ਪੰਜਾਬ ਡੀਜੀਪੀ ਗੌਰਵ ਯਾਦਵ ਵੱਲੋਂ "ਮੇਨਸਟਰੀਮਿੰਗ ਆਫ਼ ਵੁਮੈਨ ਇਨ ਪੰਜਾਬ ਪੁਲਿਸ" ਵਿਸ਼ੇ 'ਤੇ ਤੀਜੇ ਗੇੜ ਦੇ ਲਿੰਗ ਸੰਵੇਦਨਸ਼ੀਲਤਾ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ
ਡੀਜੀਪੀ ਪੰਜਾਬ ਨੇ ਸਾਂਝ ਪਲੇਟਫਾਰਮ 'ਤੇ ਰੱਖਿਆ ਮੰਤਰਾਲੇ ਦੀ ਵੈਰੀਫਿਕੇਸ਼ਨ ਲਈ ਆਨਲਾਈਨ ਡਿਜੀਟਲ ਪੋਰਟਲ ਵੀ ਕੀਤਾ ਲਾਂਚ
384 ਥਾਣਿਆਂ ਦੇ 1,500–2,000 ਪੁਲਿਸ ਕਰਮਚਾਰੀਆਂ ਨੂੰ ਲਿੰਗ-ਸੰਵੇਦਨਸ਼ੀਲ ਅਤੇ ਪੀੜਤ-ਕੇਂਦਰਿਤ ਪੁਲਿਸਿੰਗ ਲਈ ਕੀਤਾ ਜਾ ਰਿਹੈ ਤਿਆਰ: ਡੀਜੀਪੀ ਗੌਰਵ ਯਾਦਵ
ਸਾਂਝ ਪਲੇਟਫਾਰਮ 'ਤੇ ਆਨਲਾਈਨ ਡਿਜੀਟਲ ਤਸਦੀਕ ਨਾਲ ਡਿਫੈਂਸ ਵੈਰੀਫਿਕੇਸ਼ਨ ਦਾ ਸਮਾਂ ਮਹੀਨਿਆਂ ਤੋਂ ਘਟ ਕੇ ਕੁਝ ਦਿਨਾਂ ਦਾ ਰਹਿ ਗਿਆ: ਵਿਸ਼ੇਸ਼ ਡੀਜੀਪੀ ਗੁਰਪ੍ਰੀਤ ਦਿਓ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ/ਜਲੰਧਰ, 18 ਅਗਸਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਸਮਾਵੇਸ਼ੀ, ਪੀੜਤ-ਕੇਂਦਰਿਤ ਅਤੇ ਲਿੰਗ-ਸੰਵੇਦਨਸ਼ੀਲ ਪੁਲਿਸ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇਥੇ ਫ਼ਿਲੌਰ ਸਥਿਤ 134 ਸਾਲ ਪੁਰਾਣੀ ਇਤਿਹਾਸਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ (ਐੱਮ.ਆਰ.ਐੱਸ.ਪੀ.ਪੀ.ਏ.) ਵਿਖੇ ਲਿੰਗ ਸੰਵੇਦਨਸ਼ੀਲਤਾ ਪ੍ਰੋਜੈਕਟ, "ਮੇਨਸਟਰੀਮਿੰਗ ਆਫ਼ ਵੁਮੈਨ ਇਨ ਪੰਜਾਬ ਪੁਲਿਸ" ਅਧੀਨ ਤੀਜੇ ਗੇੜ ਦੇ ਤਿੰਨ ਦਿਨਾ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਹ ਪਹਿਲਕਦਮੀ ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀ.ਏ.ਡੀ.) ਵੱਲੋਂ ਜੇ-ਪਾਲ ਸਾਊਥ ਏਸ਼ੀਆ ਅਤੇ ਹਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਇੱਕ ਵਿਆਪਕ ਇੰਪੈਕਟ ਅਸੈਸਮੈਂਟ ਟ੍ਰੇਨਿੰਗ ਪ੍ਰੋਗਰਾਮ ਹੈ।
