ਚੰਗਾ ਸਾਹਿਤ ਨਰੋਏ ਸਮਾਜ ਦੀ ਸਿਰਜਣਾ ਵਿੱਚ ਸਹਾਇਕ ਹੁੰਦਾ ਹੈ- ਬਾਬਾ ਸੀਚੇਵਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 1 ਜੁਲਾਈ 2026
ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਅੱਜ ਨਰਿੰਦਰ ਸਿੰਘ ਜੀਰਾ ਦੀ ਪੁਸਤਕ 'ਜੂਝਦਾ ਜਿਉਂਦਾ ਪੰਜਾਬ' ਵੱਡੀ ਗਿਣਤੀ ਵਿੱਚ ਹਾਜ਼ਰ ਸਾਹਿਤ ਪ੍ਰੇਮੀਆਂ ਦੇ ਇਕੱਠ ਵਿੱਚ ਰਿਲੀਜ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ, ਉੱਘੇ ਵਿਦਵਾਨ ਡਾਕਟਰ ਪਰਮਜੀਤ ਸਿੰਘ ਮਾਨਸਾ,ਐਡਵੋਕੇਟ ਰਜਿੰਦਰ ਸਿੰਘ ਰਾਣਾ, ਨਰਿੰਦਰ ਸਿੰਘ ਸੋਨੀਆ, ਉੱਘੇ ਗਲਪਕਾਰ ਸੁਰਿੰਦਰ ਸਿੰਘ ਨੇਕੀ, ਦਲਜੀਤ ਰਾਏ ਕਾਲੀਆ ਅਤੇ ਸ਼ਾਇਰਾ ਕੁਲਵਿੰਦਰ ਕੰਵਲ ਨੇ ਕੀਤੀ। ਡਾਕਟਰ ਸਵਰਨ ਸਿੰਘ ਨੇ ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਨੂੰ ਜੀਓ ਆਇਆਂ ਆਖਿਆ।
ਰਾਜ ਸਭਾ ਮੈਂਬਰ,ਪਦਮਸ੍ਰੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਬੋਲਦੇ ਹੋਏ ਉਹਨਾਂ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਚੰਗਾ ਸਾਹਿਤ ਨਰੋਏ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਜਾਗਰੂਕ ਕਰਦਾ ਹੈ। ਉਹਨਾਂ ਕਿਹਾ ਕਿ ਨਰਿੰਦਰ ਸਿੰਘ ਜੀਰਾ ਨੇ ਕੁਦਰਤ, ਜਲਵਾਯੂ, ਵਾਤਾਵਰਨ ,ਪ੍ਰਦੂਸ਼ਣ ਆਦਿ ਵਿਸ਼ਿਆਂ ਸਬੰਧੀ ਜਾਣਕਾਰੀ ਭਰਪੂਰ ਲੇਖ ਲਿਖ ਕੇ ਸਮਾਜ ਦੇ ਲੋਕਾਂ ਨੂੰ ਇਨ੍ਹਾਂ ਪ੍ਰਤੀ ਚੇਤੰਨ ਕਰਨ ਦਾ ਯਤਨ ਕੀਤਾ ਹੈ। ਜੋ ਕਿ ਬੇਹੱਦ ਸਲਾਘਾ ਯੋਗ ਹੈ। ਉਹਨਾਂ ਨਰਿੰਦਰ ਸਿੰਘ ਜੀਰਾ ਨੂੰ ਇਸ ਵਡਮੁੱਲੇ ਕਾਰਜ ਲਈ ਮੁਬਾਰਕਬਾਦ ਦਿੱਤੀ।
ਸਾਹਿਤ ਸਭਾ ਦੇ ਸਕੱਤਰ ਮੁਖਤਾਰ ਸਿੰਘ ਚੰਦੀ, ਸੁਰਿੰਦਰ ਸਿੰਘ ਨੇਕੀ ਦਸੂਹਾ ,ਪ੍ਰਿੰਸੀਪਲ ਲਖਬੀਰ ਸਿੰਘ, ਸਾਹਿਤ ਸਭਾ ਜੀਰਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ, ਸਤੀਸ਼ ਦੇਵਗਨ ਅਤੇ ਕਥਾਕਾਰ ਪੰਮੀ ਦਿਵੇਦੀ ਨੇ ਪੁਸਤਕ ਤੇ ਨਿੱਠ ਕੇ ਵਿਚਾਰ ਚਰਚਾ ਕੀਤੀ ਅਤੇ ਕਿਹਾ ਕਿ ਲੇਖਕ ਜੀਰਾ ਨੇ ਭਾਵੇਂ ਇਹ ਪੁਸਤਕ ਆਪਣੇ ਸੂਬੇ ਅਤੇ ਦੇਸ਼ ਨੂੰ ਮੁੱਖ ਰੱਖ ਕੇ ਲਿਖੀ ਹੈ, ਪਰ ਇਨ੍ਹਾਂ ਲੇਖਾਂ ਦੇ ਵਿਸੇ ਵਿਸ਼ਵਵਿਆਪੀ ਹਨ। ਉਨ੍ਹਾਂ ਕਿਹਾ ਕਿ ਲੇਖਕ ਨੇ ਮਨੁੱਖ ਵਲੋਂ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ,ਵਾਤਾਵਰਨ ਵਿੱਚ ਆ ਰਹੇ ਵਿਗਾੜ, ਰੁੱਖਾਂ ਦੀ ਘਟ ਰਹੀ ਗਿਣਤੀ ਅਤੇ ਵੱਧ ਰਹੇ ਪ੍ਰਦੂਸ਼ਣ, ਤਿੜਕਦੇ ਮਾਨਵੀ ਰਿਸ਼ਤਿਆਂ ਸਮੇਤ ਮਨੁੱਖਤਾ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਖਾਸ ਤੌਰ ਤੇ ਬੱਚਿਆਂ,ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਦਰਪੇਸ਼ ਸਮੱਸਿਆਵਾਂ ਪ੍ਰਤੀ ਫਿਕਰਮੰਦੀ ਜ਼ਾਹਰ ਕਰਦੇ ਹੋਏ ਸਰਕਾਰ ਤੇ ਲੋਕਾਂ ਨੂੰ ਇਨ੍ਹਾਂ ਦੇ ਸਾਰਥਿਕ ਹੱਲ ਲਈ ਸੁਚੇਤ ਕਰਨ ਦਾ ਸੁਹਿਰਦ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਤੋਂ ਪਤਾ ਚਲਦਾ ਹੈ ਕਿ ਲੇਖਕ ਆਪਣੀ ਮਿੱਟੀ,ਵਿਰਾਸਤ ,ਆਪਣੀ ਬੋਲੀ ਅਤੇ ਆਪਣੇ ਲੋਕਾਂ ਨਾਲ ਧੁਰ ਅੰਦਰੋਂ ਕਿੰਨੀ ਸੰਜੀਦਗੀ ਨਾਲ ਜੁੜਿਆ ਹੋਇਆ ਹੈ ।ਇਸ ਮੌਕੇ ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਲੈਕਚਰਾਰ ਲਖਪਤ ਰਾਏ ਪ੍ਰਭਾਕਰ ਸਟੇਟ ਐਵਾਰਡੀ,ਇੰਜੀ ਸੁਖਦੇਵ ਸਿੰਘ ਟਿੱਬਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਡਾਕਟਰ ਨਿਰੰਜਨ ਦਸੂਹਾ, ਮੁਖਤਾਰ ਸਿੰਘ ਚੰਦੀ ਅਤੇ ਕੁਲਵਿੰਦਰ ਕੰਵਲ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਸੁਣਾ ਕੇ ਅਦਬੀ ਦੋਸਤਾਂ ਤੋਂ ਚੰਗੀ ਦਾਦ ਪ੍ਰਾਪਤ ਕੀਤੀ।ਸਟੇਜ ਦਾ ਸੰਚਾਲਨ ਮੁਖਤਾਰ ਸਿੰਘ ਚੰਦੀ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ।ਇਸ ਮੌਕੇ ਸਾਹਿਤ ਸਭਾ ਵਲੋਂ ਮੁਖ ਮਹਿਮਾਨ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਅਤੇ ਪੁਸਤਕ ਲੇਖਕ ਨਰਿੰਦਰ ਸਿੰਘ ਜੀਰਾ ਦਾ ਸਨਮਾਨ ਵੀ ਕੀਤਾ ਗਿਆ।ਅੰਤ ਵਿੱਚ ਐਡਵੋਕੇਟ ਰਾਜਿੰਦਰ ਸਿੰਘ ਰਾਣਾ ਨੇ ਹਾਜ਼ਰੀਨ ਦਾ ਭਾਵਪੂਰਨ ਸ਼ਬਦਾਂ ਵਿੱਚ ਧੰਨਵਾਦ ਕੀਤਾ।ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਬਾਬਾ ਸੁਰਜੀਤ ਸਿੰਘ ਸ਼ੰਟੀ, ਮਾਸਟਰ ਅਜੀਤ ਸਿੰਘ, ਨਰਿੰਦਰ ਸਿੰਘ ਅਮਰਕੋਟ,ਦਿਆਲ ਸਿੰਘ ਦੀਪੇਵਾਲ, ਨਰਿੰਦਰ ਸਿੰਘ ਢਿਲੋਂ, ਦਰਸ਼ਨ ਸਿੰਘ ਸਤਾਬਗੜ੍ਹ,ਸਤਨਾਮ ਪਾਲ, ਬਲਵਿੰਦਰ ਸਿੰਘ ਧਾਲੀਵਾਲ, ਸੁਖਦੇਵ ਸਿੰਘ ਟਿੱਬਾ, ਮੁਖਤਿਆਰ ਸਿੰਘ ਖਿੰਡਾ, ਸੁਰਜੀਤ ਸਿੰਘ ਜੰਮੂ ਸਮੇਤ ਅਨੇਕਾਂ ਸਾਹਿਤ ਪ੍ਰੇਮੀ ਹਾਜ਼ਰ ਸਨ।
- Download Babushahi App
-
-