12 ਪਿੰਡਾਂ ਦੀਆਂ ਪੰਚਾਇਤਾਂ ਨੇ ਟਾਇਰ ਫੈਕਟਰੀ ਵਿਰੁੱਧ ਇਕਜੁਟ, ਮਿਸਲ ਸਤਲੁਜ ਵੱਲੋਂ ਸੰਘਰਸ਼ ਨੂੰ ਪੂਰਾ ਸਮਰਥਨ: ਬੀਬੀ ਛੀਨਾ
ਬਹਾਦਰਗੜ੍ਹ 10 ਜੂਨ 2026- ਪਿੰਡ ਦੌਣ ਕਲਾਂ ਵਿਖੇ ਚੱਲ ਰਹੇ ਟਾਇਰ ਫੈਕਟਰੀ ਵਿਰੋਧੀ ਸੰਘਰਸ਼ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਮਿਸਲ ਸਤਲੁਜ ਦੇ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਸਮੀਤ ਕੌਰ ਛੀਨਾ ਦੀ ਅਗਵਾਈ ਹੇਠ ਜਥੇਬੰਦੀ ਦੇ ਕਾਰਕੁਨਾਂ ਨੇ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਪ੍ਰਭਾਵਿਤ ਲੋਕਾਂ ਨਾਲ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ 12 ਪਿੰਡਾਂ ਦੀਆਂ ਪੰਚਾਇਤਾਂ ਨੇ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਇਹ ਸਪੱਸ਼ਟ ਕੀਤਾ ਕਿ ਲੋਕ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਟਾਇਰ ਫੈਕਟਰੀ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਪੰਚਾਇਤਾਂ ਦਾ ਮੰਨਣਾ ਹੈ ਕਿ ਫੈਕਟਰੀ ਦੀ ਕਾਰਗੁਜ਼ਾਰੀ ਕਾਰਨ ਇਲਾਕੇ ਦੇ ਲੋਕਾਂ, ਪਸ਼ੂਧਨ ਅਤੇ ਖੇਤੀਬਾੜੀ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਬੀਬੀ ਜਸਮੀਤ ਕੌਰ ਛੀਨਾ ਨੇ ਕਿਹਾ ਕਿ ਫੈਕਟਰੀ ਵਿੱਚ ਟਾਇਰਾਂ ਦੀ ਰੀਸਾਈਕਲਿੰਗ ਦੌਰਾਨ ਨਿਕਲਣ ਵਾਲਾ ਧੂੰਆਂ ਅਤੇ ਪ੍ਰਦੂਸ਼ਣ ਲੋਕਾਂ ਲਈ ਸਿਹਤ ਸੰਬੰਧੀ ਵੱਡਾ ਖ਼ਤਰਾ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਵਸਨੀਕਾਂ ਨੂੰ ਅਸਥਮਾ ਅਤੇ ਸਾਹ ਨਾਲ ਜੁੜੀਆਂ ਹੋਰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਤੋਂ ਨਿਕਲਣ ਵਾਲੀ ਕਾਲਖ ਕਾਰਨ ਕਣਕ ਅਤੇ ਹੋਰ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਇੱਥੋਂ ਤੱਕ ਕਿ ਪ੍ਰਦੂਸ਼ਿਤ ਚਾਰੇ ਨੂੰ ਖਾਣ ਕਾਰਨ ਪਸ਼ੂ ਵੀ ਬਿਮਾਰ ਹੋ ਰਹੇ ਹਨ।
ਬੀਬੀ ਛੀਨਾ ਨੇ ਦੋਸ਼ ਲਗਾਇਆ ਕਿ ਫੈਕਟਰੀ ਵਿੱਚ ਪ੍ਰਦੂਸ਼ਣ ਰੋਕਣ ਲਈ ਲੋੜੀਂਦਾ ਟਰੀਟਮੈਂਟ ਪਲਾਂਟ ਮੌਜੂਦ ਨਹੀਂ ਹੈ ਅਤੇ ਰੀਸਾਈਕਲਿੰਗ ਪ੍ਰਕਿਰਿਆ ਦੌਰਾਨ ਫੈਲਣ ਵਾਲੀ ਬਦਬੂ ਨਾਲ ਆਲੇ ਦੁਆਲੇ ਦੇ ਇਲਾਕਿਆਂ ਦੇ ਲੋਕਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਰ ਰਹੇ ਲੋਕਾਂ ਵੱਲੋਂ ਐਸ.ਡੀ.ਐਮ. ਤੋਂ ਲੈ ਕੇ ਡਿਪਟੀ ਕਮਿਸ਼ਨਰ ਪਟਿਆਲਾ ਤੱਕ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਹਨ, ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ।
ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਲੋਕਾਂ ਇਸ ਸਮਸਿਆ ਨੂੰ ਅਣਡਿੱਠਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮਿਸਲ ਸਤਲੁਜ ਹਮੇਸ਼ਾ ਲੋਕਾਂ ਦੇ ਸਿਹਤ, ਵਾਤਾਵਰਣ ਅਤੇ ਜੀਵਨ ਅਧਿਕਾਰਾਂ ਦੀ ਰੱਖਿਆ ਲਈ ਚੱਲ ਰਹੀਆਂ ਜਨ-ਲਹਿਰਾਂ ਦੇ ਨਾਲ ਖੜ੍ਹੀ ਰਹੇਗੀ।
ਇਸ ਮੌਕੇ ਮਿਸਲ ਸਤਲੁਜ ਦੇ ਸਰਗਰਮ ਮੈਂਬਰਾਂ ਵਿੱਚ ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਹਰਜੀਤ ਕੌਰ, ਸਰਦਾਰ ਗੁਰਪ੍ਰੀਤ ਸਿੰਘ, ਸਰਦਾਰ ਕੁਲਦੀਪ ਸਿੰਘ, ਸ੍ਰੀ ਪ੍ਰਦੀਪ ਕੁਮਾਰ ਪਰਵਾਨਾ ਅਤੇ ਹੋਰ ਆਗੂ ਤੇ ਕਾਰਕੁਨ ਵੀ ਹਾਜ਼ਰ ਸਨ।
- Download Babushahi App
-
-