ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਦੇ ਬਿਆਨ ਖਿਲਾਫ ਕਾਂਗਰਸ ਨੇ ਫੂਕਿਆ ਪੁਤਲਾ
ਅਸ਼ੋਕ ਵਰਮਾ
ਬਠਿੰਡਾ 19 ਜੂਨ 2026 : ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਵੱਲੋਂ ਪੰਜਾਬੀਆਂ ਬਾਰੇ ਕੀਤੀ ਅਪਮਾਨਜਨਕ ਟਿੱਪਣੀ ਅਤੇ ਵਿਵਾਦਤ ਬਿਆਨ ਦੇ ਮਾਮਲੇ ਵਿੱਚ ਅੱਜ ਬਠਿੰਡਾ ਸ਼ਹਿਰੀ ਕਾਂਗਰਸ ਦੇ ਆਗੂਆਂ ਨੇ ਪੁਤਲਾ ਫੂਕਿਆ । ਕਾਂਗਰਸੀ ਆਗੂਆਂ ਨੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਢਿੱਲੋ ਖਿਲਾਫ ਵੀ ਰੋਸ ਵਿਖਾਵਾ ਕੀਤਾ।
ਇਸ ਮੌਕੇ ਸਾਬਕਾ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ,ਸਾਬਕਾ ਜ਼ਿਲਾ ਪ੍ਰਧਾਨ ਅਰੁਣ ਵਧਾਵਨ ਅਤੇ ਮੀਤ ਪ੍ਰਧਾਨ ਤੇ ਪ੍ਰੈਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ ਤੇ ਨਰੇਸ ਗਰਗ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਕਾਂਗਰਸੀ ਆਗੂਆਂ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਵੱਲੋਂ ਕੀਤੀ ਵਿਵਾਦਤ ਟਿੱਪਣੀ ਦਾ ਨੋਟਿਸ ਲੈਂਦਿਆਂ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਇੱਕ ਸਮਾਗਮ ਦੌਰਾਨ ਮਲਹੋਤਰਾ ਨੇ ਪੰਜਾਬੀਆਂ ਨੂੰ ਇਮੋਸ਼ਨਲ ਬਲਡੀ ਫੂਲਜ ਕਰਾਰ ਦਿੱਤਾ ਸੀ ਜਿਸ ਤੋਂ ਭਾਜਪਾ ਲੀਡਰਸ਼ਿਪ ਦੀ ਪੰਜਾਬ ਵਿਰੋਧੀ ਮਾੜੀ ਮਾਨਸਿਕਤਾ ਸਾਹਮਣੇ ਆਉਂਦੀ ਹੈ।
ਉਹਨਾਂ ਮੰਗ ਕੀਤੀ ਕਿ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਮੌਜੂਦਗੀ ਵਿੱਚ ਪੰਜਾਬੀਆਂ ਪ੍ਰਤੀ ਵਿਵਾਦਤ ਬੋਲ ਬੋਲਣ ਵਾਲੇ ਚੰਡੀਗੜ੍ਹ ਦੇ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਖਿਲਾਫ ਕੇਸ ਦਰਜ ਕਰਵਾਇਆ ਜਾਵੇ ਅਤੇ ਉਹਨੂੰ ਪਾਰਟੀ ਵਿੱਚੋਂ ਕੱਢਿਆ ਜਾਵੇ। ਉੱਥੇ ਹੀ ਕੇਵਲ ਸਿੰਘ ਢਿੱਲੋ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਪੰਜਾਬੀ ਹੋਣ ਦੇ ਬਾਵਜੂਦ ਇਸ ਤਰਹਾਂ ਦੀ ਵਿਵਾਦਤ ਬਿਆਨਬਾਜੀ ਸੁਣਦੇ ਰਹੇ ਅਤੇ ਕੋਈ ਐਕਸ਼ਨ ਨਹੀਂ ਲਿਆ ਇਸ ਕਰਕੇ ਕਾਂਗਰਸ ਲੀਡਰਸ਼ਿਪ ਮੰਗ ਕਰਦੀ ਹੈ ਕਿ ਕੇਵਲ ਸਿੰਘ ਢਿੱਲੋਂ ਵੀ ਨੈਤਿਕਤਾ ਦੇ ਆਧਾਰ ਤੇ ਇਸਤੀਫਾ ਦੇਵੇ । ਕਾਂਗਰਸੀ ਆਗੂਆਂ ਨੇ ਕਿਹਾ ਕਿ ਹੈਰਾਨਗੀ ਦੀ ਗੱਲ ਹੈ ਕਿ ਚੰਡੀਗੜ੍ਹ ਭਾਜਪਾ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਦੀ ਮੌਜੂਦਗੀ ਵਿੱਚ ਆਏ ਇਸ ਵਿਵਾਦਤ ਬਿਆਨ ਪ੍ਰਤੀ ਭਾਜਪਾ ਲੀਡਰਸ਼ਿਪ ਚੁੱਪ ਕਿਉਂ ਹੈ। ਇਸ ਮੌਕੇ ਕਾਂਗਰਸੀ ਆਗੂਆਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿਰੋਧੀ ਸੋਚ ਰੱਖਣ ਵਾਲੀ ਭਾਜਪਾ ਨੂੰ ਮੂੰਹ ਨਾ ਲਾਇਆ ਜਾਵੇ ਅਤੇ ਕਾਂਗਰਸ ਦੇ ਹੱਥ ਮਜਬੂਤ ਕੀਤੇ ਜਾਣ।
- Download Babushahi App
-
-