ਦਸੰਬਰ 2025 ਤੋਂ ਚਲਾਈ ਜਾ ਰਹੀ ਲਿੰਗ ਸੰਵੇਦਨਸ਼ੀਲ ਸਿਖਲਾਈ ਦਾ ਇਹ ਤੀਜਾ ਅਤੇ ਆਖ਼ਰੀ ਗੇੜ ਹੈ। ਇਸ ਗੇੜ ਦੀ ਸਿਖਲਾਈ ਵਿੱਚ ਵਿਸ਼ੇਸ਼ ਗਰੁੱਪਾਂ ਅਧੀਨ ਕੁੱਲ 1,453 ਨਾਮਜ਼ਦ ਪੁਲਿਸ ਕਰਮੀਆਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਵਿੱਚ ਪਹਿਲੇ ਦਿਨ ਮਿਕਸਡ ਗਰੁੱਪ (ਟੀ3), ਦੂਜੇ ਦਿਨ ਸਿਰਫ਼ ਪੁਰਸ਼ਾਂ ਦਾ ਗਰੁੱਪ (ਟੀ2) ਅਤੇ ਤੀਜੇ ਦਿਨ ਸਿਰਫ਼ ਮਹਿਲਾਵਾਂ ਦਾ ਗਰੁੱਪ (ਟੀ1) ਸ਼ਾਮਲ ਹੋਵੇਗਾ। ਡੀਜੀਪੀ ਨੇ ਕਿਹਾ, "ਸੂਬਾ ਪੱਧਰੀ ਥ੍ਰੀ ਟ੍ਰੇਨਿੰਗ ਰਾਊਂਡਜ਼ ਰਾਹੀਂ 384 ਪੁਲਿਸ ਥਾਣਿਆਂ ਦੇ 1,500–2,000 ਪੁਲਿਸ ਕਰਮਚਾਰੀਆਂ ਨੂੰ ਲਿੰਗ-ਸੰਵੇਦਨਸ਼ੀਲ, ਹੱਕ-ਅਧਾਰਤ ਅਤੇ ਪੀੜਤ-ਕੇਂਦਰਿਤ ਪੁਲਿਸਿੰਗ ਲਈ ਲੋੜੀਂਦੇ ਹੁਨਰ ਅਤੇ ਸੂਝ-ਬੂਝ ਨਾਲ ਲੈਸ ਕੀਤਾ ਜਾ ਰਿਹਾ ਹੈ, ਜਿਸ ਵਿੱਚ ਔਰਤਾਂ, ਬੱਚਿਆਂ ਅਤੇ ਹੋਰ ਕਮਜ਼ੋਰ ਵਰਗਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।" ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੇ 'ਸਾਂਝ' ਪਲੇਟਫਾਰਮ 'ਤੇ ਰੱਖਿਆ ਮੰਤਰਾਲੇ ਦੀ ਵੈਰੀਫਿਕੇਸ਼ਨ ਲਈ ਆਨਲਾਈਨ ਡਿਜੀਟਲ ਪੋਰਟਲ ਵੀ ਲਾਂਚ ਕੀਤਾ। ਇਹ ਡਿਜੀਟਲ ਪਹਿਲ ਇੱਕ ਵੱਡਾ ਮੀਲ ਪੱਥਰ ਹੈ, ਜੋ ਨਵੇਂ ਭਰਤੀ ਹੋਏ ਰੱਖਿਆ ਕਰਮਚਾਰੀਆਂ ਦੀ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਮਹੀਨਿਆਂ ਦੇ ਸਮੇਂ ਨੂੰ ਘਟਾ ਕੇ ਕੁਝ ਦਿਨਾਂ ਵਿੱਚ ਤਬਦੀਲ ਕਰਨ ਲਈ ਦੇ ਉਦੇਸ਼ ਨਾਲ ਕੀਤੀ ਗਈ ਹੈ। ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਨਾਗਰਿਕ-ਕੇਂਦਰਿਤ ਪੁਲਿਸਿੰਗ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਥਾਣਿਆਂ ਵਿੱਚ ਪਹੁੰਚਣ ਵਾਲੇ ਸਾਰੇ ਸ਼ਿਕਾਇਤਕਰਤਾਵਾਂ ਨਾਲ ਆਪਣੀ ਰੋਜ਼ਾਨਾ ਗੱਲਬਾਤ ਵਿੱਚ ਹਮਦਰਦੀ ਅਤੇ ਸੰਵੇਦਨਸ਼ੀਲਤਾ ਲਿਆਉਣ ਲਈ ਪ੍ਰੇਰਿਤ ਕੀਤਾ। ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਸਮੇਤ ਹੋਰ ਸਰਕਾਰੀ ਸੇਵਾਵਾਂ ਵਿੱਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਲਾਗੂ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਤੰਤਰ ਹੋਰ ਵੀ ਸਰਗਰਮ, ਸੁਚਾਰੂ ਤੇ ਬਿਹਤਰ ਹੋਣਾ ਚਾਹੀਦਾ ਹੈ ਅਤੇ ਔਰਤਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਹਿਲਾ ਅਧਿਕਾਰੀਆਂ ਨੂੰ ਰੁਟੀਨ ਡੈਸਕ ਡਿਊਟੀਆਂ ਤੱਕ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ ਸਗੋਂ ਜਾਂਚ, ਖੁਫੀਆ ਜਾਣਕਾਰੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਨਾਲ ਸਬੰਧੀ ਜ਼ਿੰਮੇਵਾਰੀਆਂ ਵੀ ਸੌਂਪੀਆਂ ਜਾਣੀਆਂ ਚਾਹੀਦੀਆਂ ਹਨ। ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਇਹ ਪ੍ਰੋਗਰਾਮ ਇੱਕ ਵਿਆਪਕ ਟ੍ਰੇਨਿੰਗ ਆਫ਼ ਟਰੇਨਰਜ਼ (ਟੀਓਟੀ) ਮਾਡਲ ਦੀ ਮੁਤਾਬਿਕ ਕੰਮ ਕਰਦਾ ਹੈ, ਜਿਸ ਤਹਿਤ ਵੱਖ-ਵੱਖ ਜ਼ਿਲਿ੍ਹਆਂ ਦੇ 60 ਪੁਲਿਸ ਅਧਿਕਾਰੀਆਂ ਨੂੰ ਮਾਸਟਰ ਟ੍ਰੇਨਰ ਵਜੋਂ ਤਿਆਰ ਕੀਤਾ ਗਿਆ ਹੈ ਤਾਂ ਜੋ ਪੁਲਿਸ ਸਟੇਸ਼ਨ ਪੱਧਰ ’ਤੇ ਕਰਮਚਾਰੀਆਂ ਨੂੰ ਮਿਆਰੀ ਮਾਡਿਊਲ ਸੌਂਪ ਕੇ ਪ੍ਰਭਾਵਸ਼ਾਲੀ ਅਤੇ ਬਿਹਤਰ ਤਾਲਮੇਲ ਯਕੀਨੀ ਬਣਾਈ ਜਾ ਸਕੇ। ਇਸ ਤੋਂ ਪਹਿਲਾਂ ਡੀਜੀਪੀ ਗੌਰਵ ਯਾਦਵ ਨੇ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਦੇ ਨਾਲ ਉੱਘੇ ਸਾਬਕਾ ਪੁਲਿਸ ਅਧਿਕਾਰੀਆਂ ਅਤੇ ਮੁੱਖ ਟਰੇਨਰਾਂ, ਜਿਨ੍ਹਾਂ ਵਿੱਚ ਮਹਾਰਾਸ਼ਟਰ ਕੇਡਰ ਦੇ ਸਾਬਕਾ ਡੀਜੀਪੀ ਮੀਰਨ ਚੱਢਾ ਬੋਰਵਾਂਕਰ ਅਤੇ ਪੰਜਾਬ ਕੇਡਰ ਦੇ ਸਾਬਕਾ ਡੀਜੀਪੀ ਆਰ. ਸੀ. ਸਿੰਘ ਸ਼ਾਮਲ ਸਨ, ਦਾ ਸਵਾਗਤ ਕੀਤਾ। ਆਰ.ਸੀ. ਸਿੰਘ ਨੇ “ਜੈਂਡਰ-ਰਿਸਪਾਂਸਿਵ ਪੁਲਿਸਿੰਗ: ਦ੍ਰਿਸ਼ਟੀਕੋਣ ਤੋਂ ਅਭਿਆਸ ਤੱਕ”ਵਿਸ਼ੇ ‘ਤੇ ਅਹਿਮ ਸੈਸ਼ਨ ਦਾ ਸੰਚਾਲਨ ਕੀਤਾ। ਜਦੋਂ ਕਿ ਮੀਰਨ ਸੀ. ਬੋਰਵਾਂਕਰ ਨੇ “ਪੁਲਿਸਿੰਗ ਵਿੱਚ ਔਰਤਾਂ - ਲੀਡਰਸ਼ਿਪ ਅਤੇ ਸ਼ਮੂਲੀਅਤ” ਵਿਸ਼ੇ ‘ਤੇ ਸੈਸ਼ਨਾਂ ਦੀ ਅਗਵਾਈ ਕੀਤੀ। ਇਸ ਦੌਰਾਨ ਰੱਖਿਆ ਮੰਤਰਾਲੇ ਦੇ ਮਨੁੱਖੀ ਸਰੋਤ ਨਿਰਦੇਸ਼ਕ ਆਰੋਨ ਪਾਮੀ ਨੇ ਪੰਜਾਬ ਪੁਲਿਸ ਦੇ ਸਰਗਰਮ ਸ਼ਾਸਨ ਦੀ ਸ਼ਲਾਘਾ ਕੀਤੀ ਅਤੇ ਸਾਂਝ ਪੋਰਟਲ ‘ਤੇ ਆਨਲਾਈਨ ਡਿਜੀਟਲ ਵੈਰੀਫਿਕੇਸ਼ਨ ਮਾਡਿਊਲ ਵਿਕਸਤ ਕਰਨ ਲਈ ਡੀਜੀਪੀ ਅਤੇ ਆਈਟੀ ਟੀਮ ਦਾ ਧੰਨਵਾਦ ਕੀਤਾ। ਉਦਘਾਟਨੀ ਸਮਾਗਮ ਦੌਰਾਨ ਜੀ.