ਲੋਕ ਪੱਖੀ ਸਮਾਜਿਕ ਤਬਦੀਲੀ ਲਈ ਵਿਗਿਆਨਕ ਵਿਚਾਰਧਾਰਾ ਦੀ ਅਹਿਮ ਭੂਮਿਕਾ - ਮੁਕਤਾ ਦਾਭੋਲਕਰ
ਤਿੰਨ ਰੋਜ਼ਾ ਪੁਸਤਕ ਮੇਲੇ ਦਾ ਹੋਇਆ ਸ਼ਾਨਦਾਰ ਆਗਾਜ਼
ਅਸ਼ੋਕ ਵਰਮਾ
ਬਰਨਾਲਾ , 21 ਅਗਸਤ 2026: ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਪ੍ਰਸਿੱਧ ਤਰਕਸ਼ੀਲ਼ ਚਿੰਤਕ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲੇ ਦਾ ਉਦਘਾਟਨ ਸਥਾਨਕ ਤਰਕਸ਼ੀਲ ਭਵਨ ਵਿਖੇ ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਤਰਕਸ਼ੀਲ ਚਿੰਤਕ ਮਨਜੀਤ ਬੋਪਾਰਾਏ ਵੱਲੋਂ ਕੀਤਾ ਗਿਆ।ਇਸ ਪੁਸਤਕ ਮੇਲੇ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ਼,ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਾਏ ਗਏ ਹਨ।ਇਸ ਮੌਕੇ ਹੋਏ ਸੈਮੀਨਾਰ ਵਿੱਚ ਆਨਲਾਈਨ ਸੰਬੋਧਿਤ ਹੁੰਦੇ ਹੋਏ ਡਾ.ਮੁਕਤਾ ਦਾਭੋਲਕਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਧਾਰਮਿਕ ਆਸਥਾ ਦੀ ਆੜ ਹੇਠ ਅੰਧ ਵਿਸ਼ਵਾਸ਼ਾਂ, ਪਾਖੰਡਵਾਦ ਅਤੇ ਰੂੜ੍ਹੀਵਾਦ ਵਿਰੁੱਧ ਲੋਕ ਪੱਖੀ ਸਮਾਜਿਕ ਤਬਦੀਲੀ ਲਈ ਆਮ ਲੋਕਾਂ ਵਿੱਚ ਵਿਗਿਆਨਕ ਵਿਚਾਰਧਾਰਾ ਦਾ ਵੱਡੇ ਪੱਧਰ ਤੇ ਫੈਲਾਅ ਕਰਨਾ ਬੇਹੱਦ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਡਾ.ਨਰਿੰਦਰ ਦਾਭੋਲਕਰ ਨੇ ਮਹਾਂਰਾਸ਼ਟਰ ਵਿੱਚ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੀ ਸਥਾਪਨਾ ਕਰਕੇ ਅੰਧ ਵਿਸ਼ਵਾਸ਼ਾਂ,ਜਾਤ ਪਾਤ, ਨਸ਼ਿਆਂ,ਮੂਰਤੀ ਵਿਸਰਜਨ ਵਿਰੁੱਧ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ। ਉਨ੍ਹਾਂ ਨੇ ਕਿਹਾ ਕਿ ਫ਼ਿਰਕੂ ਤਾਕਤਾਂ ਵੱਲੋਂ ਵਿਗਿਆਨਕ ਵਿਚਾਰਧਾਰਾ ਉਤੇ ਕੀਤੇ ਜਾ ਰਹੇ ਹਮਲਿਆਂ ਅਤੇ ਚੁਣੌਤੀਆਂ ਦਾ ਟਾਕਰਾ ਜਮਹੂਰੀ ਅਤੇ ਤਰਕਸ਼ੀਲ ਸੰਸਥਾਵਾਂ ਵੱਲੋਂ ਇਕਜੁੱਟ ਹੋ ਕੇ ਹੀ ਕੀਤਾ ਜਾ ਸਕਦਾ ਹੈ।ਇਸ ਮੌਕੇ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਰਾਜਪਾਲ ਸਿੰਘ ਨੇ ਡਾ.ਮੁਕਤਾ ਨੂੰ ਸਰੋਤਿਆਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਲੈਣ ਸਮੇਂ ਸਟੇਜ ਦਾ ਸੰਚਾਲਨ ਕੀਤਾ।
ਇਸਤੋਂ ਪਹਿਲਾਂ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਆਏ ਹੋਏ ਮਹਿਮਾਨਾਂ,ਵਿਦਿਆਰਥੀਆਂ, ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਨੂੰ ਜੀ ਆਇਆਂ ਕਿਹਾ ਅਤੇ ਪੰਜਾਬ ਵਿੱਚ ਤਰਕਸ਼ੀਲ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਪੱਧਰ ਤੇ ਅਜਿਹੇ ਪੁਸਤਕ ਮੇਲੇ ਲਾਉਣ ਦੀ ਲੋੜ ਤੇ ਜ਼ੋਰ ਦਿੱਤਾ।
ਅਗਲੇ ਸੈਸ਼ਨ ਵਿੱਚ ਪ੍ਰਸਿੱਧ ਸਿਹਤ ਮਾਹਿਰਾਂ ਡਾ.ਅੰਮ੍ਰਿਤਪਾਲ ਸਿੰਘ, ਡਾ.ਜਗਰੂਪ ਸਿੰਘ ਅਤੇ ਡਾ. ਜਸ਼ਨਪ੍ਰੀਤ ਸਿੰਘ ਅਧਾਰਤ ਪੈਨਲ ਵੱਲੋਂ ‘ ਆਮ ਬਿਮਾਰੀਆਂ ਨਾਲ ਜੁੜੇ ਮਿੱਥ ਅਤੇ ਉਨ੍ਹਾਂ ਦਾ ਵਿਗਿਆਨਕ ਸੱਚ ’ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਟੂਣੇ ਟੋਟਕਿਆਂ ਅਤੇ ਧਾਗੇ ਤਵੀਤਾਂ ਵਿਰੁੱਧ ਜਾਗਰੂਕ ਕਰਕੇ ਲੋਕਾਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨੀ ਬਹੁਤ ਜਰੂਰੀ ਹੈ।
ਇਸ ਮੌਕੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ ਅਤੇ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ।ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਤਰਕਸ਼ੀਲ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋਂ, ਗੁਰਪ੍ਰੀਤ ਸ਼ਹਿਣਾ,ਕੁਲਜੀਤ ਫਾਜ਼ਿਲਕਾ, ਰਾਮ ਸਵਰਨ ਲੱਖੇਵਾਲੀ, ਸੁਮੀਤ ਅੰਮ੍ਰਿਤਸਰ, ਮੋਹਨ ਬਡਲਾ,ਜੋਗਿੰਦਰ ਕੁੱਲੇਵਾਲ, ਦੀਪ ਦਿਲਬਰ, ਅਮਿਤ ਮਿੱਤਰ,ਵਰਿੰਦਰ ਦਿਵਾਨਾ, ਪਰਮ ਵੇਦ ਸੰਗਰੂਰ ਆਦਿ ਹਾਜ਼ਰ ਸਨ।
- Download Babushahi App
-
-