇਤ ਪੰਜ ਥਾਵਾਂ ’ਤੇ ਧਰਨੇ ਦਿੱਤੇ ਗਏ। ਸਵੇਰ ਤੋਂ ਹੀ ਵਪਾਰੀਆਂ ਨੇ ਦੁਕਾਨਾਂ ਦੇ ਸ਼ਟਰ ਬੰਦ ਰੱਖੇ ਅਤੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਵਪਾਰਕ ਅਦਾਰੇ ਬੰਦ ਰਹੇ, ਜਿਸ ਕਾਰਨ ਸ਼ਹਿਰ ਵਿੱਚ ਸੁੰਨਸਾਨ ਰਹੀ। ਉਂਜ 12 ਵਜੇ ਤੋਂ ਬਾਅਦ ਬਠਿੰਡਾ ਦੇ ਵੱਡੇ ਬਜ਼ਾਰਾਂ ’ਚ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਸਨ ਪਰ ਬੱਸ ਅੱਡੇ ਦੇ ਨਜ਼ਦੀਕ ਪੈਂਦੇ ਮਹਿਣਾ ਚੌਂਕ ਅਤੇ ਕਚਹਿਰੀ ਰੋਡ ’ਤੇ ਜਿਆਦਾਤਰ ਦੁਕਾਨਾਂ ਦੋ ਵਜੇ ਤੋਂ ਬਾਅਦ ਹੀ ਖੋਹਲੀਆਂ ਗਈਆਂ। ਸਿੱਖ ਜੱਥੇਬੰਦੀਆਂ ਨੇ ਬੱਸ ਅੱਡਾ ਚੌਂਕ ’ਚ ਸੜਕ ’ਤੇ ਜਾਮ ਲਾਇਆ ਅਤੇ ਧਰਨਾ ਦਿੱਤਾ। ਵੱਖ ਵੱਖ ਥਾਵਾਂ ’ਤੇ ਲਾਏ ਧਰਨਿਆਂ ਦੌਰਾਨ ਸੁਰਜੀਤ ਸਿੰਘ ਫੂਲ, ਪਰਮਿੰਦਰ ਸਿੰਘ ਬਾਲਿਆਵਾਲੀ, ਸੁਖਜੀਤ ਸਿੰਘ, ਭੋਲਾ ਸਿੰਘ ਗਿੱਲਪੱਤੀ, ਚਮਕੌਰ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ ਸਮੇਤ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ।
ਆਗੂਆਂ ਨੇ ਕਿਹਾ ਕਿ ਬੰਦੀ ਸਿੰਘ ਤੀਹਰੀਆਂ ਤੀਹਰੀਆਂ ਸਜ਼ਾਵਾਂ ਭੁਗਤ ਚੁੱਕੇ ਹਨ ਪਰ ਸਰਕਾਰਾਂ ਉਨ੍ਹਾਂ ਨੂੰ ਰਿਹਾਅ ਕਰਨਾ ਤਾਂ ਦੂਰ ਬਲਕਿ ਪੈਰੋਲ ਦੇਣ ਨੂੰ ਵੀ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੀ ਮਾਤਾ ਬਿਮਾਰ ਹੈ ਪਰ ਕੇਂਦਰ ਸਰਕਾਰ ਪੈਰੋਲ ਦੇ ਨਾਮ ਹੇਠ ਮਜਾਕ ਕਰ ਰਹੀ ਹੈ। ਆਗੂਆਂ ਨੇ ਆਖਿਆ ਕਿ ਵਪਾਰੀਆਂ ਵੱਲੋਂ ਸਿੱਖ ਜਥੇਬੰਦੀਆਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ ਅਤੇ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਬੰਦ ਰੱਖੇ ਗਏ ਹਨ। ਉਹਨਾਂ ਆਖਿਆ ਕਿ ਇਸਤੋਂ ਸਪਸ਼ਟ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਸਮੁੱਚੇ ਪੰਜਾਬ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਸਿੱਖਾਂ ਲਈ ਕਾਨੂੰਨ ਹੋਰ ਹਨ ਜਦੋਂਕਿ ਬਾਕੀਆਂ ਲਈ ਵੱਖਰੇ ਹਨ। ਸਿੱਖ ਜੱਥੇਬੰਦੀਆਂ ਦੇ ਇੰਨ੍ਹਾਂ ਆਗੂਆਂ ਨੇ ਸਮੂਹ ਵਪਾਰੀਆਂ, ਟਰਾਂਸਪੋਰਟਰਾਂ ਅਤੇ ਲੋਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਓਧਰ ਬੱਸ ਸੇਵਾ ਠੱਪ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੋਜ਼ੀ-ਰੋਟੀ ਲਈ ਪਿੰਡਾਂ ਤੋਂ ਆਉਣ ਵਾਲੇ ਮਜ਼ਦੂਰ ਅਤੇ ਮੁਲਾਜ਼ਮ ਸਾਈਕਲਾਂ, ਮੋਟਰਸਾਈਕਲਾਂ ਜਾਂ ਨਿੱਜੀ ਵਾਹਨਾਂ ਰਾਹੀਂ ਸ਼ਹਿਰ ਪਹੁੰਚੇ। ਅਨਾਜ ਮੰਡੀਆਂ ਵਿੱਚ ਵੀ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਕੌਮੀ ਇਨਸਾਫ਼ ਮੋਰਚਾ ਨੇ ਪੁਲੀਸ ਕਾਰਵਾਈ, ਆਪਣੇ ਮੈਂਬਰਾਂ ਵਿਰੁੱਧ ਦਰਜ ਐੱਫ ਆਈ ਆਰ ਅਤੇ ਬੰਦੀ ਸਿੰਘਾਂ ਦੀ ਲਗਾਤਾਰ ਨਜ਼ਰਬੰਦੀ ਦੇ ਵਿਰੋਧ ਵਿੱਚ ਅੱਜ ਨੂੰ ’ਪੰਜਾਬ ਬੰਦ’ ਦਾ ਸੱਦਾ ਦਿੱਤਾ ਸੀ। ਦਰਅਸਲ 15 ਅਗਸਤ ਨੂੰ ਚੰਡੀਗੜ੍ਹ ਪੁਲੀਸ ਨੇ ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਅਤੇ ਬੈਰੀਕੇਡਾਂ ਨਾਲ ਕੌਮੀ ਇਨਸਾਫ਼ ਮੋਰਚੇ ਦਾ ਪੰਜਾਬ ਰਾਜ ਭਵਨ ਵੱਲ ਮਾਰਚ ਰੋਕ ਦਿੱਤਾ ਸੀ ਅਤੇ ਪੁਲੀਸ ਵੱਲੋਂ ਆਗੂਆਂ ਅਤੇ ਸਮਰਥਕਾਂ ਵਿਰੁੱਧ ਕਈ ਐੱਫ ਆਈ ਆਰਜ਼ ਦਰਜ ਕੀਤੀਆਂ ਗਈਆਂ ਸਨ।
- Download Babushahi App
-
-