ਜੀ.ਡੀ.ਐਸ.ਡੀ. ਕਾਲਜ, ਚੰਡੀਗੜ੍ਹ ਦੇ ਲੋਕ ਸੰਚਾਰ ਵਿਭਾਗ ਵੱਲੋਂ ਘਰੇਲੂ ਹਿੰਸਾ ‘ਤੇ ਅਧਾਰਿਤ ਇੱਕ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਹਾਟਕਰ ਵੱਲੋਂ ਜਲੰਧਰ ’ਚ ਮਹਿਲਾਵਾਂ ਦੀ ਸੁਰੱਖਿਆ ਦੀ ਸਮੀਖਿਆ ਮਹਿਲਾ ਸਸ਼ਕਤੀਕਰਨ ਪਹਿਲਕਦਮੀਆਂ ਦਾ ਲਿਆ ਜਾਇਜ਼ਾ ਜਲੰਧਰ, 18 ਅਗਸਤ : ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਮਾਣਯੋਗ ਚੇਅਰਪਰਸਨ ਸ਼੍ਰੀਮਤੀ ਵਿਜਯਾ ਰਹਾਟਕਰ ਦੀ ਅਗਵਾਈ ਹੇਠ ਅੱਜ ਜਲੰਧਰ ਦਾ ਵਿਆਪਕ ਦੌਰਾ ਕੀਤਾ ਗਿਆ, ਜਿਸ ਵਿੱਚ ਮਹਿਲਾਵਾਂ ਦੀ ਸੁਰੱਖਿਆ, ਸੰਸਥਾਗਤ ਜਵਾਬਦੇਹੀ, ਆਰਥਿਕ ਸਸ਼ਕਤੀਕਰਨ, ਡਿਜੀਟਲ ਸਮਾਵੇਸ਼ ਅਤੇ ਨੌਜਵਾਨ ਲੜਕੀਆਂ ਲਈ ਮੌਕਿਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਚੇਅਰਪਰਸਨ ਵਿਜਯਾ ਰਹਾਟਕਰ ਨੇ ਮਹਿਲਾਵਾਂ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਸਮਾਂ-ਬੱਧ ਕਾਰਵਾਈ, ਕੀਤੀ ਗਈ ਕਾਰਵਾਈ ਦੀਆਂ ਸਮੇਂ ਸਿਰ ਰਿਪੋਰਟਾਂ, ਸੰਸਥਾਗਤ ਜਵਾਬਦੇਹੀ ਅਤੇ ਮਹਿਲਾਵਾਂ ਨਾਲ ਸਬੰਧਤ ਕਾਨੂੰਨਾਂ ਤੇ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ ਗਿਆ। POSH ਐਕਟ, 2013 ਦੀ ਸਖ਼ਤੀ ਨਾਲ ਪਾਲਣਾ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਚੇਅਰਪਰਸਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 10 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਸਾਰੇ ਵਿੱਦਿਅਕ ਅਦਾਰੇ, ਹਸਪਤਾਲਾਂ ਅਤੇ ਕੰਮ-ਕਾਜੀ ਥਾਵਾਂ ਇੰਟਰਨਲ ਕਮੇਟੀਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੇ ਨਾਲ-ਨਾਲ ਨਿਯਮਿਤ ਜਾਗਰੂਕਤਾ ਅਤੇ ਜਾਗਰੂਕਤਾ ਪ੍ਰੋਗਰਾਮ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਸਾਨੀ ਨਾਲ ਉਪਲਬਧ ਸਿਸਟਮ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਸਿਰਫ਼ ਭਲਾਈ ਦਾ ਏਜੰਡਾ ਨਹੀਂ ਹੈ; ਇਹ ਚੰਗੇ ਸ਼ਾਸਨ ਦੇ ਸਭ ਤੋਂ ਮਜ਼ਬੂਤ ਪੈਮਾਨਿਆਂ ਵਿੱਚੋਂ ਇੱਕ ਹੈ। ਚੇਅਰਪਰਸਨ ਨੇ ਰੈੱਡ ਕਰਾਸ ਆਡੀਟੋਰੀਅਮ ਵਿਖੇ ਸਵੈ-ਸਹਾਇਤਾ ਸਮੂਹਾਂ ਦੀਆਂ ਲਗਭਗ 100 ਮਹਿਲਾਵਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਖੇਤੀਬਾੜੀ, ਡੇਅਰੀ, ਦਸਤਕਾਰੀ, ਫੂਡ ਪ੍ਰੋਸੈਸਿੰਗ ਅਤੇ ਸੂਖਮ ਉੱਦਮਾਂ ਨਾਲ ਜੁੜੀਆਂ ਔਰਤਾਂ ਨੇ ਆਪਣੇ ਉੱਦਮੀ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ। ਕਮਿਸ਼ਨ ਨੇ ਉਨ੍ਹਾਂ ਨੂੰ ਆਪਣੀ ਡਿਜੀਟਲ ਮੌਜੂਦਗੀ, ਪੈਕੇਜਿੰਗ, ਉਤਪਾਦ ਦੀ ਪੇਸ਼ਕਾਰੀ ਅਤੇ ਬਾਜ਼ਾਰ ਤੱਕ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕੀਤਾ। ਸ਼੍ਰੀਮਤੀ ਰਹਾਟਕਰ ਨੇ ਮਹਿਲਾਵਾਂ ਨੂੰ ਕਿਹਾ ਕਿ ਉਹ ਸਿਰਫ਼ ਸਕੀਮਾਂ ਦੀਆਂ ਲਾਭਪਾਤਰੀ ਹੀ ਨਹੀਂ ਹਨ, ਸਗੋਂ ਬਦਲਾਅ ਲਿਆਉਣ ਵਾਲੀਆਂ ਵੀ ਹਨ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਆਪਣੀ 'ਯਸ਼ੋਦਾ ਏ.ਆਈ.' ਪਹਿਲਕਦਮੀ ਜਲੰਧਰ ਲੈ ਕੇ ਆਇਆ, ਜਿਸ ਦਾ ਉਦੇਸ਼ ਡਿਜੀਟਲ ਸਸ਼ਕਤੀਕਰਨ ਅਤੇ ਉੱਭਰ ਰਹੀਆਂ ਤਕਨੀਕਾਂ ਵਿੱਚ ਮਹਿਲਾਵਾਂ ਦੀ ਵਧੇਰੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ। ਸ਼੍ਰੀਮਤੀ ਰਹਾਟਕਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਮਹਿਲਾਵਾਂ ਨੂੰ ਸਿਰਫ਼ ਤਕਨੀਕ ਦੀ ਵਰਤੋਂਕਾਰ ਹੀ ਨਹੀਂ ਹੋਣਾ ਚਾਹੀਦਾ ਸਗੋਂ ਉਨ੍ਹਾਂ ਨੂੰ ਅਗਵਾਈ ਕਰਨ, ਨਵੀਨਤਾ ਲਿਆਉਣ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਭਵਿੱਖ ਨੂੰ ਆਕਾਰ ਦੇਣ ਲਈ ਤਿਆਰ ਹੋਣਾ ਚਾਹੀਦਾ ਹੈ। ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿਖੇ ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਨੌਜਵਾਨ ਲੜਕੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਕਰੀਅਰ ਬਣਾਉਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ "ਸ਼ੀ ਸਰਵਜ਼" (She Serves) ਪ੍ਰੋਗਰਾਮ ਕਰਵਾਇਆ ਗਿਆ। ਕਰਨਲ ਰਸ਼ਮੀ ਨਾਰਾਇਣ ਅਤੇ ਲੈਫਟੀਨੈਂਟ ਸੋਨੀਆ ਮਹੇਂਦਰਾ ਨੇ ਸੈਨਾਵਾਂ ਵਿੱਚ ਭਰਤੀ ਹੋਣ ਦੇ ਮੌਕਿਆਂ ਬਾਰੇ ਇੱਕ ਵਿਸ਼ੇਸ਼ ਲੈਕਚਰ ਦਿੱਤਾ। ਵਿਦਿਆਰਥਣਾਂ ਵੱਲੋਂ ਇਸ ਮੌਕੇ ਰਵਾਇਤੀ ਨਾਚ ਅਤੇ ਗਾਇਕੀ ਰਾਹੀਂ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੀ ਝਲਕ ਵੀ ਪੇਸ਼ ਕੀਤੀ ਗਈ। ਚੇਅਰਪਰਸਨ ਨੇ ਕਿਹਾ ਕਿ ਸਾਡੀਆਂ ਨੌਜਵਾਨ ਮਹਿਲਾਵਾਂ ਦੀ ਹਿੰਮਤ, ਅਨੁਸ਼ਾਸਨ ਅਤੇ ਵਚਨਬੱਧਤਾ ਦੇਸ਼ ਨੂੰ ਮਜ਼ਬੂਤ ਕਰੇਗੀ ਅਤੇ ਵਿਕਸਿਤ ਭਾਰਤ ਦੇ ਭਵਿੱਖ ਨੂੰ ਆਕਾਰ ਦੇਵੇਗੀ। ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਨਸ਼ਿਆਂ ਦੀ ਸਮੱਸਿਆ ਕਰਕੇ ਮਹਿਲਾਵਾਂ 'ਤੇ ਪੈਣ ਵਾਲੇ ਪ੍ਰਭਾਵ ਨੂੰ ਸਮਝਣ ’ਤੇ ਧਿਆਨ ਕੇਂਦਰਿਤ ਕਰਦਾ ਇਕ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿੱਚ ਔਰਤਾਂ ਅਤੇ ਪਰਿਵਾਰਾਂ 'ਤੇ ਨਸ਼ਿਆਂ ਦੇ ਅਸਧਾਰਣ ਭਾਵਨਾਤਮਕ, ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਨੂੰ ਉਜਾਗਰ ਕੀਤਾ ਗਿਆ ਅਤੇ ਇਸ ਦੀ ਰੋਕਥਾਮ ਤੇ ਹੱਲ ਲਈ ਲਿੰਗ-ਸੰਵੇਦਨਸ਼ੀਲ ਅਤੇ ਭਾਈਚਾਰੇ ਦੀ ਭਾਗੀਦਾਰੀ ਵਾਲੀ ਪਹੁੰਚ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਜਲੰਧਰ ਦੇ ਦੌਰੇ ਨੇ ਮਹਿਲਾਵਾਂ ਦੀ ਸੁਰੱਖਿਆ, ਮਾਣ-ਸਨਮਾਨ, ਆਰਥਿਕ ਆਜ਼ਾਦੀ, ਡਿਜੀਟਲ ਸਮਾਵੇਸ਼ ਅਤੇ ਅਗਵਾਈ ਪ੍ਰਤੀ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ, ਜਿਸ ਨਾਲ ਇੱਕ ਸੁਰੱਖਿਅਤ ਅਤੇ ਵਧੇਰੇ ਸ਼ਕਤੀਸ਼ਾਲੀ ਸਮਾਜ ਦੀ ਨੀਂਹ ਮਜ਼ਬੂਤ ਹੋਵੇਗੀ।
- Download Babushahi App
-
-