ਰੋਪੜ ਹਲਕੇ ਵਿੱਚ ਕਥਿਤ ਗੈਰਕਾਨੂੰਨੀ ਮਾਈਨਿੰਗ ਨੂੰ ਲੈ ਕੇ ਅਜੈਵੀਰ ਸਿੰਘ ਲਾਲਪੁਰਾ ਨੇ ਬਿਨਾਂ ਨੰਬਰ ਪਲੇਟ ਦੌੜੇ ਜਾ ਰਹੇ ਟਿੱਪਰ ਨੂੰ ਕੀਤਾ ਸੋਸ਼ਲ ਮੀਡੀਆ ਰਾਹੀਂ ਜੱਗ ਜਾਹਿਰ
ਬਿਨਾਂ ਨੰਬਰ ਪਲੇਟ ਵਾਲੇ ਰੇਤ ਨਾਲ ਭਰੇ ਟਿੱਪਰ ਦੀ ਲਾਈਵ ਵੀਡੀਓ ਦਿਖਾ ਕੇ ਪੁਲਿਸ ਅਤੇ ਸਰਕਾਰ ਤੋਂ ਪੁੱਛੇ ਤਿੱਖੇ ਸਵਾਲ
ਮਨਪ੍ਰੀਤ ਸਿੰਘ
ਰੂਪਨਗਰ 13 ਅਗਸਤ
ਰੋਪੜ ਹਲਕੇ ਦੇ ਨੂਰਪੁਰ ਬੇਦੀ ਬਲਾਕ ਵਿੱਚ ਕਥਿਤ ਗੈਰਕਾਨੂੰਨੀ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਮੁੜ ਸੋਸ਼ਲ ਮੀਡੀਆ ਰਾਹੀਂ ਮਾਮਲਾ ਉਠਾਇਆ। ਲਾਲਪੁਰਾ ਨੇ ਲਾਈਵ ਹੋ ਕੇ ਰੇਤ ਲੈ ਕੇ ਜਾ ਰਹੇ ਇੱਕ ਟਿੱਪਰ ਨੂੰ ਦਿਖਾਇਆ, ਜਿਸ ਉੱਤੇ ਨੰਬਰ ਪਲੇਟ ਨਹੀਂ ਸੀ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਵੱਲੋਂ ਕਾਰਵਾਈ ਦੀ ਮੰਗ ਕੀਤੀ। ਲਾਲਪੁਰਾ ਨੇ ਕਿਹਾ ਕਿ ਉਹ ਪਿਛਲੇ ਦਿਨ ਵੀ ਅਤੇ ਇਸ ਤੋਂ ਪਹਿਲਾਂ ਵੀ ਲਾਈਵ ਹੋ ਕੇ ਇਲਾਕੇ ਵਿੱਚ ਚੱਲ ਰਹੀ ਕਥਿਤ ਗੈਰਕਾਨੂੰਨੀ ਮਾਈਨਿੰਗ ਦਾ ਮੁੱਦਾ ਲੋਕਾਂ ਸਾਹਮਣੇ ਰੱਖ ਚੁੱਕੇ ਹਨ ਅਤੇ ਉਹ ਇਸ ਮਾਮਲੇ ਨੂੰ ਲਗਾਤਾਰ ਉਠਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆਮ ਵਿਅਕਤੀ ਆਪਣੇ ਟਰੈਕਟਰ ਰਾਹੀਂ ਘਰ ਦੀ ਲੋੜ ਲਈ ਥੋੜ੍ਹੀ ਮਾਤਰਾ ਵਿੱਚ ਰੇਤ ਲੈ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਦੀ ਗੱਲ ਕੀਤੀ ਜਾਂਦੀ ਹੈ, ਪਰ ਦੂਜੇ ਪਾਸੇ ਵੱਡੇ ਟਿੱਪਰ ਕਥਿਤ ਤੌਰ ’ਤੇ ਬਿਨਾਂ ਨੰਬਰ ਪਲੇਟਾਂ ਦੇ ਸੜਕਾਂ ’ਤੇ ਦੌੜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਜੇਕਰ ਇਹ ਟਿੱਪਰ ਸੜਕਾਂ ’ਤੇ ਖੁੱਲ੍ਹੇਆਮ ਚੱਲ ਰਹੇ ਹਨ ਤਾਂ ਪੁਲਿਸ ਦੀ ਨਜ਼ਰ ਇਨ੍ਹਾਂ ’ਤੇ ਕਿਉਂ ਨਹੀਂ ਪੈ ਰਹੀ। ਲਾਲਪੁਰਾ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਰੇਤ ਜਾਂ ਮਾਈਨਿੰਗ ਦਾ ਨਹੀਂ, ਸਗੋਂ ਕਾਨੂੰਨ ਦੀ ਪਾਲਣਾ ਅਤੇ ਆਮ ਲੋਕਾਂ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ।
ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਲਾਲਪੁਰਾ ਨੇ ਕਿਹਾ ਕਿ ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ਸਰਕਾਰ ਬਣਾਈ ਸੀ, ਪਰ ਅੱਜ ਪੰਜਾਬ ਦੇ ਨੌਜਵਾਨ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ, ਜਦਕਿ ਦੂਜੇ ਪਾਸੇ ਕੁਦਰਤੀ ਸਰੋਤਾਂ ਦੀ ਕਥਿਤ ਲੁੱਟ ਰਾਹੀਂ ਮਾਫੀਆ ਵੱਲੋਂ ਵੱਡੀ ਕਮਾਈ ਕੀਤੇ ਜਾਣ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਕਿਹਾ, “RTI ਦਾ ਗ਼ਲਤ ਇਸਤੇਮਾਲ ਕਰਕੇ ਇੱਕ ਦੋ ਵਿਅਕਤੀ ਅੱਜ ਸੱਤਾ ਦਾ ਸੁਖ ਭੋਗ ਰਹੇ ਹਨ ਤੇ ਸਾਡੇ ਲੋਕ ਆਮ ਹੀ ਰਹਿ ਗਏ ਹਨ।” ਲਾਲਪੁਰਾ ਨੇ ਇਹ ਵੀ ਸਵਾਲ ਉਠਾਇਆ ਕਿ ਜੇਕਰ ਮਾਨਸੂਨ ਦੌਰਾਨ ਮਾਈਨਿੰਗ ’ਤੇ ਰੋਕ ਹੈ ਤਾਂ ਫਿਰ ਰੇਤ ਨਾਲ ਭਰੇ ਇਹ ਟਿੱਪਰ ਕਿਵੇਂ ਚੱਲ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਇਸ ਦੀ ਜਾਂਚ ਕਰਨ ਅਤੇ ਨਿਯਮਾਂ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੇ ਟਿੱਪਰਾਂ ਕਾਰਨ ਸੜਕ ਹਾਦਸਿਆਂ ਦਾ ਖਤਰਾ ਵੀ ਵਧਦਾ ਹੈ। ਲਾਲਪੁਰਾ ਨੇ ਕਿਹਾ ਕਿ ਹਾਦਸਾ ਹੋਣ ਤੋਂ ਬਾਅਦ ਕਈ ਵਾਰ ਕਥਿਤ ਤੌਰ ’ਤੇ ਸਿਆਸੀ ਆਗੂਆਂ ਦੇ PA ਜਾਂ ਨਜ਼ਦੀਕੀ ਲੋਕ ਮਾਮਲਾ “ਸੈਟਲ” ਕਰਵਾਉਣ ਲਈ ਵਿਚਕਾਰ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਨੂੰਨ ਹੈ ਤਾਂ ਉਹ ਹਰ ਵਿਅਕਤੀ ਲਈ ਬਰਾਬਰ ਹੋਣਾ ਚਾਹੀਦਾ ਹੈ।
ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਉਹ ਕਥਿਤ ਗੈਰਕਾਨੂੰਨੀ ਮਾਈਨਿੰਗ ਦੇ ਮੁੱਦੇ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਥਿਤ ਮਾਈਨਿੰਗ ਮਾਫੀਆ ਅਤੇ ਉਸ ਦੇ ਸਮਰਥਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਦੇ ਹੱਕਾਂ ਅਤੇ ਕੁਦਰਤੀ ਸਰੋਤਾਂ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲਾਲਪੁਰਾ ਨੇ ਰੋਪੜ ਦੇ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਅਤੇ ਰੋਪੜ ਵਿੱਚ ਬਦਲਾਅ ਲਈ ਇਕੱਠੇ ਹੋਣ।
- Download Babushahi App
-
-