ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਜੁੜੇ ਇਤਿਹਾਸਕ ਅਸਥਾਨਾਂ ਦੀ ਸੰਭਾਲ ਸਮੇਂ ਦੀ ਮੁੱਖ ਲੋੜ : ਡਾ. ਜੋਸਨ
8 ਜੂਨ 2026 : ਬੁਖਾਰਾ (ਉਜ਼ਬੇਕਿਸਤਾਨ) ਪਹਿਲੀ ਉਦਾਸੀ ਦੌਰਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਰਨ-ਛੋਹ ਪ੍ਰਾਪਤ ਮੱਧ ਏਸ਼ੀਆ ਦੇ ਇਤਿਹਾਸਕ ਸ਼ਹਿਰ ਬੁਖਾਰਾ ਦੇ ਅਹਿਮ ਧਾਰਮਿਕ ਅਤੇ ਵਿਰਾਸਤੀ ਸਥਾਨ ਅੱਜ ਵੀ ਸਿੱਖ ਇਤਿਹਾਸ ਨਾਲ ਜੁੜੀਆਂ ਅਮੁੱਲੀਆਂ ਯਾਦਾਂ ਨੂੰ ਸਾਂਭੀ ਬੈਠੇ ਹਨ। ਇਨ੍ਹਾਂ ਸਥਾਨਾਂ ਦਾ ਦੌਰਾ ਕਰਦਿਆਂ “ਸਿੱਖਸ ਇੰਨ ਅਮੈਰਿਕਾ” ਦੇ ਸੰਸਥਾਪਕ ਪ੍ਰਧਾਨ ਡਾ. ਗੁਰਿੰਦਰਪਾਲ ਸਿੰਘ ਜੋਸਨ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਨਾਲ ਸਬੰਧਿਤ ਇਤਿਹਾਸਕ ਤੱਥਾਂ ਨੂੰ ਸਾਂਝਾ ਕੀਤਾ।ਇੱਥੇ ਜ਼ਿਕਰਯੋਗ ਹੈ ਕਿ ਡਾ. ਗੁਰਿੰਦਰਪਾਲ ਸਿੰਘ ਜੋਸਨ ਇਨ੍ਹਾਂ ਦਿਨਾਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਸਬੰਧਿਤ ਉਨ੍ਹਾਂ ਸਾਰੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੀ ਤੀਰਥ ਯਾਤਰਾ ‘ਤੇ ਹਨ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਦੇ ਸਾਥ ਨਾਲ ਆਪਣੇ ਵਿਸ਼ਵ-ਭਾਈਚਾਰੇ, ਮਨੁੱਖਤਾ ਅਤੇ ਇੱਕ ਪਰਮਾਤਮਾ ਦੀ ਬੰਦਗੀ ਦੇ ਸੰਦੇਸ਼ ਦਾ ਪ੍ਰਚਾਰ ਕਰਦਿਆਂ ਯਾਤਰਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਤਾਸ਼ਕੰਦ, ਸਮਰਕੰਦ ਅਤੇ ਬੁਖਾਰਾ ਸਮੇਤ ਮੱਧ ਏਸ਼ੀਆ ਦੇ ਕਈ ਖੇਤਰਾਂ ਵਿੱਚ ਪਹੁੰਚੇ ਸਨ। ਉਸ ਸਮੇਂ ਬੁਖਾਰਾ ਇੱਕ ਪ੍ਰਸਿੱਧ ਵਪਾਰਕ ਅਤੇ ਸੱਭਿਆਚਾਰਕ ਕੇਂਦਰ ਸੀ, ਜਿੱਥੇ ਵੱਖ-ਵੱਖ ਧਰਮਾਂ ਅਤੇ ਕੌਮਾਂ ਦੇ ਲੋਕ ਵੱਸਦੇ ਸਨ। ਗੁਰੂ ਸਾਹਿਬ ਨੇ ਇੱਥੇ ਵਸਨੀਕਾਂ ਨੂੰ ਇੱਕ ਪਰਮਾਤਮਾ ਦੀ ਭਗਤੀ, ਮਨੁੱਖੀ ਏਕਤਾ, ਆਪਸੀ ਭਾਈਚਾਰੇ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।
