ਮੁਲਕ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਲਹਿਰਾਇਆ ਕੌਮੀ ਝੰਡਾ
ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਲਹਿਰਾਇਆ ਕੌਮੀ ਝੰਡਾ
ਦੇਸ਼ ਦੀ ਆਜਾਦੀ ਲਈ ਕੁਰਬਾਨ ਹੋਣ ਵਾਲੇ ਮਹਾਨ ਸ਼ਹੀਦਾਂ ਨੂੰ ਕੀਤਾ ਨਮਨ
ਪੰਜਾਬ ਸਰਕਾਰ ਅਤੇ ਮਾਨਸਾ ਜ਼ਿਲ੍ਹੇ ਦੀਆਂ ਅਹਿਮ ਪ੍ਰਾਪਤੀਆਂ ਤੋਂ ਕਰਵਾਇਆ ਜਾਣੂ
ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਦਰਜ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਕੀਤਾ ਸਨਮਾਨਿਤ
ਅਸ਼ੋਕ ਵਰਮਾ
ਮਾਨਸਾ, 15 ਅਗਸਤ 2026: ਦੇਸ਼ ਦੇ 80ਵੇ ਆਜ਼ਾਦੀ ਦਿਵਸ ਮੌਕੇ ਬਹੁ ਮੰਤਵੀ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਖੇਡ ਸਟੇਡੀਅਮ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਮੇਂ ਸਮੇਂ ਉੱਤੇ ਚੱਲੀਆਂ ਵੱਖ—ਵੱਖ ਲਹਿਰਾਂ ਅਤੇ ਸ਼ਹੀਦ—ਏ—ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ, ਸਮੇਂ—ਸਮੇਂ ’ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਦੇਸ਼ ਦੀ ਆਜਾਦੀ ਲਈ ਕੁਰਬਾਨ ਹੋਣ ਵਾਲੇ ਮਹਾਨ ਸ਼ਹੀਦਾਂ ਨੂੰ ਨਮਨ ਕੀਤਾ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਹਿਮ ਫ਼ੈਸਲਾ ਲੈਂਦਿਆਂ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਜੀ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀਆਂ ਤਸਵੀਰਾਂ ਲਗਾਈਆਂ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਦ੍ਰਿੜ੍ਹ ਸੰਕਲਪ ਹੈ ਜਿਸ ਤਹਿਤ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ ਅਤੇ ਇਸ ਵਿੱਤੀ ਸਹਾਇਤਾ ਸਕੀਮ ਅਧੀਨ ਅਗਨੀਵੀਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਤੀਰਥ ਯੋਜਨਾ, ਪੰਜਾਬ ਸਿੱਖਿਆ ਕਰਾਂਤੀ, ਮੁੱਖ ਮੰਤਰੀ ਸਿਹਤ ਯੋਜਨਾ, ਮਾਵਾਂ ਧੀਆਂ ਸਤਿਕਾਰ ਯੋਜਨਾ, ਸੀ.ਐੱਮ. ਦੀ ਯੋਗਸ਼ਾਲਾ, ਆਸ਼ੀਰਵਾਦ ਸਕੀਮ, ਮੇਰੀ ਰਸੋਈ ਸਕੀਮ, ਫਸਲੀ ਰਹਿੰਦ ਖੂੰਹਦ ਪ੍ਰਬੰਧਨ, ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ, ਨਹਿਰੀ ਸਿੰਚਾਈ ਵਿਚ ਵੱਡਾ ਸੁਧਾਰ ਲਿਆਉਣ, ਵਪਾਰੀਆਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਮਸਲੇ ਹੱਲ ਕਰਨ ਲਈ ਕਾਰਜਸ਼ੀਲ ਟਰੇਡਰ ਕਮਿਸ਼ਨ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਕ ਨਤੀਜਿਆਂ, ਸੜਕ ਸੁਰੱਖਿਆ ਫੋਰਸ, ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚੁੱਕੇ ਜਾ ਰਹੇ ਕਦਮਾਂ, ਸੜਕਾਂ ਦੇ ਨਿਰਮਾਣ ਤੇ ਨਵੀਨੀਕਰਨ, ਪੇਡਾ ਦੀਆਂ ਯੋਜਨਾਵਾਂ, ਟਰਾਂਸਪੋਰਟ ਨਾਲ ਸਬੰਧਤ ਡਿਜ਼ੀਟਲ ਫੇਸਲੈੱਸ ਸੇਵਾਵਾਂ, ਪੰਜਾਬ ਸਰਕਾਰ ਤੁਹਾਡੇ ਦੁਆਰ ਸਕੀਮ, ਈਜ਼ੀ ਰਜਿਸਟਰੀ ਪ੍ਰੋਜੈਕਟ, ਪਿੰਡਾਂ ਵਿਚ ਛੱਪੜਾਂ ਦੀ ਸਾਫ ਸਫਾਈ ਦੇ ਪ੍ਰੋਜੈਕਟਾਂ, ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਉਪਰਾਲਿਆਂ, ਰੰਗਲਾ ਪੰਜਾਬ ਵਿਕਾਸ ਸਕੀਮ ਅਤੇ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਆਨਲਾਈਨ ਢੰਗ ਨਾਲ ਹੱਲ ਕਰਨ ਸਮੇਤ ਪੰਜਾਬ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਜਾਣੂ ਕਰਵਾਇਆ।
ਜ਼ਿਲ੍ਹਾ ਮਾਨਸਾ ਵਿਚ ਵੱਖ ਵੱਖ ਲੋਕ ਪੱਖੀ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਐੱਸ.ਆਈ.ਆਰ. ਤਹਿਤ ਗਣਨਾ ਫਾਰਮਾਂ ਦੀ 96.31 ਫ਼ੀਸਦੀ ਡਿਜੀਟਾਈਜੇਸ਼ਨ ਨਾਲ, ਜ਼ਿਲ੍ਹਾ ਮਾਨਸਾ ਨੇ ਪੰਜਾਬ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਬੁਢਲਾਡਾ ਹਲਕੇ ਨੇ ਸਭ ਤੋਂ ਵੱਧ ਲਗਭਗ 97% ਡਿਜੀਟਾਈਜੇਸ਼ਨ ਨਾਲ ਮੀਲ ਪੱਥਰ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਵੱਖ ਵੱਖ ਸਮਾਗਮ ਪ੍ਰਗਤੀ ਅਧੀਨ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਵਿਧਾ ਲਈ ਪਹਿਲੇ ਪੜਾਅ ਤਹਿਤ ਜ਼ਿਲ੍ਹਾ ਮਾਨਸਾ ਦੇ ਕਈ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਇਕਾਈਆਂ ਦੀ ਸਥਾਪਨਾ ਕਰਨ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵਧਾਉਣ ਅਤੇ ਨੌਜਵਾਨਾਂ ਨੂੰ ਵਧੀਆ ਮੌਕੇ ਪ੍ਰਦਾਨ ਕਰਨ ਲਈ ਲਗਭਗ ਪੌਣੇ ਛੇ ਕਰੋੜ ਦੀ ਲਾਗਤ ਨਾਲ 119 ਖੇਡ ਮੈਦਾਨ ਬਣਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ, ਹੈਲਥ ਐਂਡ ਵੈੱਲਨੈੱਸ ਸੈਂਟਰ, ਮੁੱਖ ਮੰਤਰੀ ਸਿਹਤ ਯੋਜਨਾ, ਸਵੈ ਸਹਾਇਤਾ ਸਮੂਹਾਂ ਦੀ ਪ੍ਰਗਤੀ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਬੋਰਡ ਪ੍ਰੀਖਿਆਵਾਂ ਵਿਚ ਨਾਮਣਾ ਖੱਟਣ, ਨੀਟ ਅਤੇ ਜੇ.ਈ.ਈ. (ਮੇਨਜ਼) ਵਿਚ ਕੁਆਲੀਫਾਈ ਹੋਣ ਸਮੇਤ ਹੋਰ ਵਿਕਾਸ ਪ੍ਰੋਜੈਕਟਾਂ ਬਾਰੇ ਸਾਂਝ ਪਾਈ।
ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਮੁੱਖ ਮਹਿਮਾਨ ਵੱਲੋ ਗਰਾਊਂਡ ਵਿੱਚ ਪਰੇਡ ਦਾ ਨਿਰੀਖਣ ਕੀਤਾ ਗਿਆ। ਪਰੇਡ ਕਮਾਂਡਰ ਡੀਐਸਪੀ (ਹੈਡ ਕੁਆਰਟਰ) ਪੁਸ਼ਪਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਮਾਰਚ ਪਾਸਟ ਤਹਿਤ ਵੱਖ-ਵੱਖ ਟੁਕੜੀਆਂ ਤੋਂ ਮੁੱਖ ਮਹਿਮਾਨ ਨੇ ਸਲਾਮੀ ਲਈ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਵਿਧਾਇਕ ਡਾ. ਵਿਜੈ ਸਿੰਗਲਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਪ੍ਰੀਤ ਸਿੰਘ ਭੁੱਚਰ ਤੇ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਚੁਸ਼ਪਿੰਦਰਬੀਰ ਸਿੰਘ ਚਹਿਲ, ਪ੍ਰਧਾਨ ਨਗਰ ਕੌਂਸਲ ਭੂਸ਼ਣ ਮੱਤੀ, ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਸ਼ਰਨਜੀਤ ਕੌਰ, ਸਾਬਕਾ ਪ੍ਰਧਾਨ ਨਗਰ ਕੌਂਸਲ ਸੁਨੀਲ ਕੁਮਾਰ ਨੀਨੂ ਦੀ ਮੌਜੂਦਗੀ ਵਿੱਚ ਸੁਤੰਤਰਤਾ ਸੰਗਰਾਮੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ ’ਤੇ ਬਲਾਕ ਵਿਚ ਜਾ ਕੇ ਹੀ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ। ਉਨ੍ਹਾਂ ਗੁਬਾਰੇ ਛੱਡਣ ਦੀ ਰਸਮ ਵੀ ਨਿਭਾਈ ਅਤੇ ਇਸ ਉਪਰੰਤ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ’ਤੇ ਆਧਾਰਿਤ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।
ਰਵਾਇਤੀ ਲੋਕ ਨਾਚ ਗਿੱਧਾ ਤੇ ਭੰਗੜਾ ਦੇ ਨਾਲ ਨਾਲ ਦੇਸ਼ ਭਗਤੀ ਉੱਤੇ ਅਧਾਰਤ ਕੋਰੀਓਗ੍ਰਾਫੀ ਖਿੱਚ ਦਾ ਕੇਂਦਰ ਬਣੇ। ਜ਼ਿਲ੍ਹਾ ਪੁਲਿਸ ਵੱਲੋਂ ਸਾਈਬਰ ਅਪਰਾਧ ਨੂੰ ਰੋਕਣ ਬਾਰੇ ਜਾਗਰੂਕਤਾ ਹਿਤ ਇਕ ਸਕਿਟ ਪੇਸ਼ ਕੀਤੀ ਗਈ।
ਮੁੱਖ ਮਹਿਮਾਨ ਵੱਲੋ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਤਰਫੋ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਦਿਵਿਆਂਗ ਵਿਅਕਤੀਆਂ ਨੂੰ ਟਰਾਈ ਸਾਈਕਲ ਤੇ ਵ੍ਹੀਲ ਚੇਅਰ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਨੇ ਵੱਖ ਵੱਖ ਖੇਤਰਾਂ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਦਰਜ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਜ਼ਿਲ੍ਹਾ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ।
ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫੋਂ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੂੰ ਵਿਸ਼ੇਸ਼ ਤੌਰ ਉੱਤੇ ਯਾਦਗਾਰੀ ਚਿੰਨ੍ਹ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਦੇ ਪਰਿਵਾਰਕ ਮੈਂਬਰ ਵੀ ਵਿਸ਼ੇਸ਼ ਤੌਰ ਉੱਤੇ ਮੌਜੂਦ ਰਹੇ।
ਇਸ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਤੇ ਹੋਰ ਜੱਜ ਸਾਹਿਬਾਨ, ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕ੍ਰਿਤਿਕਾ ਗੋਇਲ, ਉਪ ਮੰਡਲ ਮੈਜਿਸਟਰੇਟ ਬਲਜੀਤ ਕੌਰ ਸਮੇਤ ਹੋਰ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ, ਸਿਆਸੀ ਸਖਸ਼ੀਅਤਾਂ, ਵਿਦਿਆਰਥੀ, ਅਧਿਆਪਕ, ਵੱਡੀ ਗਿਣਤੀ ਮਾਨਸਾ ਨਿਵਾਸੀ ਹਾਜ਼ਰ ਸਨ।
- Download Babushahi App
-
-