ਮਿੰਟ ਗੁੰਮਰੀ ਚੌਕ 'ਚ ਤੀਜੀ ਵਾਰ ਸੜਕ ਧੱਸੀ ਨੂੰ 28 ਘੰਟੇ ਤੋਂ ਵੱਧ ਸਮਾਂ ਹੋ ਗਿਆ
--ਨਗਰ ਨਿਗਮ ਲੁਧਿਆਣਾ ਕਰ ਰਿਹਾ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ
ਸੁਖਮਿੰਦਰ ਭੰਗੂ
ਲੁਧਿਆਣਾ, 28 ਜੁਲਾਈ 2026
ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਮਿੰਟ ਗੁੰਮਰੀ ਚੌਕ ਵਿਖੇ ਤੀਜੀ ਵਾਰ ਸੜਕ ਧੱਸਣ ਦੀ ਘਟਨਾ 'ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਇਸ ਸਬੰਧੀ ਬੀਤੇ ਦਿਨ ਨਗਰ ਨਿਗਮ ਕਮਿਸ਼ਨਰ, ਮੇਅਰ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਢੁੱਕਵੀਂ ਅਤੇ ਸਥਾਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਦੋਸ਼ ਲਗਾਇਆ ਕਿ ਸ਼ਿਕਾਇਤ ਦਰਜ ਹੋਣ ਤੋਂ ਕਰੀਬ 28 ਘੰਟੇ ਬੀਤ ਜਾਣ ਦੇ ਬਾਵਜੂਦ ਨਗਰ ਨਿਗਮ ਨੇ ਸੜਕ ਦੀ ਸਥਾਈ ਮੁਰੰਮਤ ਕਰਨ ਦੀ ਬਜਾਏ ਖੱਡੇ ਵਿੱਚ ਕੁਝ ਇੱਟਾਂ ਪਾ ਕੇ ਅਤੇ ਉੱਥੇ ਇੱਕ ਪਾਣੀ ਦਾ ਟੈਂਕਰ ਖੜ੍ਹਾ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ। ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਕਾਰਨ ਸੜਕ ਦੀ ਹਾਲਤ ਹੋਰ ਵੀ ਖਰਾਬ ਹੋ ਸਕਦੀ ਹੈ ਅਤੇ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ।
ਅਰਵਿੰਦ ਸ਼ਰਮਾ ਨੇ ਚੇਤਾਵਨੀ ਦਿੱਤੀ ਕਿ ਰਾਤ ਸਮੇਂ ਇਸ ਇਲਾਕੇ ਵਿੱਚ ਅਕਸਰ ਸਟਰੀਟ ਲਾਈਟਾਂ ਬੰਦ ਰਹਿੰਦੀਆਂ ਹਨ। ਅਜਿਹੇ ਵਿੱਚ ਹਨੇਰੇ ਕਾਰਨ ਵਾਹਨ ਚਾਲਕਾਂ ਦੇ ਸੜਕ ਵਿਚਕਾਰ ਖੜ੍ਹੇ ਟੈਂਕਰ ਨਾਲ ਟਕਰਾਉਣ ਦਾ ਖਤਰਾ ਬਣਿਆ ਹੋਇਆ ਹੈ, ਜਿਸ ਨਾਲ ਕਿਸੇ ਵੀ ਵੇਲੇ ਵੱਡਾ ਅਤੇ ਜਾਨਲੇਵਾ ਹਾਦਸਾ ਵਾਪਰ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸੜਕ ਦੇ ਇੱਕ ਹਿੱਸੇ ਦੇ ਬੰਦ ਹੋਣ ਕਾਰਨ ਇਲਾਕੇ ਵਿੱਚ ਲਗਾਤਾਰ ਭਾਰੀ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ। ਇਸ ਦਾ ਪ੍ਰਭਾਵ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ, ਕ੍ਰਿਸ਼ਨਾ ਮੰਦਰ, ਨੇੜਲੇ ਹਸਪਤਾਲਾਂ, ਸਕੂਲਾਂ ਅਤੇ ਹੋਰ ਅਹਿਮ ਸੰਸਥਾਵਾਂ ਵੱਲ ਜਾਣ ਵਾਲੇ ਹਜ਼ਾਰਾਂ ਸ਼ਰਧਾਲੂਆਂ, ਮਰੀਜ਼ਾਂ, ਵਿਦਿਆਰਥੀਆਂ ਅਤੇ ਆਮ ਲੋਕਾਂ 'ਤੇ ਪੈ ਰਿਹਾ ਹੈ।
ਉਨ੍ਹਾਂ ਸਵਾਲ ਉਠਾਇਆ ਕਿ ਕੀ ਨਗਰ ਨਿਗਮ ਅਤੇ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਜਾਂ ਜਾਨੀ ਨੁਕਸਾਨ ਦੀ ਉਡੀਕ ਕਰ ਰਹੇ ਹਨ? ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਸਰਵੋੱਚ ਤਰਜੀਹ ਦੇ ਆਧਾਰ 'ਤੇ ਲੈਂਦਿਆਂ ਤੁਰੰਤ ਸੜਕ ਦੀ ਸਥਾਈ ਅਤੇ ਮਜ਼ਬੂਤ ਮੁਰੰਮਤ ਕਰਵਾਈ ਜਾਵੇ, ਤਾਂ ਜੋ ਕਿਸੇ ਵੀ ਸੰਭਾਵੀ ਹਾਦਸੇ ਨੂੰ ਸਮੇਂ ਸਿਰ ਟਾਲਿਆ ਜਾ ਸਕੇ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਵਾਰ ਜਦੋਂ ਨਗਰ ਨਿਗਮ ਦੇ ਓ ਐਂਡ ਐਮ ਸੈਲ ਦੇ ਐਸਡੀਓ ਰਣਦੀਪ ਸਿੰਘ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਟੋਏ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ ਹੈ ਅਤੇ ਕਾਮਿਆ ਦੀ ਹੜਤਾਲ ਹੋਣ ਕਾਰਨ ਇਹ ਟੋਆ ਪੱਟ ਕੇ ਠੀਕ ਨਹੀਂ ਕੀਤਾ ਗਿਆ। ਜਦੋਂ ਕੰਮ ਇਹਦੀ ਹੜਤਾਲ ਹਟਦੀ ਹੈ ਤਾਂ ਇਸ ਨੂੰ ਪਹਿਲੇ ਆਧਾਰ ਤੇ ਠੀਕ ਕੀਤਾ ਜਾਵੇਗਾ।
- Download Babushahi App
-
-