ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ: ‘ਆਪਸੀ ਸਹਿਮਤੀ ਨਾਲ ਬਣਾਏ ਸਰੀਰਕ ਸਬੰਧਾਂ ਦੇ ਆਧਾਰ ’ਤੇ ਕਿਸੇ ਦੇ ਚਰਿੱਤਰ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ’
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 9 ਜੂਨ: ਦੇਸ਼ ਦੀ ਸਰਵਉੱਚ ਅਦਾਲਤ (Supreme Court) ਨੇ ਨਿੱਜਤਾ ਅਤੇ ਨਿੱਜੀ ਸਬੰਧਾਂ ਨੂੰ ਲੈ ਕੇ ਇੱਕ ਬੇਹੱਦ ਅਹਿਮ ਅਤੇ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਜੇਕਰ ਦੋ ਬਾਲਗ (Adults) ਆਪਸੀ ਸਹਿਮਤੀ ਨਾਲ ਸਰੀਰਕ ਸਬੰਧ ਬਣਾਉਂਦੇ ਹਨ, ਤਾਂ ਇਸ ਨੂੰ ਉਸ ਸਬੰਧ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਦੇ ਚਰਿੱਤਰ (Character) ਬਾਰੇ ਕੋਈ ਮਾੜੀ ਜਾਂ ਉਲਟ ਰਾਏ ਬਣਾਉਣ ਦਾ ਆਧਾਰ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਦੇਸ਼ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਦੋ ਸਹਿਮਤ ਅਤੇ ਅਣਵਿਆਹੇ ਬਾਲਗਾਂ ਨੂੰ ਆਪਣੀ ਪਸੰਦ ਦੇ ਮੁਤਾਬਕ ਸਬੰਧ ਬਣਾਉਣ ਤੋਂ ਰੋਕਦਾ ਹੋਵੇ।
ਜਸਟਿਸ ਮਨਮੋਹਨ ਅਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਇਹ ਵੱਡੀ ਟਿੱਪਣੀ ਤਿਲੰਗਾਨਾ ਰਾਜ ਪੱਧਰੀ ਪੁਲੀਸ ਭਰਤੀ ਬੋਰਡ ਨੂੰ ਇੱਕ ਨੌਜਵਾਨ ਨੂੰ ਤੁਰੰਤ ਪੁਲੀਸ ਕਾਂਸਟੇਬਲ ਦੇ ਅਹੁਦੇ ‘ਤੇ ਨਿਯੁਕਤ ਕਰਨ ਦਾ ਨਿਰਦੇਸ਼ ਦਿੰਦਿਆਂ ਕੀਤੀ।
ਕੀ ਸੀ ਪੂਰਾ ਮਾਮਲਾ?
ਦਰਅਸਲ, ਇੱਕ ਉਮੀਦਵਾਰ ਦੀ ਚੋਣ ‘ਸਟਾਈਪੈਂਡਰੀ ਕੈਡੇਟ ਟਰੇਨੀ ਪੁਲੀਸ ਕਾਂਸਟੇਬਲ’ ਵਜੋਂ ਹੋਈ ਸੀ, ਪਰ ਭਰਤੀ ਬੋਰਡ ਨੇ ਉਸ ਦੀ ਨਿਯੁਕਤੀ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਸਾਲ 2014 ਵਿੱਚ ਉਸ ਖ਼ਿਲਾਫ਼ ‘ਵਿਆਹ ਦਾ ਝਾਂਸਾ ਦੇ ਕੇ ਜਬਰਜਨਾਹ’ ਦਾ ਇੱਕ ਮਾਮਲਾ ਦਰਜ ਹੋਇਆ ਸੀ, ਜੋ ਕਿ ‘ਨੈਤਿਕ ਨਿਘਾਰ’ (Moral Turpitude) ਨੂੰ ਦਰਸਾਉਂਦਾ ਹੈ। ਇਹ ਮਾਮਲਾ ਉਮੀਦਵਾਰ ਦੇ ਆਪਣੀ ਇੱਕ ਗੁਆਂਢੀ ਲੜਕੀ ਨਾਲ ਅਸਫ਼ਲ ਰਹੇ ਪ੍ਰੇਮ ਸਬੰਧਾਂ ਕਾਰਨ ਪੈਦਾ ਹੋਇਆ ਸੀ। ਭਰਤੀ ਬੋਰਡ ਦੇ ਇਸ ਫ਼ੈਸਲੇ ਖ਼ਿਲਾਫ਼ ਉਮੀਦਵਾਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।
ਸੁਪਰੀਮ ਕੋਰਟ ਦੀਆਂ ਸਖ਼ਤ ਟਿੱਪਣੀਆਂ
ਸਿਖਰਲੀ ਅਦਾਲਤ ਨੇ ਉਮੀਦਵਾਰ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਤਿਲੰਗਾਨਾ ਹਾਈ ਕੋਰਟ ਦੇ ਸਿੰਗਲ ਜੱਜ ਦੇ ਉਸ ਹੁਕਮ ਨੂੰ ਬਰਕਰਾਰ ਰੱਖਿਆ, ਜਿਸ ਵਿੱਚ ਉਮੀਦਵਾਰ ਦੀ ਨਿਯੁਕਤੀ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਸੀ। ਸੁਪਰੀਮ ਕੋਰਟ ਦੇ ਬੈਂਚ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ, ‘‘ਦੋ ਸਹਿਮਤ ਅਤੇ ਅਣਵਿਆਹੇ ਬਾਲਗਾਂ ਵਿਚਕਾਰ ਬਣੇ ਸਰੀਰਕ ਸਬੰਧ ਆਪਣੇ ਆਪ ਵਿੱਚ ਉਸ ਸਬੰਧ ’ਚ ਸ਼ਾਮਲ ਵਿਅਕਤੀ ਦੇ ਚਰਿੱਤਰ ’ਤੇ ਕੋਈ ਮਾੜਾ ਪ੍ਰਭਾਵ ਪਾਉਣ ਦਾ ਆਧਾਰ ਨਹੀਂ ਹੋ ਸਕਦੇ ਅਤੇ ਨਾ ਹੀ ਅਜਿਹਾ ਹੋਣਾ ਚਾਹੀਦੀ ਹੈ। ਦੋ ਬਾਲਗਾਂ ਦੇ ਆਪਸੀ ਸਬੰਧਾਂ ਨੂੰ ਉਨ੍ਹਾਂ ਦੇ ਚਰਿੱਤਰ ਹਨਨ ਦਾ ਹਥਿਆਰ ਨਹੀਂ ਬਣਾਇਆ ਜਾ ਸਕਦਾ।’’
- Download Babushahi App
-
-