ਸਿੱਖ ਯੂਥ ਫਾਊਂਡੇਸ਼ਨ ਦੀ 8ਵੀਂ ਵਰ੍ਹੇਗੰਢ
ਹਰਮੀਤ ਸਿੰਘ ਕਾਲਕਾ ਵੱਲੋਂ ਨੌਜਵਾਨਾਂ ਨੂੰ ਗੁਰੂ ਨਾਲ ਜੋੜਨ ਦਾ ਦਿੱਤਾ ਸੰਦੇਸ਼
ਨਵੀਂ ਦਿੱਲੀ 29 ਜੂਨ,2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਇੱਥੇ ਸਿੱਖ ਯੂਥ ਫਾਊਂਡੇਸ਼ਨ ਦੀ 8ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਵਿੱਚ ਸੰਸਥਾ ਦੇ ਸਮੂਹ ਨੌਜਵਾਨਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਅੱਠ ਸਾਲਾਂ ਤੋਂ ਬਿਨਾਂ ਕਿਸੇ ਲੋਭ-ਲਾਲਚ ਦੇ ਕੌਮ ਦੀ ਸੇਵਾ ਕਰਨਾ, ਬੱਚਿਆਂ ਨੂੰ ਸਿੱਖਿਆ ਦੇਣਾ ਅਤੇ ਉਨ੍ਹਾਂ ਨੂੰ ਗੁਰੂ ਸਾਹਿਬ ਨਾਲ ਜੋੜਨਾ ਇੱਕ ਬਹੁਤ ਵੱਡੀ ਅਤੇ ਸ਼ਲਾਘਾਯੋਗ ਪ੍ਰਾਪਤੀ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਜਿੱਥੇ ਬੱਚੇ ਤਕਨਾਲੋਜੀ ਅਤੇ ਨਵੀਂਆਂ ਸਹੂਲਤਾਂ ਵੱਲ ਵੱਧ ਰਹੇ ਹਨ, ਉੱਥੇ ਉਨ੍ਹਾਂ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਮਾਂ ਬੋਲੀ ਨਾਲ ਜੋੜਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਸਿੱਖ ਯੂਥ ਫਾਊਂਡੇਸ਼ਨ ਦੇ ਪ੍ਰਧਾਨ ਸਰਦਾਰ ਹਰਨੇਕ ਸਿੰਘ ਸਮੇਤ ਸਮੂਹ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿੱਖ ਯੂਥ ਫਾਊਂਡੇਸ਼ਨ ਸਿੱਖ ਨੌਜਵਾਨ ਪੀੜ੍ਹੀ ਵਿੱਚ ਸੇਵਾ, ਸਿੱਖੀ ਸਿਧਾਂਤ ਅਤੇ ਸਮਾਜਿਕ ਜ਼ਿੰਮੇਂਵਾਰੀ ਦੀ ਭਾਵਨਾ ਪੈਦਾ ਕਰਨ ਵਿੱਚ ਵਡਮੁੱਲਾ ਯੋਗਦਾਨ ਪਾ ਰਹੀ ਹੈ।
ਉਨ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਤੇ ਰੌਸ਼ਨੀ ਪਾਉਂਦਿਆਂ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਨੇ ਖਾਲਸਾ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਸੰਭਾਲਣ ਅਤੇ ਉਸ ਦੇ ਪ੍ਰਚਾਰ-ਪ੍ਰਸਾਰ ਦੀ ਪਵਿੱਤਰ ਜ਼ਿੰਮੇਂਵਾਰੀ ਸੌਂਪੀ ਹੈ। ਇਸ ਲਈ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲੇ ਅਤੇ ਨੌਜਵਾਨਾਂ ਨੂੰ ਵੀ ਇਸ ਨਾਲ ਜੋੜੇ।
ਸਰਦਾਰ ਕਾਲਕਾ ਨੇ ਗੁਰਦੁਆਰਾ ਸਾਹਿਬਾਨ ਵਿੱਚ ਨੌਜਵਾਨਾਂ ਅਤੇ ਬੱਚਿਆਂ ਨੂੰ ਸੇਵਾ ਸੰਭਾਲ ਦੀਆਂ ਜ਼ਿੰਮੇਂਵਾਰੀਆਂ ਦੇਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਆਪਣੀ ਅਗਲੀ ਸਿੱਖ ਪੀੜ੍ਹੀ ਨੂੰ ਜ਼ਿੰਮੇਵਾਰੀਆਂ ਨਹੀਂ ਸੌਂਪਾਂਗੇ, ਤਦ ਤੱਕ ਗੁਰੂ ਘਰਾਂ ਦੀਆਂ ਮਰਿਆਦਾਵਾਂ ਨੂੰ ਹੋਰ ਮਜ਼ਬੂਤੀ ਨਹੀਂ ਮਿਲ ਸਕਦੀ। ਉਨ੍ਹਾਂ ਸਿੱਖ ਯੂਥ ਫਾਊਂਡੇਸ਼ਨ ਵੱਲੋਂ ਗੁਰਮਤਿ ਕੈਂਪਾਂ, ਸੇਵਾ ਕਾਰਜਾਂ ਅਤੇ ਬੱਚਿਆਂ ਨੂੰ ਗੁਰੂ ਨਾਲ ਜੋੜਨ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਪਿਆਰ, ਏਕਤਾ ਅਤੇ ਸੇਵਾ ਦੀ ਭਾਵਨਾ ਨਾਲ ਕੌਮ ਦੀ ਤਰੱਕੀ ਲਈ ਕੰਮ ਕੀਤਾ ਜਾਵੇ। ਉਨਾਂ ਉਮੀਦ ਕੀਤੀ ਕਿ ਸਿੱਖ ਯੂਥ ਫਾਊਂਡੇਸ਼ਨ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਰਹੇਗੀ।
- Download Babushahi App
-
-