ਕੰਵਰਪਾਲ ਸਿੰਘ ਬਣੇ ਜਗਰਾਉਂ ਨਗਰ ਕੌਂਸਲ ਦੇ ਪ੍ਰਧਾਨ, ਸਤੀਸ਼ ਕੁਮਾਰ ਪੱਪੂ ਸੀਨੀਅਰ ਮੀਤ ਪ੍ਰਧਾਨ ਤੇ ਵਰਿੰਦਰ ਸਿੰਘ ਕਲੇਰ ਮੀਤ ਪ੍ਰਧਾਨ ਚੁਣੇ ਗਏ
ਭਾਜਪਾ ਦੇ ਸਮਰਥਨ ਨਾਲ ਆਪ ਦੇ ਉਮੀਦਵਾਰ ਨੂੰ ਮਿਲੀ ਜਿੱਤ ਐਮ ਸੀ ਚੋਣਾਂ ਵਿੱਚ
ਆਪ ਦੀ ਵਿਰੋਧਤਾ ਕਰਨ ਵਾਲੇ ਨੂੰ ਹੀ ਬਣਾਇਆ ਪ੍ਰਧਾਨ
ਜਗਰਾਉਂ (ਦੀਪਕ ਜੈਨ): ਜਗਰਾਉਂ ਨਗਰ ਕੌਂਸਲ ਨੂੰ ਨਵੀਂ ਲੀਡਰਸ਼ਿਪ ਮਿਲ ਗਈ ਹੈ। ਟਾਊਨ ਹਾਲ ਵਿਖੇ ਐਸ.ਡੀ.ਐਮ. ਬਾਦਲ ਦੀਨ ਦੀ ਅਗਵਾਈ ਹੇਠ ਹੋਈ ਚੋਣ ਪ੍ਰਕਿਰਿਆ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਕਵੰਰਪਾਲ ਸਿੰਘ ਨਗਰ ਕੌਂਸਲ ਦੇ ਪ੍ਰਧਾਨ ਚੁਣੇ ਗਏ। ਇਸੇ ਤਰ੍ਹਾਂ ਭਾਜਪਾ ਦੇ ਸਤੀਸ਼ ਕੁਮਾਰ ਪੱਪੂ ਸੀਨੀਅਰ ਮੀਤ ਪ੍ਰਧਾਨ ਅਤੇ ਕਾਂਗਰਸ ਦੇ ਵਰਿੰਦਰ ਸਿੰਘ ਕਲੇਰ ਮੀਤ ਪ੍ਰਧਾਨ ਚੁਣੇ ਗਏ।
ਚੋਣ ਦੌਰਾਨ ਆਮ ਆਦਮੀ ਪਾਰਟੀ ਨੂੰ ਭਾਜਪਾ ਦੇ ਕੌਂਸਲਰਾਂ ਦਾ ਸਮਰਥਨ ਮਿਲਿਆ। ਜਾਣਕਾਰੀ ਅਨੁਸਾਰ ਕਵੰਰਪਾਲ ਸਿੰਘ ਨੂੰ 14 ਵੋਟਾਂ ਪ੍ਰਾਪਤ ਹੋਈਆਂ। ਦੂਜੇ ਪਾਸੇ ਕਾਂਗਰਸ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਰਾਜਿੰਦਰ ਕੌਰ ਠੁਕਰਾਲ ਦਾ ਨਾਮ ਪੇਸ਼ ਕੀਤਾ ਗਿਆ, ਜਿਨ੍ਹਾਂ ਨੂੰ ਕਾਂਗਰਸ ਦੇ ਕੌਂਸਲਰਾਂ ਦਾ ਸਮਰਥਨ ਮਿਲਿਆ।
ਚੋਣ ਪ੍ਰਕਿਰਿਆ ਦੌਰਾਨ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਵੀ ਮੌਜੂਦ ਰਹੇ। ਉਨ੍ਹਾਂ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਪਸੀ ਸਹਿਯੋਗ ਨਾਲ ਸ਼ਹਿਰ ਦੇ ਵਿਕਾਸ ਨੂੰ ਗਤੀ ਦਿੱਤੀ ਜਾਵੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ ਜਾਵੇਗਾ।
ਨਵੇਂ ਪ੍ਰਧਾਨ ਕਵੰਰਪਾਲ ਸਿੰਘ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਅਨੁਸਾਰ ਕੂੜਾ ਪ੍ਰਬੰਧਨ, ਸਫ਼ਾਈ, ਸੜਕਾਂ, ਸੀਵਰੇਜ ਅਤੇ ਹੋਰ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਅੱਗੇ ਵਧਾਇਆ ਜਾਵੇਗਾ।
