Punjab Breaking: ਫੈਕਟਰੀ 'ਚ ਜ਼ਬਰਦਸਤ ਧਮਾਕਾ!
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਅੱਧੀ ਰਾਤ ਨੂੰ ਲਿਆ ਜਾਇਜ਼ਾ; ਮੀਡੀਆ ਨੂੰ ਕਵਰੇਜ ਕਰਨ ਤੋਂ ਰੋਕਿਆ
Kamaljeet Sandhu
ਬਰਨਾਲਾ, 10 ਜੂਨ 2026- ਬਰਨਾਲਾ ਦੇ ਅਧੀਨ ਆਉਂਦੇ ਪਿੰਡ ਫ਼ਤਿਹਗੜ੍ਹ ਛੰਨਾ ਵਿੱਚ ਸਥਿਤ 'ਆਈ.ਓ.ਐਲ. (IOL) ਕੈਮੀਕਲ ਫੈਕਟਰੀ' ਵਿੱਚ ਬੀਤੀ ਰਾਤ ਉਸ ਵੇਲੇ ਚੀਖ-ਪੁਕਾਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਫੈਕਟਰੀ ਦੀ ਇੱਕ ਯੂਨਿਟ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ ਭਿਆਨਕ ਅੱਗ ਲੱਗ ਗਈ। ਇਸ ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਇਲਾਕੇ ਵਿੱਚ ਹੜਕੰਪ ਮਚ ਗਿਆ।
ਪਰ ਰਾਹਤ ਦੀ ਵੱਡੀ ਖ਼ਬਰ ਇਹ ਰਹੀ ਕਿ ਉੱਥੇ ਮੌਜੂਦ ਮਜ਼ਦੂਰਾਂ ਦੀ ਸੂਝ-ਬੂਝ ਅਤੇ ਹਾਜ਼ਰ-ਜਵਾਬੀ ਸਦਕਾ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫੈਕਟਰੀ ਅਧਿਕਾਰੀ ਬਸੰਤ ਸਿੰਘ ਜਵੰਧਾ ਨੇ ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਹਾਦਸਾ ਰਾਤ ਕਰੀਬ 10:00 ਵਜੇ ਵਾਪਰਿਆ। ਉਸ ਸਮੇਂ ਫੈਕਟਰੀ ਦੀ 'ਯੂਨਿਟ ਨੰਬਰ 9' ਵਿੱਚ ਤਿੰਨ ਮਜ਼ਦੂਰ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਕਰ ਰਹੇ ਸਨ।
ਇਸੇ ਦੌਰਾਨ "ਮੋਨੈਕਸੀ" ਨਾਂ ਦੀ ਦਵਾਈ ਤਿਆਰ ਕਰਨ ਵਾਲੇ ਇੱਕ ਵੱਡੇ ਕੈਮੀਕਲ ਟੈਂਕ ਦਾ ਤਾਪਮਾਨ (Temperature) ਅਚਾਨਕ ਬਹੁਤ ਜ਼ਿਆਦਾ ਵਧ ਗਿਆ। ਖ਼ਤਰੇ ਦੀ ਘੰਟੀ ਨੂੰ ਪਛਾਣਦਿਆਂ, ਟੈਂਕ ਦੇ ਫਟਣ ਤੋਂ ਮਹਿਜ਼ ਕੁਝ ਪਲ ਪਹਿਲਾਂ ਹੀ ਤਿੰਨੋਂ ਮਜ਼ਦੂਰ ਯੂਨਿਟ ਤੋਂ ਬਾਹਰ ਵੱਲ ਭੱਜੇ। ਜਿਵੇਂ ਹੀ ਉਹ ਬਾਹਰ ਨਿਕਲੇ, ਟੈਂਕ ਦੇ ਪਰਖੱਚੇ ਉੱਡ ਗਏ ਅਤੇ ਇੱਕ ਜ਼ਬਰਦਸਤ ਧਮਾਕਾ ਹੋਇਆ।
ਮਜ਼ਦੂਰਾਂ ਦੀ ਇਸ ਤੁਰੰਤ ਪ੍ਰਤੀਕਿਰਿਆ ਨੇ ਨਾ ਸਿਰਫ਼ ਉਨ੍ਹਾਂ ਦੀ ਆਪਣੀ ਜਾਨ ਬਚਾਈ, ਬਲਕਿ ਫੈਕਟਰੀ ਨੂੰ ਇੱਕ ਵੱਡੀ ਮਨੁੱਖੀ ਤ੍ਰਾਸਦੀ ਤੋਂ ਵੀ ਬਚਾ ਲਿਆ। ਫੈਕਟਰੀ ਪ੍ਰਬੰਧਕਾਂ ਮੁਤਾਬਕ, ਮੌਕੇ 'ਤੇ ਲੱਗੇ ਸੁਰੱਖਿਆ ਉਪਕਰਨਾਂ ਦੇ ਸਹੀ ਸਮੇਂ 'ਤੇ ਚੱਲਣ ਕਾਰਨ ਵਿੱਤੀ ਨੁਕਸਾਨ ਵੀ ਕਾਫ਼ੀ ਹੱਦ ਤੱਕ ਸੀਮਤ ਰਿਹਾ ਹੈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਅਤੇ ਐਸ.ਐਸ.ਪੀ. ਮੁਹੰਮਦ ਸਰਫਰਾਜ਼ ਆਲਮ ਅੱਧੀ ਰਾਤ ਨੂੰ ਹੀ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਪ੍ਰਭਾਵਿਤ ਯੂਨਿਟ ਦਾ ਬਾਰੀਕੀ ਨਾਲ ਮੁਆਇਨਾ ਕੀਤਾ ਅਤੇ ਫੈਕਟਰੀ ਦੇ ਅੰਦਰੂਨੀ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਪੂਰੀ ਤਰ੍ਹਾਂ ਕੰਟਰੋਲ ਹੇਠ ਦੱਸਿਆ ਗਿਆ ਹੈ ਅਤੇ ਹਾਦਸੇ ਦੇ ਤਕਨੀਕੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਮੀਡੀਆ ਕਰਮਚਾਰੀਆਂ ਨੂੰ ਫੈਕਟਰੀ ਦੇ ਅੰਦਰ ਜਾ ਕੇ ਕਵਰੇਜ ਕਰਨ ਦੀ ਮਨਾਹੀ ਕਰ ਦਿੱਤੀ ਗਈ ਸੀ।
- Download Babushahi App
-
-