ਬੁਖਾਰਾ ਦਾ ਇਹ ਇਤਿਹਾਸਕ ਸਥਾਨ ਕਦੇ ਵਿਸ਼ਵ ਪ੍ਰਸਿੱਧ ਵਪਾਰਕ ਕੇਂਦਰ ਰਿਹਾ ਹੈ। ਇੱਥੇ ਅੱਜ ਵੀ ਪੁਰਾਤਨ ਬਾਜ਼ਾਰਾਂ ਅਤੇ ਦੁਕਾਨਾਂ ਦੇ ਅਵਸ਼ੇਸ਼ ਮੌਜੂਦ ਹਨ, ਜੋ ਸਿਲਕ ਰੂਟ ਦੇ ਸ਼ਾਨਦਾਰ ਵਪਾਰਕ ਇਤਿਹਾਸ ਦੀ ਗਵਾਹੀ ਦਿੰਦੇ ਹਨ। ਇਤਿਹਾਸ ਅਨੁਸਾਰ ਇਸ ਕੇਂਦਰ ਵਿੱਚ ਪੰਜ ਵਿਸ਼ੇਸ਼ ਬਾਜ਼ਾਰ ਸਨ। ਸਰਾਫ਼ਾ ਬਾਜ਼ਾਰ ਵਿੱਚ ਵੱਖ-ਵੱਖ ਦੇਸ਼ਾਂ ਦੇ ਵਪਾਰੀ ਆਪਣੀ ਕਰੰਸੀ ਦਾ ਵਟਾਂਦਰਾ ਕਰਦੇ ਸਨ। ਗਹਿਣਿਆਂ ਦੇ ਬਾਜ਼ਾਰ ਵਿੱਚ ਸੋਨੇ, ਚਾਂਦੀ ਅਤੇ ਹੋਰ ਕੀਮਤੀ ਧਾਤਾਂ ਦੇ ਗਹਿਣਿਆਂ ਦਾ ਵਪਾਰ ਹੁੰਦਾ ਸੀ, ਜਦਕਿ ਇੱਕ ਹੋਰ ਬਾਜ਼ਾਰ ਟੋਪੀਆਂ ਅਤੇ ਸਿਰੋਪਿਆਂ ਲਈ ਪ੍ਰਸਿੱਧ ਸੀ। ਬਾਕੀ ਬਾਜ਼ਾਰਾਂ ਵਿੱਚ ਕੱਪੜਿਆਂ, ਮਸਾਲਿਆਂ ਅਤੇ ਹੋਰ ਵਪਾਰਕ ਵਸਤਾਂ ਦੀ ਖਰੀਦੋ-ਫਰੋਖ਼ਤ ਕੀਤੀ ਜਾਂਦੀ ਸੀ।
ਸਮੇਂ ਦੇ ਨਾਲ ਹੋਏ ਰਾਜਨੀਤਿਕ ਅਤੇ ਸਮਾਜਿਕ ਤਬਦੀਲੀਆਂ ਕਾਰਨ ਇਨ੍ਹਾਂ ਵਿੱਚੋਂ ਕਈ ਬਾਜ਼ਾਰ ਨਸ਼ਟ ਹੋ ਗਏ, ਪਰ ਅੱਜ ਵੀ ਤਿੰਨ ਇਤਿਹਾਸਕ ਬਾਜ਼ਾਰ ਸਰਗਰਮ ਹਨ ਅਤੇ ਸਥਾਨਕ ਸੱਭਿਆਚਾਰ ਅਤੇ ਵਿਰਾਸਤ ਦੀ ਝਲਕ ਪੇਸ਼ ਕਰਦੇ ਹਨ। ਇਨ੍ਹਾਂ ਸਥਾਨਾਂ 'ਤੇ ਅੱਜ ਵੀ ਰਵਾਇਤੀ ਕੱਪੜੇ, ਹੱਥ-ਕਲਾਵਾਂ ਅਤੇ ਗਹਿਣੇ ਵੇਚੇ ਜਾਂਦੇ ਹਨ।
ਡਾ. ਜੋਸਨ ਨੇ ਦੱਸਿਆ ਕਿ ਇਸ ਇਤਿਹਾਸਕ ਖੇਤਰ ਵਿੱਚ ਇੱਕ ਪ੍ਰਾਚੀਨ ਦਰੱਖਤ ਵੀ ਮੌਜੂਦ ਹੈ, ਜਿਸ ਬਾਰੇ ਸਥਾਨਕ ਪਰੰਪਰਾਵਾਂ ਵਿੱਚ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਨੇ ਇੱਥੇ ਆਰਾਮ ਕੀਤਾ ਸੀ। ਇੱਥੇ ਕੀਰਤਨ ਅਤੇ ਉਪਦੇਸ਼ ਰਾਹੀਂ ਲੋਕਾਂ ਨੂੰ ਸੱਚ, ਪ੍ਰੇਮ, ਸਹਿਣਸ਼ੀਲਤਾ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਨ੍ਹਾਂ ਇਤਿਹਾਸਕ ਸਥਾਨਾਂ ਦੀ ਖੋਜ ਅਤੇ ਦਸਤਾਵੇਜ਼ੀਕਰਨ ਕਰਨਾ ਸਮੇਂ ਦੀ ਲੋੜ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਅਮੀਰ ਵਿਰਸੇ ਅਤੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਸੰਦੇਸ਼ ਅੱਜ ਵੀ ਸੰਸਾਰ ਲਈ ਉਨਾ ਹੀ ਪ੍ਰਸੰਗਿਕ ਹੈ ਜਿੰਨਾ ਪੰਜ ਸਦੀਆਂ ਪਹਿਲਾਂ ਸੀ।
- Download Babushahi App
-
-