ਸੀਨੀਅਰ ਮੀਤ ਪ੍ਰਧਾਨ ਬਣੇ ਸਤੀਸ਼ ਕੁਮਾਰ ਪੱਪੂ ਨੇ ਕਿਹਾ ਕਿ ਭਾਜਪਾ ਨੇ ਸ਼ਹਿਰ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਸਮਰਥਨ ਦਿੱਤਾ ਹੈ ਤਾਂ ਜੋ ਵਿਕਾਸ ਕਾਰਜਾਂ ਵਿੱਚ ਰੁਕਾਵਟ ਨਾ ਆਵੇ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ।
---
ਪ੍ਰਧਾਨ ਦੀ ਚੋਣ ਬਣੀ ਸਿਆਸੀ ਚਰਚਾ ਦਾ ਵਿਸ਼ਾ
ਆਮ ਆਦਮੀ ਪਾਰਟੀ ਦੀ ਮੁਲਖਾਲਫਤ ਕਰਨ ਵਾਲੇ ਕੰਵਰਪਾਲ ਸਿੰਘ ਨੂੰ ਮਿਲਿਆ ਇਨਾਮ
ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਸ਼ਹਿਰ ਵਿੱਚ ਇਸ ਗੱਲ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਕਿ ਕਵੰਰਪਾਲ ਸਿੰਘ ਨੇ ਨਗਰ ਕੌਂਸਲ ਚੋਣਾਂ ਦੌਰਾਨ ਆਪਣੀ ਧੀ ਨੂੰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਸੀ ਅਤੇ ਉਹ ਆਪਣੀ ਹੀ ਆਮ ਆਦਮੀ ਪਾਰਟੀ ਦੀ ਮੁਲਖਾਲਫਤ ਕਰਦੇ ਅਤੇ ਆਪਣੀ ਧੀ ਦੇ ਹੱਕ ਵਿੱਚ ਪ੍ਰਚਾਰ ਕਰਦੇ ਵੀ ਨਜ਼ਰ ਆਏ ਸਨ। ਹੁਣ ਉਨ੍ਹਾਂ ਨੂੰ ਪ੍ਰਧਾਨ ਬਣਾਏ ਜਾਣ ਦੇ ਫ਼ੈਸਲੇ 'ਤੇ ਰਾਜਨੀਤਿਕ ਜਾਣਕਾਰਾਂ ਨੇ ਹੈਰਾਨੀ ਜਤਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਮੁਲਖਾਲਫਤ ਕਰਨ ਦਾ ਇਨਾਮ ਹਲਕਾ ਵਿਧਾਇਕਾ ਵੱਲੋਂ ਕੰਵਰਪਾਲ ਸਿੰਘ ਦੀ ਝੋਲੀ ਵਿੱਚ ਪ੍ਰਧਾਨਗੀ ਦਾ ਅਹੁਦਾ ਪਾ ਕੇ ਦਿੱਤਾ ਗਿਆ ਹੈ।
ਆਪ ਕੌਂਸਲਰ ਰਵਿੰਦਰ ਕੌਰ ਮਾਲਵਾ ਨੇ ਦੱਸਿਆ ਵੋਟ ਨਾ ਪਾਉਣ ਦਾ ਕਾਰਨ
ਆਮ ਆਦਮੀ ਪਾਰਟੀ ਦੀ ਕੌਂਸਲਰ ਰਵਿੰਦਰ ਕੌਰ ਮਾਲਵਾ ਨੇ ਕਿਹਾ ਕਿ ਅੱਜ ਦੀ ਇਸ ਚੋਣ ਪ੍ਰਕਿਰਿਆ ਦੌਰਾਨ ਉਨ੍ਹਾਂ ਨੇ ਕਵੰਰਪਾਲ ਸਿੰਘ ਨੂੰ ਵੋਟ ਨਹੀਂ ਪਾਈ। ਉਨ੍ਹਾਂ ਦਾ ਕਹਿਣਾ ਸੀ ਕਿ ਨਗਰ ਕੌਂਸਲ ਚੋਣਾਂ ਦੌਰਾਨ ਕਵੰਰਪਾਲ ਸਿੰਘ ਨੇ ਉਹਨਾਂ ਦੇ ਖਿਲਾਫ ਆਪਣੀ ਧੀ ਨੂੰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਅਤੇ ਉਸ ਦਾ ਪ੍ਰਚਾਰ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੇ ਇਹ ਫ਼ੈਸਲਾ ਲਿਆ। ਰਵਿੰਦਰ ਕੌਰ ਮਾਲਵਾ ਨੇ ਨਾਲ ਹੀ ਕਿਹਾ ਕਿ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਲਏ ਜਾਣ ਵਾਲੇ ਹਰ ਫ਼ੈਸਲੇ ਦਾ ਸਨਮਾਨ ਕਰਨਗੇ।
- Download Babushahi App
-
-