ਜਗਰਾਉਂ ਦੇ ਸੁੰਦਰ ਨਗਰ ਵਿੱਚ ਕੋਲੇ ਦੇ ਗੁਦਾਮ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ
ਦੀਪਕ ਜੈਨ
ਜਗਰਾਉਂ, 19 ਜੂਨ 2026- ਕੱਚਾ ਮਲਕ ਰੋਡ ਸਥਿਤ ਸੁੰਦਰ ਨਗਰ ਵਿੱਚ ਸ਼ੁੱਕਰਵਾਰ ਤੜਕੇ ਕਰੀਬ 3 ਤੋਂ 4 ਵਜੇ ਦੇ ਦਰਮਿਆਨ ਇੱਕ ਕੋਲੇ ਅਤੇ ਲੱਕੜ ਦੇ ਗੁਦਾਮ ਵਿੱਚ ਅਚਾਨਕ ਅੱਗ ਲੱਗਣ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਸੂਚਨਾ ਮਿਲਦੇ ਹੀ ਸਥਾਨਕ ਨਿਵਾਸੀਆਂ ਨੇ ਗੁਦਾਮ ਮਾਲਕ, ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ।
ਜਗਰਾਉਂ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਲਈ ਕਾਰਵਾਈ ਸ਼ੁਰੂ ਕੀਤੀ। ਮੁਹੱਲਾ ਵਾਸੀਆਂ ਨੇ ਵੀ ਅੱਗ ਬੁਝਾਉਣ ਦੇ ਯਤਨਾਂ ਵਿੱਚ ਸਹਿਯੋਗ ਦਿੱਤਾ ਅਤੇ ਗੁਦਾਮ ਵਿੱਚ ਪਿਆ ਸਮਾਨ ਬਾਹਰ ਕੱਢਣ ਵਿੱਚ ਮਦਦ ਕੀਤੀ।
ਪ੍ਰਤੱਖ ਦਰਸ਼ੀ ਹਰਮਿੰਦਰ ਸਿੰਘ , ਰਾਜ਼ ਕੌਰ ਅਤੇ ਹੋਰਨਾਂ ਨੇ ਦੱਸਿਆ ਕਿ ਤੜਕੇ ਗੁਆਂਢੀਆਂ ਵੱਲੋਂ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਮੁਹੱਲਾ ਵਾਸੀ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਦੇ ਨਾਲ-ਨਾਲ ਗੁਦਾਮ ਵਿੱਚ ਪਏ ਕਈ ਕਮਰਸ਼ੀਅਲ ਗੈਸ ਸਿਲੰਡਰ ਅਤੇ ਡੀਜ਼ਲ ਨਾਲ ਭਰੇ ਪਲਾਸਟਿਕ ਡਰੱਮ ਵੀ ਬਾਹਰ ਕੱਢੇ ਗਏ, ਜਿਸ ਨਾਲ ਸੰਭਾਵਿਤ ਵੱਡਾ ਹਾਦਸਾ ਟਲ ਗਿਆ।
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਇਲਾਕੇ ਵਿੱਚ ਸਥਿਤ ਇਸ ਗੁਦਾਮ ਸਬੰਧੀ ਉਹ ਪਹਿਲਾਂ ਵੀ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਜਲਣਸ਼ੀਲ ਸਮੱਗਰੀ ਅਤੇ ਗੈਸ ਸਿਲੰਡਰਾਂ ਦਾ ਭੰਡਾਰਨ ਖਤਰੇ ਦਾ ਕਾਰਨ ਬਣ ਸਕਦਾ ਹੈ।
ਕੁਝ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਗੁਦਾਮ ਤੋਂ ਹੋਟਲਾਂ, ਮੈਰਿਜ ਪੈਲਸਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਕੋਲਾ, ਲੱਕੜ ਅਤੇ ਗੈਸ ਸਿਲੰਡਰਾਂ ਦੀ ਸਪਲਾਈ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਗੁਦਾਮ ਵਿੱਚ ਹਰ ਸਮੇਂ ਕਈ ਗੈਸ ਸਿਲੰਡਰ ਮੌਜੂਦ ਰਹਿੰਦੇ ਹਨ। ਸਥਾਨਕ ਲੋਕਾਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਉਧਰ, ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਬਾਰੇ ਸਪਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।
ਅੱਗ ਲੱਗਣ ਦੀ ਘਟਨਾ ਸਬੰਧੀ ਗੁਦਾਮ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਸਵੇਰੇ ਗੁਆਂਢੀਆਂ ਵੱਲੋਂ ਫੋਨ ਰਾਹੀਂ ਘਟਨਾ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਗੁਦਾਮ ਮਾਲਕ ਨੇ ਦੱਸਿਆ ਕਿ ਗੁਦਾਮ ਵਿੱਚ ਕੋਲਾ ਸਟੋਰ ਕੀਤਾ ਜਾਂਦਾ ਹੈ।
ਹਾਲਾਂਕਿ, ਰਿਹਾਇਸ਼ੀ ਇਲਾਕੇ ਵਿੱਚ ਕੋਲਾ, ਕਮਰਸ਼ੀਅਲ ਗੈਸ ਸਿਲੰਡਰਾਂ ਅਤੇ ਡੀਜ਼ਲ ਦੇ ਡਰੱਮਾਂ ਦੇ ਭੰਡਾਰਨ ਸਬੰਧੀ ਪੁੱਛੇ ਗਏ ਸਵਾਲਾਂ 'ਤੇ ਉਨ੍ਹਾਂ ਵੱਲੋਂ ਕੋਈ ਵਿਸਥਾਰਪੂਰਵਕ ਟਿੱਪਣੀ ਨਹੀਂ ਕੀਤੀ ਗਈ।
ਇਸ ਘਟਨਾ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਫਾਇਰ ਬ੍ਰਿਗੇਡ, ਪੁਲਿਸ ਅਤੇ ਸਥਾਨਕ ਲੋਕਾਂ ਦੇ ਸਾਂਝੇ ਯਤਨਾਂ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ।
- Download Babushahi App
-
-